Mar 7, 2026

ਐਬਟਸਫੋਰਡ, (ਮਹੇਸ਼ਇੰਦਰ ਸਿੰਘ ਮਾਂਗਟ)- ਐਬਟਸਫੋਰਡ ਇਲਾਕੇ ਵਿੱਚ ਹਾਈਵੇ 1 ‘ਤੇ ਪੱਛਮ ਵੱਲ (Westbound) ਜਾਣ ਵਾਲੀਆਂ ਦੋ ਲੇਨ ਮੁੜ ਖੋਲ੍ਹ ਦਿੱਤੀਆਂ ਗਈਆਂ ਹਨ। ਭਾਰੀ ਮੀਂਹ ਅਤੇ ਤੂਫ਼ਾਨਾਂ ਕਾਰਨ ਆਏ ਸੈਲਾਬ ਤੋਂ ਬਾਅਦ ਪਾਣੀ ਘਟਣ ਨਾਲ ਇਹ ਰਸਤਾ ਮੁੜ ਆਵਾਜਾਈ ਲਈ ਸੁਰੱਖਿਅਤ ਹੋ ਗਿਆ ਹੈ।
ਹਾਈਵੇ 11 ਤੋਂ ਨੰਬਰ 3 ਰੋਡ ਤੱਕ ਦਾ ਹਿੱਸਾ ਸੈਲਾਬ ਕਾਰਨ ਬੰਦ ਕੀਤਾ ਗਿਆ ਸੀ। ਹੁਣ ਪਾਣੀ ਦਾ ਪੱਧਰ ਘਟਣ ‘ਤੇ ਸੜਕ ਵਿਭਾਗ ਦੀਆਂ ਟੀਮਾਂ ਨੇ ਵੈਸਟਬਾਊਂਡ ਟ੍ਰੈਫਿਕ ਚਾਲੂ ਕਰ ਦਿੱਤੀ ਹੈ।ਹਾਲਾਂਕਿ, ਪੂਰਬ ਵੱਲ (Eastbound) ਜਾਣ ਵਾਲੀਆਂ ਲੇਨਾਂ ਹਾਲੇ ਵੀ ਬੰਦ ਹਨ ਕਿਉਂਕਿ ਉਥੇ ਪਾਣੀ ਹੌਲੀ-ਹੌਲੀ ਘਟ ਰਿਹਾ ਹੈ। ਈਸਟ ਵੱਲ ਜਾਣ ਵਾਲੇ ਡਰਾਈਵਰਾਂ ਨੂੰ ਹਾਈਵੇ 7 ਰਾਹੀਂ ਡਿਟੂਰ ਲੈਣ ਦੀ ਸਲਾਹ ਦਿੱਤੀ ਗਈ ਹੈ।ਟਰਾਂਸਪੋਰਟੇਸ਼ਨ ਅਤੇ ਟ੍ਰਾਂਜ਼ਿਟ ਮੰਤਰਾਲੇ ਨੇ ਕਿਹਾ ਹੈ ਕਿ ਹਾਲਾਤਾਂ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿਵੇਂ ਹੀ ਸੁਰੱਖਿਅਤ ਹੋਇਆ, ਈਸਟਬਾਊਂਡ ਲੇਨ ਵੀ ਖੋਲ੍ਹ ਦਿੱਤੀਆਂ ਜਾਣਗੀਆਂ।
ਅਧਿਕਾਰੀਆਂ ਨੇ ਲੋਕਾਂ ਨੂੰ ਬੇਵਜ੍ਹਾ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। ਮੌਸਮ ‘ਚ ਹੋਰ ਮੀਂਹ ਦੀ ਸੰਭਾਵਨਾ ਹੈ, ਇਸ ਲਈ ਹਾਲਾਤ ਕਿਸੇ ਵੀ ਸਮੇਂ ਬਦਲ ਸਕਦੇ ਹਨ ਅਤੇ ਹਾਈਵੇ 1 ‘ਤੇ ਮੁੜ ਪਾਬੰਦੀਆਂ ਵੀ ਲੱਗ ਸਕਦੀਆਂ ਹਨ।
ਤਾਜ਼ਾ ਟ੍ਰੈਫਿਕ ਜਾਣਕਾਰੀ ਲਈ ਡਰਾਈਵਰ DriveBC ਦੀ ਵੈੱਬਸਾਈਟ ਜਾਂ ਐਪ ‘ਤੇ ਜਾਣ।