ਵਿਰੋਧੀਆਂ ਦੇ ਕਾਗਜ ਰੱਦ ਕਰਵਾਉਣ ਉਪਰੰਤ ਗਿਣਤੀ ਮੌਕੇ ਵੀ ਹੇਰਾਫੇਰੀ ਦੇ ਦੋਸ਼-
ਚੰਡੀਗੜ-ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ 14 ਦਸੰਬਰ ਨੂੰ ਹੋਈਆਂ ਚੋਣਾਂ ਲਈ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਈ । ਸੂਬੇ ਭਰ ਵਿੱਚ ਬਣਾਏ ਗਏ 154 ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਉਧਰ ਜਿਵੇਂ ਹੀ ਗਿਣਤੀ ਸ਼ੁਰੂ ਹੋਈ, ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਵਰਕਰਾਂ ਅਤੇ ਪੋਲਿੰਗ ਏਜੰਟਾਂ ਨੂੰ ਪੋਲਿੰਗ ਸਟੇਸ਼ਨਾਂ ਤੱਕ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਜੱਦੀ ਪਿੰਡ ਸੰਧਵਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਬਲਾਕ ਸੰਮਤੀ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੰਧਵਾਂ ਜ਼ੋਨ ਵਿੱਚ ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਦੇ ਉਮੀਦਵਾਰ ਮਹਿੰਦਰ ਸਿੰਘ ਨੇ ‘ਆਪ’ ਦੇ ਮੁਖਤਿਆਰ ਸਿੰਘ ਨੂੰ 171 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ।
ਇਸ ਤੋਂ ਪਹਿਲਾਂ ਨਾਭਾ ਬਲਾਕ ਦੇ ਬਨੇਰਾ ਕਲਾਂ ਪੰਚਾਇਤ ਸਮਿਤੀ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਗੁਰਮੀਤ ਕੌਰ 70 ਵੋਟਾਂ ਨਾਲ ਜੇਤੂ ਹੋਏ ਹਨ। ਨਾਮਜ਼ਦਗੀ ਦਾਖਲੇ ਵਾਲੇ ਦਿਨ ਇਸ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਕਥਿਤ ਤੌਰ ’ਤੇ ਖੋਹੇ ਗਏ ਸਨ। ਹਾਲਾਂਕਿ ਆਪਣੀ ਹੁਸ਼ਿਆਰੀ ਕਾਰਨ ਸਾਬਕਾ ਸਰਪੰਚ ਗੁਰਮੀਤ ਕੌਰ ਮੁੜ ਤੋਂ ਕਾਗਜ਼ ਦਾਖਲ ਕਰਾਉਣ ਚ ਸਫਲ ਰਹੀ ਸੀ।
ਪਟਿਆਲਾ ਵਿੱਚ, ਅਕਾਲੀ ਦਲ ਦੇ ਵਰਕਰਾਂ ਨੇ ‘ਆਪ’ ਆਗੂਆਂ ‘ਤੇ ਨਾਭਾ ਰੋਡ ‘ਤੇ ਸਥਿਤ ਪੋਲਿੰਗ ਸਟੇਸ਼ਨ ‘ਤੇ ਜਾਣ ਤੋਂ ਆਪਣੇ ਏਜੰਟਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਹੁਣ ਤੱਕ ਬਲਾਕ ਮਹਿਲ ਕਲਾਂ ਵਿੱਚ ਜੋ ਨਤੀਜੇ ਆ ਰਹੇ ਹਨ। ਉਥੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਹੈ।
ਵਿਧਾਨ ਸਭਾ ਚੋਣਾਂ ਸਿਰਫ਼ 14 ਮਹੀਨੇ ਦੂਰ ਹੋਣ ਕਰਕੇ, ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿਚ ਸਿਆਸੀ ਤੌਰ ‘ਤੇ ਗਰਮਜੋਸ਼ੀ ਵਾਲਾ ਮਾਹੌਲ ਬਣਿਆ ਹੋਇਆ ਹੈ। ਇਹ ਚੋਣਾਂ ਮਹੱਤਵਪੂਰਨ ਹਨ ਕਿਉਂਕਿ ਹਰੇਕ ਪਾਰਟੀ ਆਪਣੇ ਚੋਣ ਨਿਸ਼ਾਨ ‘ਤੇ ਚੋਣ ਲੜ ਰਹੀ ਹੈ। ਹਰੇਕ ਪਾਰਟੀ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮੰਚ ਤਿਆਰ ਕਰਨ ਲਈ ਲੜ ਰਹੀ ਹੈ। 347 ਜ਼ਿਲ੍ਹਾ ਪਰਿਸ਼ਦਾਂ ਅਤੇ 2,838 ਪੰਚਾਇਤ ਸਮਿਤੀ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਨਾਲ 9,000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਰਾਜ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਸਨ। ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ’ਚ 141 ਥਾਵਾਂ ’ਤੇ ਵੋਟਾਂ ਦੀ ਗਿਣਤੀ ਦੇ ਪ੍ਰਬੰਧ ਕੀਤਾ ਗਿਆ ਹੈ। ਕੁੱਲ ਮਿਲਾ ਕੇ 154 ਗਿਣਤੀ ਕੇਂਦਰ ਬਣਾਏ ਗਏ ਹਨ। ਚੋਣ ਕਮਿਸ਼ਨ ਦੇ ਹੁਕਮਾਂ ’ਤੇ ਮੰਗਲਵਾਰ ਨੂੰ ਪੰਜ ਪਿੰਡਾਂ ਦੇ 16 ਪੋਲਿੰਗ ਬੂਥਾਂ ’ਤੇ ਮੁੜ ਵੋਟਾਂ ਪਈਆਂ ਸਨ।
ਜ਼ਿਲ੍ਹਾ ਪਰਿਸ਼ਦ ਦੇ 347 ਜ਼ੋਨਾਂ ਲਈ ਕੁੱਲ 1249 ਅਤੇ 153 ਪੰਚਾਇਤ ਸਮਿਤੀਆਂ ਦੇ 2838 ਜ਼ੋਨਾਂ ਲਈ 8098 ਉਮੀਦਵਾਰਾਂ ਨੇ ਚੋਣ ਲੜੀ।
