ਸਰੀ, (ਮਹੇਸ਼ਇੰਦਰ ਸਿੰਘ ਮਾਂਗਟ )- ਸਰੀ ਵਿੱਚ ਹੋਈ ਗੋਲੀਬਾਰੀ ਦੀ ਜਾਂਚ ਵਿੱਚ ਵੱਡੀ ਸਫਲਤਾ ਉਸ ਸਮੇਂ ਮਿਲੀ ਜਦੋਂ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਦੀ ਮਿਹਨਤ ਤੋਂ ਬਾਅਦ 21 ਸਾਲ ਦੇ ਨੌਜਵਾਨ ’ਤੇ ਸਖ਼ਤ ਚਾਰਜ ਲਗਾ ਕੇ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਚਾਰਜ 12 ਨਵੰਬਰ 2025 ਦੀ ਸ਼ਾਮ 7:35 ਵਜੇ ਹੋਈ ਗੋਲੀਬਾਰੀ ਨਾਲ ਜੁੜਿਆ ਹੈ, ਜਦੋਂ ਸਰੀ ਆਰ.ਸੀ.ਐਮ.ਪੀ. ਨੂੰ 17000 ਬਲਾਕ, 32 ਐਵੇਨਿਊ ’ਤੇ ਇੱਕ ਘਰ ਬਾਹਰ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਸਰੀ ਪੁਲਿਸ ਸਰਵਿਸ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਤੇ ਉਸੇ ਵੇਲੇ ਪਬਲਿਕ ਅਲਰਟ ਵੀ ਜਾਰੀ ਕੀਤਾ ਗਿਆ।
ਮਾਮਲਾ ਗੰਭੀਰ ਹੋਣ ਕਰਕੇ ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਨੇ ਜਾਂਚ ਆਪਣੇ ਹੱਥ ਵਿੱਚ ਲਈ ਅਤੇ ਕਈ ਹੋਰ ਪੁਲਿਸ ਏਜੰਸੀਆਂ ਨਾਲ ਮਿਲ ਕੇ ਇਸ ਨੂੰ ਅੱਗੇ ਵਧਾਇਆ। ਇਹ ਮਾਮਲਾ ਇੱਕ ਮੁੱਖ ਪੀੜਤ ਨਾਲ ਜੁੜੇ ਕਈ ਹੋਰ ਘਟਨਾਵਾਂ ਦੇ ਸਿਲਸਿਲੇ ਦਾ ਹਿੱਸਾ ਵੀ ਮੰਨਿਆ ਜਾ ਰਿਹਾ ਹੈ।
ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਬੀ.ਸੀ. ਪ੍ਰੋਸਿਕਿਊਸ਼ਨ ਸਰਵਿਸ ਨੇ 21 ਸਾਲ ਦੇ ਅਵਤਾਰ ਸਿੰਘ ਨਾਮ ਦੇ ਨੌਜਵਾਨ ਦੇ ਵਿਰੁੱਧ ਗੈਰਕਾਨੂੰਨੀ ਤਰੀਕੇ ਨਾਲ ਫਾਇਰਆਰਮ ਚਲਾਉਣ ਦੇ ਚਾਰਜ ਲਗਾਏ ਹਨ।
ਅਵਤਾਰ ਸਿੰਘ ਨੂੰ 5 ਦਸੰਬਰ 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਹਾਲੇ ਵੀ ਹਿਰਾਸਤ ਵਿੱਚ ਹੈ। ਉਸ ਦੀ ਅਗਲੀ ਅਦਾਲਤੀ ਪੇਸ਼ੀ 10 ਦਸੰਬਰ 2025 ਲਈ ਨਿਰਧਾਰਤ ਹੈ।
ਭਾਵੇਂ ਚਾਰਜ ਲੱਗ ਗਏ ਹਨ, ਪੁਲਿਸ ਦਾ ਕਹਿਣਾ ਹੈ ਕਿ ਜਾਂਚ ਹਾਲੇ ਵੀ ਜਾਰੀ ਹੈ ਤੇ ਖਤਮ ਨਹੀਂ ਹੋਈ।
ਬੀ.ਸੀ. ਆਰ.ਸੀ.ਐਮ.ਪੀ. ਦੇ ਅਸਿਸਟੈਂਟ ਕਮਿਸ਼ਨਰ ਜਾਨ ਬ੍ਰੂਅਰ ਨੇ ਕਿਹਾ, “ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਮਜ਼ਬੂਤ ਜਾਂਚ ਕਰ ਰਹੀ ਹੈ। ਇਹ ਚਾਰਜ ਇੱਕ ਅਹਿਮ ਕਦਮ ਹੈ, ਪਰ ਅਸੀਂ ਰੁਕੇ ਨਹੀਂ। ਹਿੰਸਕ ਕੰਮ ਕਰਨ ਵਾਲਿਆਂ ਅਤੇ ਧਮਕੀਆਂ ਦੇ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਨੂੰ ਕਾਨੂੰਨੀ ਘੇਰੇ ਵਿੱਚ ਲਿਆਉਣਾ ਸਾਡੀ ਤਰਜੀਹ ਹੈ।”
