ਬਰੈਂਪਟਨ/ਵਰਿਆਮ ਸੰਧੂ- ਬੀਤੇ ਸ਼ਨੀਵਾਰ ਬਰੈਂਪਟਨ ਦੇ ‘ਪੰਜਾਬੀ ਭਵਨ’ ਵਿੱਚ ਹੀਰਾ ਰੰਧਾਵਾ ਦੀ ਦੀ ਅਗਵਾਈ ਵਿਚ ਚੱਲਦੇ ਅਦਾਰੇ ‘ਹੈਟਸ-ਅੱਪ’ (ਹੈਰੀਟੇਜ਼ ਆਰਟਸ ਐਂਡ ਥੀਏਟਰ ਸੋਸਾਇਟੀ ਆਫ਼ਤ ਯੂਨਾਈਟਡ ਪ੍ਰੋਡਕਸ਼ਨਜ) ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਪਰਪਤਿ ਨਾਟਕ ਖੇਡਿਆ। ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਸੰਸਾਰ ਭਰ ਵਿੱਚ ਸਮਾਗਮ ਹੋ ਰਹੇ ਹਨ, ਸੈਮੀਨਾਰ ਕੀਤੇ ਜਾ ਰਹੇ, ਨਾਟਕ ਖੇਡੇ ਜਾ ਰਹੇ ਹਨ। ਇਹ ਆਪਣੇ ਇਤਿਹਾਸ ਨੂੰ ਸਮਝਣ ਤੇ ਉਹਨੂੰ ਨੇੜੇ ਹੋ ਕੇ ਵੇਖਣ-ਵਾਚਣ ਤੇ ਮਹਿਸੂਸਣ ਤੇ ਉਸਤੋਂ ਕੁਝ ਗ੍ਰਹਿਣ ਕਰਨ ਦਾ ਸਮਾਂ ਹੈ।
ਨਾਟਕ ਦੇ ਨਿਰਦੇਸ਼ਕ ਤੇ ਸਕ੍ਰਿਪਟ ਲੇਖਕ ਹੀਰਾ ਰੰਧਾਵਾ ਖੁਦ ਹਨ। ਅਸੀਂ ਜਾਣਦੇ ਹਾਂ ਕਿ ਨਾਟਕ ਸਮੂਹਕ ਕਲਾ ਹੈ। ਸਕ੍ਰਿਪਟ, ਨਿਰਦੇਸ਼ਨ, ਅਦਾਕਾਰੀ, ਵੇਸ਼-ਭੂਸ਼ਾ, ਆਵਾਜ਼, ਮੰਚ-ਸਜਾ, ਰੌਸ਼ਨੀਆਂ, ਪਿਛੋਕੜ ਵਿਚਲਾ ਸੰਗੀਤ ਤੇ ਹੋਰ ਕਈ ਕੁਝ ਮਿਲ ਜੁਲ ਕੇ ਨਾਟਕ ਦਾ ਸਮੁੱਚ ਉਸਾਰਦੇ ਹਨ। ਇਹਨਾਂ ਵਿਚੋਂ ਇੱਕ ਵੀ ਪੱਖ ਕਮਜ਼ੋਰ ਰਹਿ ਜਾਵੇ ਤਾਂ ਨਾਟਕ ਦਾ ਪ੍ਰਭਾਵ ਕਮਜ਼ੋਰ ਪੈ ਜਾਂਦਾ ਹੈ। ਨਾਟਕ ਸਰਲ-ਰੇਖਾਵੀਂ ਬਿਰਤਾਂਤ ਰਾਹੀਂ ਇਸ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਕਿ ਦਰਸ਼ਕ ਇਤਿਹਾਸ ਨਾਲ ਸਹਿਜ ਰੂਪ ਵਿਚ ਜੁੜ ਜਾਂਦਾ ਹੈ। ਹੀਰਾ ਰੰਧਾਵਾ ਦੀ ਲਿਖੀ ਸਕ੍ਰਿਪਟ ਗੁੰਝਲ-ਰਹਿਤ, ਸਪੱਸ਼ਟ ਰੂਪ ਵਿੱਚ ਗੁਰੂ ਜੀ ਦੀ ਸ਼ਹੀਦੀ ਨਾਲ ਜੁੜੇ ਪ੍ਰਸੰਗਾਂ ਨੂੰ ਪੇਸ਼ ਕਰਨ ਵੱਲ ਰੁਚਿਤ ਹੈ। ਇਹ ਗੁਰ ਉਸਨੇ ਆਪਣੇ ਨਾਟ-ਉਸਤਾਦ ਗੁਰਸ਼ਰਨ ਸਿੰਘ ਤੋਂ ਸਿੱਖਿਆ ਹੈ। ਗੁਰਸ਼ਰਨ ਸਿੰਘ ਦਾ ਨਾਟ-ਸੁਨੇਹਾ ਵੀ ਸਿੱਧਾ ਤੇ ਸਪੱਸ਼ਟ, ਆਮ ਦਰਸ਼ਕ ਦੇ ਮਨ ਮਸਤਕ ਵਿਚ ਖੁਭਣ ਵਾਲਾ ਹੁੰਦਾ ਸੀ, ਭਾਵੇਂ ਇਸ ਲਈ ਕਲਾ ਦੀ ਕੁਝ ਕੁਰਬਾਨੀ ਵੀ ਕਿਉਂ ਨਾ ਕਰਨੀ ਪਵੇ!
ਹੀਰਾ ਰੰਧਾਵਾ ਕਹਾਣੀ ਨੂੰ ਉਥੋਂ ਸ਼ੁਰੂ ਕਰਦਾ ਹੈ, ਜਿੱਥੇ ਬਾਬੇ ਬਕਾਲੇ ਗੁਰੂ ਜੀ ਇੱਕ ਭੋਰੇ ਵਿਚ ਤਪੱਸਿਆ ਵਿਚ ਲੀਨ ਹਨ। ਸੌਦਾਰਗਰੀ ਕਰਦੇ ਮੱਖਣ ਸ਼ਾਹ ਲੁਬਾਣਾ ਦਾ ਡੁੱਬਦਾ ਜਹਾਜ਼ ਤੂਫ਼ਾਨ ਆਉਣ ਕਾਰਨ ਡੁੱਬਣ ਲੱਗਦਾ ਹੈ ਤਾਂ ਉਹ ਗੁਰੂ ਜੀ ਅੱਗੇ ਅਰਦਾਸ ਕਰਦਾ ਹੈ ਤੇ ਜਹਾਜ਼ ਕੰਢੇ ਲੱਗਣ ਬਾਅਦ ਗੁਰੂ ਜੀ ਨੂੰ ਲੱਭਣ ਬਾਬੇ ਬਕਾਲੇ ਪਹੁੰਚ ਜਾਂਦਾ ਹੈ ਕਿਉਂਕਿ ਅਠਵੇਂ ਗੁਰੂ ਨੇ ਆਪਣੇ ਪ੍ਰਲੋਕ ਗਮਨ ਤੋਂ ਪਹਿਲਾਂ ਅਗਲਾ ਗੁਰੂ ‘ਬਾਬਾ ਬਕਾਲੇ’ ਹੋਣ ਦਾ ਇਸ਼ਾਰਾ ਦੇ ਦਿੱਤਾ ਸੀ। ਬਾਬੇ ਬਕਾਲੇ ਆ ਕੇ ਮੱਖਣ ਸ਼ਾਹ ਉਦੋਂ ਭੰਬਲਭੂਸੇ ਵਿਚ ਪੈ ਜਾਂਦਾ ਹੈ ਜਦੋਂ ਉਹਨੂੰ ਗੁਰੂ ਦੀ ਥਾਂ ਨਕਲੀ-ਗੁਰੂਆਂ ਦੇ ਠੱਗ-ਚੇਲਿਆਂ ਨਾਲ ਸਾਹਮਣਾ ਕਰਨਾ ਪੈਂਦਾ ਹੈ, ਜੋ ਭੋਲੀ ਭਾਲੀ ਸੰਗਤ ਨੂੰ ਲੁੱਟਣ ਵਿਚ ਮਸਰੂਫ਼ ਹਨ। ਠੱਗਾਂ ਤੋਂ ਬਚ ਕੇ ਆਖ਼ਰਕਾਰ ਉਹ ਗੁਰੂ ਜੀ ਨੂੰ ਲੱਭ ਲੈਂਦਾ ਹੈ ਤੇ ‘ਗੁਰੂ ਲਾਧੋ ਰੇ’ ਦਾ ਨਾਅਰ੍ਹਾ ਬੁਲੰਦ ਕਰ ਕੇ ਪੱਲੂ ਫੇਰ ਕੇ ਗੁਰੂ ਲੱਭਣ ਦਾ ਐਲਾਨ ਕਰਦਾ ਹੈ। ਬਾਅਦ ਵਿਚ ਕਹਾਣੀ ਆਨੰਦਪੁਰ ਵਿਚ ਪਹੁੰਚਦੀ ਹੈ। ਕਸ਼ਮੀਰੀ ਪੰਡਿਤ ਦਾ ਆਉਣਾ, ਗੁਰੂ ਜੀ ਦੀ ਗ੍ਰਿਫ਼ਤਾਰੀ, ਉਹਨਾਂ ’ਤੇ ਇਸਲਾਮ ਧਰਮ ਅਪਨਾਉਣ ਲਈ ਜ਼ੋਰ ਦੇਣਾ। ਲਾਲਚ ਤੇ ਡਰਾਵੇ ਦੇਣ ਦਾ ਸਿਲਸਿਲਾ ਤੇ ਗੁਰੂ ਜੀ ਦੀ ਸ਼ਹਾਦਤ। ਗੁਰੂ ਜੀ ਦੀ ਸ਼ਹਾਦਤ ਤੇ ਬਾਅਦ ਲੱਖੀ ਸ਼ਾਹ ਵੱਲੋਂ ਗੁਰੂ ਜੀ ਦੇ ਧੜ ਦਾ ਸਸਕਾਰ ਕਰਨਾ ਤੇ ਭਾਈ ਜੈਤਾ ਦਾ ਗੁਰੂ ਜੀ ਦੇ ਸੀਸ ਨੂੰ ਲੈ ਕੇ ਆਨੰਦਪੁਰ ਬਾਲ ਗੋਬਿੰਦ ਰਾਇ ਕੋਲ ਪਹੁੰਣਾ ਤੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖ਼ਿਤਾਬ ਹਾਸਲ ਕਰਨਾ। ਇੰਝ ਕਹਾਣੀ ਆਪਣੇ ਅੰਜਾਮ ਤੱਕ ਪਹੁੰਦੀ ਹੈ। ਕਹਾਣੀ ਵਿੱਚ ਕੋਈ ਵਲ਼-ਵਿੰਗ ਨਹੀਂ। ਗੁਰੂ ਜੀ ਦੀ ਸ਼ਹਾਦਤ ਦਾ ਇਤਿਹਾਸ ਆਮ ਜਨਤਾ ਦੀ ਭਾਸ਼ਾ ਵਿਚ ਦਰਸ਼ਕਾਂ ਤੱਕ ਸਹਿਜ ਰੂਪ ਵਿਚ ਪਹੁੰਚ ਜਾਂਦਾ ਹੈ।
ਕਹਾਣੀ ਨੂੰ ਸਫ਼ਲਤਾ ਸਹਿਤ ਅੰਜਾਮ ਤੱਕ ਪਹੁੰਚਾਉਣ ਲਈ ਨਾਟ-ਨਿਰਦੇਸ਼ਕ ਦੀ ਹਦਾਇਤ ਮੁਤਾਬਕ ਅਦਾਕਾਰਾਂ ਨੇ ਆਪਣੀ ਅਸਰਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਲਗਾਤਾਰ ਜੋੜੀ ਰੱਖਿਆ। ਨਾਟਕ ਇਤਿਹਾਸ ਦੇ ਖੱਪਿਆਂ ਨੂੰ ਜੋੜਨ ਵਾਲੇ ਸੂਤਰਧਾਰ ਦੇ ਮੰਚ ’ਤੇ ਆਉਣ ਨਾਲ ਸ਼ੁਰੂ ਹੁੰਦਾ ਹੈ। ਨਿਰਮਲ ਸਿੱਧੂ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਨਾਟਕ ਦੀ ਭੂਮਿਕਾ ਬੰਨ੍ਹਦਾ ਹੈ ਤੇ ਫਿਰ ਜਦੋਂ ਵੀ ਲੜੀ ਜੋੜਨ ਦੀ ਲੋੜ ਪੈਂਦੀ ਹੈ, ਮੰਚ ’ਤੇ ਹਾਜ਼ਰ ਹੋ ਕੇ ਹਾਲਾਤ-ਏ-ਹਾਜ਼ਰਾ ’ਤੇ ਪ੍ਰਭਾਵਸ਼ਾਲੀ ਟਿੱਪਣੀਆਂ ਕਰਦਾ ਜਾਂਦਾ ਹੈ। ਨਾਟਕ ਗੁਰੂ ਪਾਤਸ਼ਾਹ ਦੇ ਨਾਮ ਨੂੰ ਵਰਤਣ ਵਾਲੇ ਆਪੇ ਗੁਰੂ ਬਣ ਬੈਠੇ ਮੀਣਿਆਂ, ਧੀਰਮੱਲੀਆਂ ਤੇ ਪਾਖੰਡੀਆਂ ਦੇ ਗੁਰੂਡੰਮ ਦੇ ਢਕੌਂਸਲੇ ਨੂੰ ਨੰਗਾ ਕਰਨ ਦੀ ਝਾਕੀ ਨਾਲ ਸ਼ੁਰੂ ਹੁੰਦਾ ਹੈ। ਕਹਾਣੀਕਾਰ ਅਵਤਾਰ ਟੱਲੇਵਾਲੀਆ ਤੇ ਅਮਨ ਗਿੱਲ (ਜਿਸ ਨੇ ਬਾਅਦ ਵਿੱਚ ਦਰੋਗੇ ਦਾ ਰੋਲ ਵੀ ਨਭਾਇਆ) ਦੋਵੇਂ ਆਪਣੇ ਪਾਖੰਡੀ ਗੁਰੂਆਂ ਦੇ ਚੇਲੇ ਬਣ ਕੇ ਸੰਗਤਾਂ ਨੂੰ ਆਪਣੇ ਆਪਣੇ ਡੇਰੇ ਵੱਲ ਖਿੱਚਣ ਲਈ ਤੇ ਲੁੱਟਣ ਲਈ ਜ਼ੋਰ ਲਾਉਂਦੇ ਹਨ। ਗੁਰੂ ਜੀ ਦੀ ਸ਼ਰਧਾਲੂ ਬੀਬੀ ਦੇ ਰੂਪ ਵਿਚ ਸੰਗਤਾਂ ਦੀ ਪ੍ਰਤੀਨਧ ਬਣਾ ਕੇ ਉਸਾਰੀ ਪਾਤਰ ਸੁੰਦਰਪਾਲ ਰਾਜਾਸਾਂਸੀ, ਜੋ ਪਹਿਰਾਵੇ ਤੇ ਪ੍ਰਭਾਸ਼ਾਲੀ ਬੋਲ-ਚਾਲ ਦੇ ਸੰਗਮ ਨਾਲ ਮੰਚ ’ਤੇ ਆਉਂਦੀ ਹੈ, ਦੀ ਗਠੜੀ ਖੋਹਣ ਲਈ ਦੋਵੇਂ ਠੱਗ ਚੇਲੇ ਜਿਵੇਂ ਖਿੱਚ-ਧੂਹ ਕਰਦੇ ਹਨ, ਵੇਲੇ ਦੀ ਹਕੀਕਤ ਨੂੰ ਵੀ ਨਸ਼ਰ ਕਰ ਜਾਂਦੇ ਹਨ ਤੇ ਮਾਹੌਲ ਵਿੱਚ ਹਸਾਉਣਾ ਰੰਗ ਵੀ ਭਰਦੇ ਹਨ।
ਅੰਰੌਗਜ਼ੇਬ ਦੇ ਰੂਪ ਵਿਚ ਕਰਮਜੀਤ ਗਿੱਲ ਸ਼ਾਹਾਨਾ ਲਿਬਾਸ ਵਿਚ, ਗੜ੍ਹਕਵੀਂ ਆਵਾਜ਼ ਨਾਲ ਪੂਰੇ ਜਾਹੋ-ਜਲਾਲ ਨਾਲ ਮੰਚ ’ਤੇ ਆਉਂਦਾ ਹੈ ਤੇ ਆਪਣੇ ਪਾਤਰ ਨੂੰ ਸਜੀਵ ਕਰ ਦਿੰਦਾ ਹੈ। ਸ਼ੇਖ ਦੇ ਰੂਪ ਵਿਚ ‘ਜੋ ਸੰਘੇੜਾ’ ਤੇ ਦਰੋਗੇ ਵਜੋਂ ਅਮਨ ਗਿੱਲ ਆਪਣੇ ਕਿਰਦਾਰ ਨਾਲ ਪੂਰਾ ਨਿਆਂ ਕਰਦੇ ਹਨ। ਗੁਰੂ ਸਾਹਿਬ ਨੂੰ ਕਿਉਂਕਿ ਮੰਚ ’ਤੇ ਦਿਖਾਇਆ ਨਹੀਂ ਜਾ ਸਕਦਾ, ਇਸ ਲਈ ਨਾਟਕਕਾਰ ਨੇ ਵੱਖਰੀ ਜੁਗਤ ਵਰਤੀ ਹੈ। ਸ਼ੇਖ਼ ਤੇ ਦਰੋਗਾ ਦੋਵੇਂ ਮੰਚ ਦੇ ਪਿਛੋਕੜ ਵਿੱਚ ਜਾ ਕੇ ਜਾਣਕਾਰੀ ਇਕੱਠੀ ਕਰ ਕੇ ਗੁਰੂ ਸਾਹਿਬ ਨਾਲ ਜੁੜੇ ਪ੍ਰਸੰਗ ਔਰੰਗਜ਼ੇਬ ਅੱਗੇ ਪੇਸ਼ ਕਰਦੇ ਹਨ, ਜਿਨ੍ਹਾਂ ਵਿਚ ਗੁਰੂ ਜੀ ’ਤੇ ਇਸਲਾਮ ਕਬੂਲ ਕਰਨ ਲਈ ਪਾਏ ਦਬਾਉ ਤੇ ਉਹਨਾਂ ਦੀ ਸ਼ਹਾਦਤ ਨਾਲ ਜੁੜੇ ਹੋਰ ਵੇਰਵੇ ਸਾਂਝੇ ਕਰਦੇ ਹਨ। ਸ਼ਾਇਰਾ ਤੇ ਰੰਗਕਰਮੀ ਪਰਮਜੀਤ ਦਿਓਲ ਕਮਲ਼ੀ ਔਰਤ ਦੇ ਰੂਪ ਵਿਚ ‘ਸੱਚ ਸੁਣਾਇਸੀ ਸੱਚ ਕੀ ਬੇਲਾ’ ਦੇ ਕਥਨ ਮੁਤਾਬਕ ਹਾਕਮ ਸਾਹਮਣੇ ਸੱਚ ਬੋਲਣ ਦਾ ਜਿਗਰਾ ਕਰਦੀ ਹੈ। ਅਸਲ ਵਿਚ ਨਾਟਕਕਾਰ ਨੇ ਅਜਿਹੇ ਪਾਤਰ ਦੀ ਸਿਰਜਣਾ ਇਸ ਕਰ ਕੇ ਕੀਤੀ ਹੈ ਕਿਉਂਕਿ ਸਾਧਾਰਨ ਬੰਦਾ ਤਾਂ ਬਾਦਸ਼ਾਹ ਸਾਹਮਣੇ ਸੱਚ ਕਹਿਣ ਦੀ ਜੁਰਅਤ ਨਹੀਂ ਕਰ ਸਕਦਾ। ਪਰਮਜੀਤ ਆਪਣੀ ਵਿਲੱਖਣ ਅਦਾਕਾਰੀ ਨਾਲ ਚੰਗਾ ਪ੍ਰਭਾਵ ਛੱਡ ਗਈ। ਇੰਝ ਹੀ ਲੱਖੀ ਸ਼ਾਹ ਵਣਜਾਰਾ ਦੇ ਰੂਪ ਵਿਚ ਅਮਨ ਮਹਿਣਾ ਤੇ ਭਾਈ ਜੈਤਾ ਦੇ ਰੂਪ ਵਿਚ ਸ਼ਿੰਗਾਰਾ ਸਮਰਾ ਨੇ ਵੀ ਕਮਾਲ ਦੀ ਅਦਾਕਾਰੀ ਕੀਤੀ। ਖਾਸ ਤੌਰ ’ਤੇ ਸ਼ਿੰਗਾਰਾ ਸਮਰਾ ਦੀ ਆਵਾਜ਼ ਤੇ ਅੰਦਾਜ਼ ਮਨ ਨੂੰ ਛੂਹ ਲੈਣ ਵਾਲਾ ਸੀ।
ਕੁੱਲ੍ਹ ਮਿਲਾ ਕੇ ਨਾਟਕ ਬੇਹੱਦ ਸਫ਼ਲ ਰਿਹਾ। ਹਰੇਕ ਪਾਤਰ ਨੇ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ਼ ਕੀਤਾ। ਹੀਰਾ ਰੰਧਾਵਾ ਤੇ ਉਹਦੀ ਟੀਮ ਨੂੰ ਭਰਵੀਂ ਮੁਬਾਰਕਬਾਦ! ਨਾਟਕ ਵਿੱਚ ਭਾਗ ਲੈਣ ਵਾਲੇ ਸਾਰੇ ਕਲਾਕਾਰ ਸੀਨੀਅਰ ਕਲਾਕਾਰ ਹਨ ਜਿਹੜੇ ਦਹਾਕਿਆਂ ਤੋਂ ਰੰਗ-ਮੰਚ ਨਾਲ ਜੁੜੇ ਹੋਏ ਸਨ ਪਰ ਹੁਣ ਇੱਕ ਦੋ ਨੂੰ ਛੱਡ ਕੇ ਬਹੁਤੇ ਹੁਣ ਆਪਣੇ ਹਥਿਆਰ ਕਿੱਲੀ ਉੱਤੇ ਟੰਗ ਕੇ ਆਰਾਮ ਦੀ ਮੁਦਰਾ ਵਿਚ ਆ ਚੁੱਕੇ ਸਨ ਤੇ ਆਪੋ ਆਪਣੇ ਪਰਿਵਾਰਾਂ ਦੀ ਜ਼ਿੰਮੇਵਾਰੀ ਨਿਭਾਉਣ ਲਈ ਰੋਟੀ ਰੋਜ਼ੀ ਦੇ ਚੱਕਰ ਵਿਚ ਘੁੰਮ ਰਹੇ ਸਨ। ਹੀਰਾ ਰੰਧਾਵਾ ਨੇ ਸਿਆਣੇ ਜਰਨੈਲ ਵਾਂਗ ਉਹਨਾਂ ਨੂੰ ਮੁੜ ‘ਹਥਿਆਰ ਚੁੱਕਣ’ ਦੀ ਵੰਗਾਰ ਦੇ ਨਾਟ-ਮੈਦਾਨ ਵਿਚ ਲੈ ਆਂਦਾ ਹੈ। ਉਹਨਾਂ ਕਲਾਕਾਰਾਂ ਨੇ ਰੰਗ-ਮੰਚ ਨਾਲ ਆਪਣੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਦਿਆਂ ਹੀਰਾ ਰੰਧਾਵਾ ਦੀ ਵੰਗਾਰ ਨੂੰ ਕਬੂਲ ਕੀਤਾ ਤੇ ਮੰਚ-ਮੈਦਾਨ ’ਤੇ ਆਪਣੇ ਜੌਹਰ ਵਿਖਾ ਕੇ ਕਲਾਤਮਕ ਹਾਜ਼ਰੀ ਭਰੀ ਹੈ।
ਕੈਨੇਡਾ ਵਰਗੇ ਮੁਲਕਾਂ ਵਿਚ ਨਾਟਕ ਕਰਨਾ ਬਹੁਤ ਔਖਾ ਕਾਰਜ ਹੈ। ਹੀਰਾ ਰੰਧਾਵਾ ਨੇ ਬੋਲਦਿਆਂ ਠੀਕ ਕਿਹਾ ਕਿ ਏਨੇ ਰੁਝੇਵਿਆਂ ਦੇ ਬਾਵਜੂਦ ਇਹ ਕਲਾਕਾਰ ਰੀਹਰਸਲਾਂ ਕਰਨ ਲਈ ਜਿਵੇਂ ਸਮਾਂ ਕੱਢਦੇ ਹਨ, ਉਹਦੀ ਜਿੰਨੀ ਸਰਾਹਨਾ ਕੀਤੀ ਜਾਵੇ, ਓਨਾ ਥੋੜੀ ਹੈ, ਕਿਉਂਕਿ ਨਾਟਕ ਲਈ ਏਨਾ ਸਮਾਂ ਦੇਣ ਦੇ ਬਾਵਜੂਦ ਉਹਨਾਂ ਨੂੰ ਕੋਈ ਆਰਥਿਕ ਲਾਭ ਤਾਂ ਕੀ ਹੋਣਾ ਹੈ, ਸਗੋਂ ਲੋੜ ਅਨੁਸਾਰ ਆਪਣੇ ਸਮੇਂ ਤੇ ਆਰਥਿਕਤਾ ਦੀ ਕੁਰਬਾਨੀ ਵੀ ਕਰਨੀ ਪੈਂਦੀ ਹੈ। ਇਹ ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਹੈ। ਉਹਨਾਂ ਨੂੰ ਜੇ ਮਿਲਦਾ ਹੈ ਤਾਂ ਕੇਵਲ ਦਰਸ਼ਕਾਂ ਦੀਆਂ ਤਾੜੀਆਂ ਦੇ ਰੂਪ ਵਿਚ ਪ੍ਰਸੰਸਾ ਦੇ ਫੁੱਲ ਹੀ ਮਿਲਦੇ ਹਨ। ਫੁੱਲ ਖ਼ੁਸ਼ਬੂ ਤਾਂ ਦੇਂਦੇ ਹਨ, ਰੋਟੀ ਨਹੀਂ ਬਣ ਸਕਦੇ।
ਦਰਸ਼ਕਾਂ ਨੇ ਤਾੜੀਆਂ ਦੀ ਸ਼ਕਲ ਵਿਚ ਸਭਨਾਂ ਨੂੰ ਭਰਪੂਰ ਦਾਦ ਦੇ ਕੇ ਉਹਨਾਂ ਦੇ ਚਿਹਰਿਆਂ ’ਤੇ ਖੇੜਾ ਲੈ ਆਂਦਾ।
ਨਿਰਦੇਸ਼ਕ ਨੇ ਪਾਤਰਾਂ ਦੀ ਵੇਸ਼-ਭੂਸ਼ਾ ਵੱਲ ਉਚੇਚਾ ਧਿਆਨ ਦਿੱਤਾ। ਹਰੇਕ ਪਾਤਰ ਆਪਣੀ ਸਥਿਤੀ ਤੇ ਸ਼ਖ਼ਸੀਅਤ ਮੁਤਾਬਕ ਢੁਕਵੇਂ ਲਿਬਾਸ ਵਿਚ ਨਜ਼ਰ ਆ ਰਿਹਾ ਸੀ। ਭਾਵੇਂ ਲੋੜ ਅਨੁਸਾਰ ਪਿਛੋਕੜ ਵਿਚ ਹਨੇਰੀ-ਤੂਫ਼ਾਨ ਦੀ ਆਵਾਜ਼ ਅਤੇ ਗੁਰੂ ਜੀ ਦੀ ਬਾਣੀ ਦਾ ਸੰਗੀਤਕ ਉਚਾਰ ਵੀ ਕੀਤਾ ਗਿਆ, ਜੋ ਹੈ ਤਾਂ ਢੁਕਵਾਂ ਸੀ, ਪਰ ਹਾਲ ਦੀ ਸੀਮਾ ਜਾਂ ਕਿਸੇ ਹੋਰ ਕਾਰਨ ਇਹ ਸੰਗੀਤ ਦੀ ਮੱਧਮ ਜਿਹੀ ਆਵਾਜ਼ ਮਨ ਨੂੰ ਲੋੜੀਂਦੀ ਹੱਦ ਤੱਕ ਛੂਹਣ ਤੋਂ ਕੁਝ ਉਰ੍ਹੇ ਰਹਿ ਗਈ।
ਗੁਰਮਿਤ ਕਰਾਮਾਤਾਂ ਵਿੱਚ ਵਿਸ਼ਵਾਸ ਨਹੀਂ ਰੱਖਦੀ ਪਰ ਇਸਦੇ ਬਾਵਜੂਦ ਸਿੱਖ ਗੁਰੂਆਂ ਨਾਲ ਅਨੇਕਾਂ ਕਰਾਮਾਤਾਂ ਜੋੜ ਦਿੱਤੀਆਂ ਗਈਆਂ ਹਨ। ਗੁਰੂ ਤੇਗ਼ ਬਹਾਦਰ ਜੀ ਬਾਰੇ ਵੀ ਮਸ਼ਹੂਰ ਹੈ ਕਿ ਉਹ ਪਿੰਜਰੇ ਵਿਚ ਕੈਦ ਹੁੰਦੇ ਹੋਏ ਵੀ ਵੱਖ ਵੱਖ ਥਾਈਂ ਸਾਕਾਰ ਰੂਪ ਵਿੱਚ ਨਜ਼ਰ ਆਉਂਦੇ ਸਨ। ਇੰਝ ਇਤਿਹਾਸ ਵਿੱਚ ਉਹਨਾਂ ਦੀ ਸ਼ਖ਼ਸੀਅਤ ਦਾ ਕਰਾਮਾਤੀ ਬਿੰਬ ਉਸਾਰ ਦਿੱਤਾ ਗਿਆ ਹੈ। ਚਾਹੀਦਾ ਹੈ ਕਿ ਗੁਰੂ ਜੀ ਦੇ ਕਰਾਮਾਤੀ ਬਿੰਬ ਦੀ ਅਜਿਹੀ ਪ੍ਰਮਾਣਿਕਤਾ ਸਥਾਪਤ ਨਾ ਕੀਤੀ ਜਾਵੇ। ਭਾਵੇਂ ਨਿਰਦੇਸ਼ਕ ਨੇ ਇੱਕ ਵਾਕ ਜੋੜ ਕੇ ਕਿ ‘ਗੁਰੂ ਜੀ ਲੋਕਾਂ ਦੇ ਦਿਲਾਂ ਵਿਚ ਵੱਸਦੇ ਹਨ’, ਇਸ ਕਰਾਮਾਤ ਦੇ ਪ੍ਰਤੀਕਾਤਮਕ ਅਰਥ ਉਜਾਗਰ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੈ, ਪਰ ਇਹ ਗੱਲ ਕੁਝ ਹੋਰ ਸਪੱਸ਼ਟ ਹੋ ਜਾਂਦੀ ਤਾਂ ਚੰਗਾ ਸੀ ਤਾਂ ਕਿ ਕਰਾਮਾਤ ਦਾ ਪ੍ਰਤੀਕਾਤਮਕ ਪ੍ਰਭਾਵ ਦਰਸ਼ਕਾਂ ਤੱਕ ਸਹੀ ਅਰਥਾਂ ਵਿਚ ਪਹੁੰਚ ਸਕਦਾ। ਪਾਤਰਾਂ ਨੂੰ ਆਪਣੀ ਉਚਾਰਣੀ ਭਾਸ਼ਾ ਵੱਲ ਵਧੇਰੇ ਧਿਆਨ ਰੱਖਣ ਦੀ ਲੋੜ ਹੈ। ਦਰਸ਼ਕਾਂ ਵਿਚ ਬਰੈਂਪਟਨ ਦੇ ਲੇਖਕਾਂ ਦੀ ਗ਼ੈਰ-ਹਾਜ਼ਰੀ ਨਿਰਾਸ਼ ਕਰਨ ਵਾਲੀ ਸੀ।
ਨਾਟਕ ਸ਼ੁਰੂ ਕਰਨ ਵੇਲੇ ਰਿੰਟੂ ਭਾਟੀਆ ਨੇ ਆਪਣੀ ਮਧੁਰ ਆਵਾਜ਼ ਵਿਚ ਗੁਰੂ ਸਾਹਿਬ ਦੇ ਸ਼ਬਦ ਦਾ ਉਚਾਰਣ ਕੀਤਾ। ਬਾਅਦ ਵਿਚ ਦਲਵੀਰ ਸਿੰਘ ਕਥੂਰੀਆ ਨੇ ਆਈ ਸੰਗਤ ਨੂੰ ਜੀ ਆਇਆਂ ਕਿਹਾ ਤੇ। ਉਪਰੰਤ ਮੈਂ ਹੀਰਾ ਰੰਧਾਵਾ ਦੇ ਰੰਗ ਮੰਚ ਨਾਲ ਸੰਬੰਧਿਤ ਅੱਧੀ ਸਦੀ ਦੇ ਸਫ਼ਰ ਦੀ ਸਰਾਹਣਾ ਕਰਦਿਆਂ ਉਹਦੀ ਪ੍ਰਤੀਬੱਧਤਾ ਨੂੰ ਸ਼ਾਬਾਸ਼ ਦਿੱਤੀ ਤੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਮਹੱਤਵ ਬਾਰੇ ਬੋਲਦਿਆਂ ਕਿਹਾ ਕਿ ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਦੇ ਕਹਿਣ ‘ਤੇ ਆਪਣੀ ਜਾਨ ਕੁਰਬਾਨ ਕੀਤੀ ਤਾਂ ਜੋ ਉਹਨਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਪਰਿਵਰਤਿਤ ਨਾ ਕੀਤਾ ਜਾਵੇ। ਇਸ ਕਾਰਨ ਗੁਰੂ ਜੀ ਨੂੰ “ਹਿੰਦ ਦੀ ਚਾਦਰ” ਕਿਹਾ ਜਾਂਦਾ ਹੈ। ਗੁਰੂ ਜੀ ਦੇ ਸਮਕਾਲੀ ਸ਼ਾਇਰ ਸੈਨਾਪਤੀ ਨੇ ਤਾਂ ਉਹਨਾਂ ਨੂੰ ‘ਸ੍ਰਿਸ਼ਿਟ ਦੀ ਚਾਦਰ’ ਕਿਹਾ ਸੀ। ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਸਿਰਫ਼ ‘ਕਸ਼ਮੀਰੀ ਪੰਡਤਾਂ ਦੀ ਰੱਖਿਆ” ਤੱਕ ਸੀਮਿਤ ਕਰਨ ਨਾਲੋਂ ਉਹਨਾਂ ਦੀ ਸ਼ਹਾਦਤ ਨੂੰ ਇੱਕ ਵੱਡੇ ਰਾਜਨੀਤਿਕ-ਧਾਰਮਿਕ ਸੰਘਰਸ਼ ਦੇ ਸੰਦਰਭ ਵਿੱਚ ਵੇਖਿਆ ਜਾਣਾ ਚਾਹੀਦਾ ਹੈ, ਜਿਸ ਵਿੱਚ ਗੁਰੂ ਜੀ ਦਾ ਬਲੀਦਾਨ ਮੁਗਲ ਰਾਜ ਦੀ ਧਾਰਮਿਕ ਜ਼ਬਰਦਸਤੀ ਦੇ ਵਿਰੋਧ ਦਾ ਪ੍ਰਤੀਕ ਸੀ। ਗੁਰੂ ਜੀ ਦੇ ਵਿਚਾਰਾਂ ਦਾ ਅੱਜ ਹੋਰ ਵੀ ਮਹੱਤਵ ਹੈ ਕਿਉਂਕਿ ਅੱਜ ਵੀ ਧਾਰਮਿਕ ਕੱਟੜਤਾ ਦਾ ਬੋਲਬਾਲਾ ਹੈ। ਔਰੰਗਜ਼ੇਬ ਅੱਜ ਵੀ ਜਿਊਂਦਾ ਹੈ।

