Mar 7, 2026

ਮੁੱਖ ਮੰਤਰੀ ਦਾ ਚਿਹਰਾ ਬਣਾੳੁਣ ’ਤੇ ਹੀ ਰਾਜਨੀਤੀ ਵਿਚ ਵਾਪਸੀ ਕਰਨਗੇ ਨਵਜੋਤ ਸਿੰਘ ਸਿੱਧੂ; ਸਾਬਕਾ ਵਿਧਾਇਕ ਦੇ ਬਿਆਨ ਨਾਲ ਸਿਆਸੀ ਤੂਫ਼ਾਨ ਆਇਆ

ਚੰਡੀਗੜ੍ਹ-ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇਹ ਦੋਸ਼ ਲਗਾ ਕੇ ਪੰਜਾਬ ਵਿੱਚ ਸਿਆਸੀ ਤੂਫ਼ਾਨ ਮਚਾ ਦਿੱਤਾ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਨਾਲ ਭਰਿਆ ਸੂਟਕੇਸ ਦੇਣਾ ਪੈਂਦਾ ਹੈ ਜੋ ਉਨ੍ਹਾਂ ਦਾ ਪਤੀ ਨਹੀਂ ਦੇ ਸਕਦਾ। ਸਾਬਕਾ ਵਿਧਾਇਕ ਨੇ ਸ਼ਨਿਚਰਵਾਰ ਸ਼ਾਮ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਸੂਬੇ ਵਿੱਚ ਵਿਗੜੀ ਕਾਨੂੰਨ ਵਿਵਸਥਾ ਸਣੇ ਹੋਰ ਮੁੱਦਿਆਂ ’ਤੇ ਗੱਲਬਾਤ ਕੀਤੀ। ਹਾਲਾਂਕਿ ਉਨ੍ਹਾਂ ਨੇ ਇਹ ਟਿੱਪਣੀ ਕਰਦੇ ਵੇਲੇ ਕਿਸੇ ਪਾਰਟੀ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਨੇ ਖਾਸ ਤੌਰ ’ਤੇ ਕਿਹਾ ਕਿ ਸਿੱਧੂ ਸਰਗਰਮ ਰਾਜਨੀਤੀ ਵਿੱਚ ਤਾਂ ਹੀ ਵਾਪਸ ਆਉਣਗੇ ਜੇਕਰ ਉਨ੍ਹਾਂ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਬਣਾਇਆ ਜਾਂਦਾ ਹੈ।

ਨਵਜੋਤ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਬਹੁਤ ਜ਼ਿਆਦਾ ਗੁੱਟਬਾਜ਼ੀ ਹੈ ਤੇ ਇੱਥੇ ਕਈ ਜਣੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਚੋਣ ਲੜਨ ਲਈ ਇਕ ਦੂਜੇ ਨੂੰ ਨੀਚਾ ਦਿਖਾ ਰਹੇ ਹਨ। ਉਨ੍ਹਾਂ ਕਿਹਾ, ‘ਪਹਿਲਾਂ ਹੀ ਕਾਂਗਰਸ ਕੋਲ ਪੰਜ ਮੁੱਖ ਮੰਤਰੀ ਚਿਹਰੇ ਹਨ ਜੋ ਪਾਰਟੀ ਨੂੰ ਹਰਾਉਣ ਵਿੱਚ ਰੁੱਝੇ ਹੋਏ ਹਨ।’ ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਲਈ ਕੋਈ ਪੈਸਾ ਨਹੀਂ ਹੈ, ਪਰ ਉਹ ਪੰਜਾਬ ਨੂੰ ਇੱਕ ਸੁਨਹਿਰੀ ਰਾਜ ਵਿੱਚ ਬਦਲ ਸਕਦੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਉਸ ਦੇ ਪਤੀ ਕਾਂਗਰਸ ਅਤੇ ਪਾਰਟੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਨ।