ਪਣਜੀ-ਉੱਤਰੀ ਗੋਆ ਵਿੱਚ ਸਥਿਤ ‘ਬਰਚ ਬਾਈ ਰੋਮੀਓ ਲੇਨ’ ਨਾਈਟ ਕਲੱਬ ’ਚ ਬੀਤੀ ਦੇਰ ਰਾਤ ਵਾਪਰੇ ਭਿਆਨਕ ਅੱਗ ਹਾਦਸੇ ਵਿੱਚ 25 ਜਣਿਆਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਜ਼ਖ਼ਮੀ ਹਨ। ਮ੍ਰਿਤਕਾਂ ਵਿੱਚ 4 ਸੈਲਾਨੀ ਅਤੇ 14 ਸਟਾਫ ਮੈਂਬਰ ਸ਼ਾਮਲ ਹਨ। ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਪ੍ਰਸ਼ਾਸਨਿਕ ਲਾਪਰਵਾਹੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਸ੍ਰੀ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਨੇ ਦੱਸਿਆ ਕਿ ਪੁਲੀਸ ਨੇ ਕਲੱਬ ਦੇ ਚੀਫ ਜਨਰਲ ਮੈਨੇਜਰ ਰਾਜੀਵ ਮੋਦਕ, ਜਨਰਲ ਮੈਨੇਜਰ ਵਿਵੇਕ ਸਿੰਘ, ਬਾਰ ਮੈਨੇਜਰ ਰਾਜੀਵ ਸਿੰਘਾਨੀਆ ਅਤੇ ਗੇਟ ਮੈਨੇਜਰ ਰਿਆਂਸ਼ੂ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਹੈ। ਕਲੱਬ ਦੇ ਮਾਲਕਾਂ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਖਿਲਾਫ਼ ਐੱਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਹਿਰਾਸਤ ਵਿੱਚ ਲਿਆ ਜਾਵੇਗਾ। 2013 ਵਿੱਚ ਟਰੇਡ ਲਾਇਸੈਂਸ ਜਾਰੀ ਕਰਨ ਵਾਲੇ ਅਰਪੋਰਾ-ਨਾਗੋਆ ਪੰਚਾਇਤ ਦੇ ਸਰਪੰਚ ਰੋਸ਼ਨ ਰੈਡਕਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਅੱਗ ਸ਼ਨਿਚਰਵਾਰ ਰਾਤ 11:45 ਵਜੇ ਅੱਗ ‘ਇਲੈਕਟ੍ਰਿਕ ਪਟਾਕਿਆਂ’ ਕਾਰਨ ਲੱਗੀ ਸੀ। ਸਰਕਾਰ ਨੇ ਦੱਖਣੀ ਗੋਆ ਦੇ ਕੁਲੈਕਟਰ, ਫਾਇਰ ਬ੍ਰਿਗੇਡ ਦੇ ਡਿਪਟੀ ਡਾਇਰੈਕਟਰ ਅਤੇ ਫੋਰੈਂਸਿਕ ਲੈਬਾਰਟਰੀ ਦੇ ਡਾਇਰੈਕਟਰ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜੋ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਸੌਂਪੇਗੀ। ਦਿੱਲੀ ਤੋਂ ਆਈ ਸੈਲਾਨੀ ਰੀਆ ਨੇ ਦੱਸਿਆ ਕਿ ਜਦੋਂ ਡਾਂਸਰ ਪੇਸ਼ਕਾਰੀ ਕਰ ਰਹੇ ਸਨ ਤਾਂ ਚਾਰੇ ਪਾਸੇ ਪਟਾਕੇ ਚਲਾਏ ਗਏ, ਜਿਸ ਕਾਰਨ ਅੱਗ ਲੱਗ ਗਈ ਅਤੇ ਭਗਦੜ ਮੱਚ ਗਈ। ਹੈਦਰਾਬਾਦ ਦੀ ਫਾਤਿਮਾ ਸ਼ੇਖ ਨੇ ਦੱਸਿਆ ਕਿ ਕਲੱਬ ਭਰਿਆ ਹੋਇਆ ਸੀ ਅਤੇ ਅੱਗ ਲੱਗਣ ਮਗਰੋਂ ਲੋਕਾਂ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਮਿਲਿਆ। ਪਾਮ ਦੇ ਪੱਤਿਆਂ ਨਾਲ ਬਣੀ ਆਰਜ਼ੀ ਛੱਤ ਨੇ ਅੱਗ ਹੋਰ ਭੜਕਾ ਦਿੱਤੀ। ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਤੰਗ ਗਲੀਆਂ ਕਾਰਨ ਗੱਡੀਆਂ ਮੌਕੇ ’ਤੇ ਪਹੁੰਚਣ ਵਿੱਚ ਭਾਰੀ ਮੁਸ਼ਕਲ ਆਈ ਅਤੇ ਟੈਂਕਰ 400 ਮੀਟਰ ਦੂਰ ਖੜ੍ਹੇ ਕਰਨੇ ਪਏ। ਜ਼ਿਆਦਾਤਰ ਮੌਤਾਂ ਸਾਹ ਘੁਟਣ ਕਾਰਨ ਹੋਈਆਂ ਕਿਉਂਕਿ ਪੀੜਤ ਹੇਠਲੀ ਮੰਜ਼ਿਲ ’ਤੇ ਰਸੋਈ ਵਾਲੇ ਪਾਸੇ ਫਸ ਗਏ ਸਨ। ਸਰਪੰਚ ਰੈਡਕਰ ਨੇ ਖੁਲਾਸਾ ਕੀਤਾ ਕਿ ਕਲੱਬ ਦੀ ਉਸਾਰੀ ਗੈਰ-ਕਾਨੂੰਨੀ ਸੀ ਅਤੇ ਇਸ ਨੂੰ ਢਾਹੁਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ’ਤੇ ਉੱਚ ਅਧਿਕਾਰੀਆਂ ਨੇ ਰੋਕ ਲਗਾ ਦਿੱਤੀ ਸੀ।