ਪਟਨਾ-ਬਿਹਾਰ ਵਿੱਚ ਨਵੀਂ ਭਰਤੀ ਹੋਈ ਆਯੂਸ਼ ਡਾਕਟਰ ਸੋਮਵਾਰ ਨੂੰ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਨਿਯੁਕਤੀ ਪੱਤਰ ਦੇਣ ਸਮੇਂ ਉਸ ਦੇ ਚਿਹਰੇ ਤੋਂ ਹਿਜਾਬ ਹਟਾ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਸਕੱਤਰੇਤ ‘ਸੰਵਾਦ’ ਵਿੱਚ ਇਹ ਘਟਨਾ ਵਾਪਰੀ, ਜਿੱਥੇ 1,000 ਤੋਂ ਵੱਧ ਆਯੂਸ਼ ਡਾਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ।
ਸੀ ਐੱਮ ਓ ਅਨੁਸਾਰ ਨਿਯੁਕਤੀ ਪੱਤਰ ਹਾਸਲ ਕਰ ਵਾਲਿਆਂ ਵਿੱਚ 685 ਆਯੁਰਵੇੈਦ, 393 ਹੋਮਿਓਪੈਥ ਅਤੇ 205 ਯੂਨਾਨੀ ਦਵਾਈ ਪ੍ਰਣਾਲੀ ਦਾ ਅਭਿਆਸ ਕਰਨ ਵਾਲੇ ਡਾਕਟਰ ਸਨ। ਉਨ੍ਹਾਂ ਵਿੱਚੋਂ 10 ਨੂੰ ਮੁੱਖ ਮੰਤਰੀ ਨੇ ਨਿਯੁਕਤੀ ਪੱਤਰ ਦਿਤੇ ਜਦੋਂ ਕਿ ਬਾਕੀਆਂ ਨੂੰ ਇਹ ਆਨਲਾਈਨ ਦਿੱਤੇ ਗਏ। ਨੁਸਰਤ ਪਰਵੀਨ ਜਿਸ ਦੇ ਚਿਹਰੇ ’ਤੇ ਹਿਜਾਬ ਸੀ, ਜਦੋਂ ਨਿਯੁਕਤੀ ਪੱਤਰ ਲੈਣ ਪੁੱਜੀ ਤਾਂ ਮੁੱਖ ਮੰਤਰੀ ਨੇ ਝੁਕ ਕੇ ਕਿਹਾ, ‘‘ਇਹ ਕੀ ਹੈ?’’ ਮੁੱਖ ਮੰਤਰੀ ਜੋ ਉੱਚੇ ਪਲੈਟਫਾਰਮ ’ਤੇ ਖੜ੍ਹੇ ਸਨ ਨੇ ਇਸ ਮਗਰੋਂ ਝੁਕ ਕੇ ਉਸ ਦਾ ਹਿਜਾਬ ਹੇਠਾਂ ਖਿੱਚ ਲਿਆ। ਇਸ ਤੋਂ ਬਾਅਦ ਨੇੜੇ ਖੜ੍ਹੇ ਅਧਿਕਾਰੀ ਨੇ ਘਬਰਾਈ ਹੋਏ ਨੁਸਰਤ ਨੂੰ ਇੱਕ ਪਾਸੇ ਖਿੱਚ ਲਿਆ, ਜਦੋਂ ਕਿ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਜੋ ਕੁਮਾਰ ਦੇ ਨਾਲ ਖੜ੍ਹੇ ਸਨ ਨੂੰ ਕੁਮਾਰ ਦੀ ਬਾਂਹ ਖਿੱਚਦੇ ਹੋਏ ਦੇਖਿਆ ਗਿਆ।
ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਕਲਿੱਪ ਸਾਂਝੀ ਕੀਤੀ ਅਤੇ ਦਾਅਵਾ ਕੀਤਾ ਕਿ ਇਹ ਘਟਨਾ ਜਨਤਾ ਦਲ (ਯੂ) ਸੁਪਰੀਮੋ ਦੀ ‘ਅਸਥਿਰ ਮਾਨਸਿਕ ਸਿਹਤ’ ਦਾ ਤਾਜ਼ਾ ਸਬੂਤ ਹੈ।
