25 ਦਸੰਬਰ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਦੁੱਧ ਦਾ ਲੰਗਰ ਲਗਾਇਆ ਜਾਵੇਗਾ-
ਲੁਧਿਆਣਾ, 15 ਦਸੰਬਰ- ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਬਾਬਾ ਦੀਪ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸੁਰਿੰਦਰਪਾਲ ਸਿੰਘ ਬਿੰਦਰਾ ਅਤੇ ਉੱਘੇ ਸਮਾਜਸੇਵੀ ਗੁਰਚਰਨ ਸਿੰਘ ਸਰਪੰਚ ਨੂੰ ਸਤਿਕਾਰ ਸਹਿਤ ਭੇਂਟ ਕੀਤੀ। ਇਸ ਸਮੇਂ ਬਿੰਦਰਾ ਅਤੇ ਗੁਰਚਰਨ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਦੀ ਵਡਮੁੱਲੀ ਜਾਣਕਾਰੀ ਲਈ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਨੇ ਉਪਰੋਕਤ ਪੁਸਤਕ ਉੱਘੇ ਸਿੱਖ ਵਿਦਵਾਨ ਅਨੁਰਾਗ ਸਿੰਘ ਤੋਂ ਲਿਖਵਾਕੇ ਅਤੇ ਪ੍ਰਸਿੱਧ ਆਰਟਿਸਟ ਆਰ.ਐਮ ਸਿੰਘ ਦੇ ਤਿਆਰ ਕੀਤੇ ਚਿੱਤਰਾਂ ਨਾਲ ਸੁਸ਼ੋਭਿਤ ਪੁਸਤਕ ਦੀ ਰਚਨਾ ਕਰਕੇ ਸਲਾਘਾਯੋਗ ਸੇਵਾ ਕੀਤੀ ਹੈ। ਉਨ੍ਹਾਂ ਇਸ ਸਮੇਂ ਕ੍ਰਿਸ਼ਨ ਕੁਮਾਰ ਬਾਵਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕੀਤੀ ਜਾ ਰਹੀ ਸੇਵਾ ਲਈ ਵਧਾਈ ਦਿੱਤੀ।
ਇਸ ਸਮੇਂ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਨ ਸ਼ਹਾਦਤਾਂ ਦੇ ਦਿਹਾੜੇ ਮਨਾਉਂਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਵੱਲੋਂ ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਵਡਮੁੱਲੀ ਸ਼ਹਾਦਤ ਨੂੰ ਯਾਦ ਕਰਦਿਆਂ 25 ਦਸੰਬਰ ਨੂੰ ਰਕਬਾ ਰਾਏਕੋਟ ਰੋਡ ‘ਤੇ ਦੁੱਧ ਦੇ ਲੰਗਰ ਲਗਾਏ ਜਾਣਗੇ। ਉਹਨਾਂ ਇਸ ਸਮੇਂ ਸ. ਬਿੰਦਰਾ ਅਤੇ ਗੁਰਚਰਨ ਸਿੰਘ ਦੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਫਾਊਂਡੇਸ਼ਨ ਦੇ ਅਹੁਦੇਦਾਰਾਂ ਨੂੰ 25 ਦਸੰਬਰ ਨੂੰ ਸਵੇਰੇ 8 ਵਜੇ ਰਕਬਾ ਭਵਨ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਉਪਰੋਕਤ ਲੰਗਰ ਸੇਵਾ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਵਾਲੇ (ਨਾਨਕਸਰ ਠਾਠ) ਵਾਲਿਆਂ ਦੀ ਸਰਪ੍ਰਸਤੀ ਹੇਠ ਹੋਵੇਗੀ।
