ਸਰੀ ਨਿਵਾਸੀਆਂ ਵੱਲੋਂ ਸਰੀ ਵਿੱਚ ਸੁਰੱਖਿਆ ਲਈ ਸਾਂਝੀ ਅਪੀਲ
ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਅੱਜ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿੱਚ ਵਧ ਰਹੀਆਂ ਫ਼ਿਰੋਤੀ–ਧਮਕੀ ਕਾਲਾਂ, ਗੋਲੀਬਾਰੀ ਅਤੇ ਜੁਰਮ ਵਿਰੁੱਧ ਅਰਦਾਸ ਅਤੇ ਇਕੱਠ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਸੁਖ ਚੀਮਾ ਅਤੇ ਐਮ ਐਲ ਏ ਮਨਦੀਪ ਧਾਲੀਵਾਲ ਵੱਲੋਂ ਕੀਤਾ ਗਿਆ ਸੀ।
ਇਸ ਮੌਕੇ ‘ਤੇ ਕੰਜ਼ਰਵੇਟਿਵ ਪਾਰਟੀ ਬੀ.ਸੀ. ਦੇ ਅਪੋਜ਼ੀਸ਼ਨ ਲੀਡਰ ਜੋਨ ਰੈਸਟਡ, ਐਮਐਲਏ ਮਨਦੀਪ ਸਿੰਘ ਧਾਲੀਵਾਲ, ਐਮ ਐਲ ਏ ਬਰਾਇਨ ਟੇਪਰ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਰਹੇ।
ਇਸ ਮੌਕੇ ਜੋਨ ਰੈਸਟਡ ਨੇ ਸੰਬੋਧਨ ਕਰਦੇ ਹੋਏ ਕਿਹਾ: “ਅਸੀਂ ਤੁਹਾਡੇ ਨਾਲ ਖੜੇ ਹਾਂ। ਬੀ.ਸੀ. ਵਿੱਚ ਜੁਰਮ ਦਾ ਇਹ ਵਧਦਾ ਮਾਹੌਲ ਕਬੂਲ ਨਹੀਂ। ਲੋਕ ਡਰ ਦੇ ਸਾਏ ਵਿੱਚ ਨਹੀਂ ਜੀ ਸਕਦੇ। ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਪੈਣਗੇ ਤਾਂ ਜੋ ਹਰ ਪਰਿਵਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ। ਅਸੀਂ ਇਸ ਮੁੱਦੇ ਨੂੰ ਹਉਲੇ ਨਹੀਂ ਜਾਣ ਦੇਵਾਂਗੇ।”
ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਨੇ ਕਿਹਾ: “ਇਹ ਸਾਡੇ ਇਲਾਕੇ ਦੇ ਲੋਕਾਂ ਦੀ ਲੜਾਈ ਹੈ। ਅਸੀਂ ਲਗਾਤਾਰ ਜੁਰਮ, ਧਮਕੀਆਂ ਅਤੇ ਗੋਲੀਬਾਰੀ ਦੇ ਮਾਮਲਿਆਂ ਨੂੰ ਭੁਗਤ ਨਹੀਂ ਸਕਦੇ। ਮੈਂ ਹਰ ਪਰਿਵਾਰ ਦੀ ਆਵਾਜ਼ ਬਣਾ ਕੇ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਸਭ ਤੋਂ ਉੱਚੇ ਪੱਧਰ ਤੇ ਰੱਖਾਂਗਾ। ਸੁਰੱਖਿਆ ਹੱਕ ਹੈ — ਹੁਣ ਕੜੇ ਕਦਮ ਲਾਜ਼ਮੀ ਹਨ।” ਇਕੱਠੇ ਹੋਏ ਲੋਕਾਂ ਨੇ ਪ੍ਰਾਰਥਨਾ ਕੀਤੀ ਕਿ ਪਰਿਵਾਰ ਸੁਰੱਖਿਅਤ ਰਹਿਣ ਅਤੇ ਬੀ.ਸੀ. ਵਿੱਚ ਫੈਲ ਰਹੇ ਜੁਰਮ ਨੂੰ ਖਤਮ ਕਰਨ ਲਈ ਅਸਲ ਕਾਰਵਾਈ ਸ਼ੁਰੂ ਹੋਵੇ।ਸਾਰੇ ਆਗੂਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬੀ.ਸੀ. ਦੇ ਲੋਕ ਬਿਹਤਰ ਸੁਰੱਖਿਆ ਦੇ ਹੱਕਦਾਰ ਹਨ, ਅਤੇ ਹੁਣ ਬਦਲਾਅ ਦੀ ਲੋੜ ਹੈ।

