ਪਿਉ ਅਤੇ ਪੁੱਤਰ ਨੇ ਬੌਂਡਾਈ ਬੀਚ ’ਤੇ ਕੀਤਾ ਸੀ ਹਮਲਾ-
ਸਿਡਨੀ-ਪੁਲੀਸ ਨੇ ਐਤਵਾਰ ਰਾਤ ਬੌਂਡੀ ਬੀਚ ’ਤੇ ਹੋਏ ਅਤਿਵਾਦੀ ਹਮਲੇ ਦੇ ਮਾਮਲੇ ’ਚ ਵੱਖ-ਵੱਖ ਥਾਈਂ ਛਾਪੇ ਮਾਰ ਕੇ ਦੋ ਮਸ਼ਕੂਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਚ ’ਤੇ ਪਿਉ ਅਤੇ ਪੁੱਤਰ ਨੇ ਯਹੂਦੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਸੀ। ਉਨ੍ਹਾਂ ਦੀ ਪਛਾਣ ਸਾਜਿਦ ਅਕਰਮ (50) ਵਜੋਂ ਹੋਈ ਹੈ, ਜੋ ਪੁਲੀਸ ਦੀ ਜਵਾਬੀ ਗੋਲੀਬਾਰੀ ’ਚ ਮਾਰਿਆ ਗਿਆ, ਜਦਕਿ ਉਸ ਦਾ ਪੁੱਤਰ ਨਵੀਦ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਪੁਲੀਸ ਜਾਂਚ ’ਚ ਖ਼ੁਲਾਸਾ ਹੋਇਆ ਹੈ ਕਿ ਦੋਵੇਂ ਪਿਉ-ਪੁੱਤਰ ਸਿਡਨੀ ਦੇ ਉਪਨਗਰ ਕੈਂਪਸੀ ਵਿੱਚ ਕਿਰਾਏ ਉੱਤੇ ਰਹਿੰਦੇ ਸਨ। ਪੁਲੀਸ ਨੇ ਉੱਥੋਂ ਦੋ ਮਸ਼ਕੂਕਾਂ ਨੂੰ ਹਿਰਾਸਤ ’ਚ ਲਿਆ ਹੈ। ਸਾਜਿਦ ‘ਮਨੋਰੰਜਨ ਫਾਇਰਆਰਮ ਕਲੱਬ’ ਦਾ ਮੈਂਬਰ ਸੀ, ਜਿੱਥੋਂ ਉਸ ਨੇ ਬੰਦੂਕ ਚਲਾਉਣ ਅਤੇ ਨਿਸ਼ਾਨੇਬਾਜ਼ੀ ਦੀ ਸਿਖਲਾਈ ਲਈ ਸੀ।
ਉਧਰ ਹਮਲੇ ਵਾਲੀ ਥਾਂ ’ਤੇ ਅੱਜ ਸੈਂਕੜੇ ਲੋਕਾਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਉਨ੍ਹਾਂ ਸ਼ਰਧਾ ਦੇ ਫੁੱਲ ਭੇਟ ਕਰਕੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਅਤੇ ਦੁੱਖ ਦੀ ਘੜੀ ’ਚ ਭਾਈਚਾਰਕ ਸਾਂਝ ਪ੍ਰਤੀ ਇਕਜੁੱਟਤਾ ਪ੍ਰਗਟਾਈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਸਮੇਤ ਹੋਰ ਆਗੂਆਂ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਮ੍ਰਿਤਕਾਂ ਦੀ ਗਿਣਤੀ 16 ਹੋਈ-
ਬੀਚ ’ਤੇ ਯਹੂਦੀਆਂ ਦੇ ਇਕ ਸਮਾਗਮ ਦੌਰਾਨ ਬੰਦੂਕਧਾਰੀ ਪਿਉ-ਪੁੱਤ ਵੱਲੋਂ ਚਲਾਈਆਂ ਗੋਲੀਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ, ਜਿਨ੍ਹਾਂ ਵਿਚ ਦਸ ਸਾਲਾ ਬੱਚੀ ਤੇ ਇਕ ਸ਼ੂਟਰ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਘਟਨਾ ਨੂੰ ਯਹੂਦੀ ਭਾਈਚਾਰੇ ਵਿਰੁੱਧ ਦਹਿਸ਼ਤੀ ਕਾਰਵਾਈ ਕਰਾਰ ਦਿੱਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਕਰਨ ਵਾਲੇ ਪਿਉ-ਪੁੱਤ ਸਨ। ਪੁਲੀਸ ਨੇ ਕਿਹਾ ਕਿ ਬੌਂਡੀ ਬੀਚ ਤੋਂ ਦੂਰ ਇੱਕ ਛੋਟੇ ਜਿਹੇ ਪਾਰਕ ਵਿੱਚ ਆਯੋਜਿਤ ਯਹੂਦੀ ਸਮਾਗਮ ਵਿਚ 1000 ਦੇ ਕਰੀਬ ਲੋਕ ਮੌਜੂਦ ਸਨ।
