ਪ੍ਰਧਾਨ ਤੇ ਜਨਰਲ ਸਕੱਤਰ ਸਮੇਤ ਸਾਰੇ 9 ਅਹੁਦੇਦਾਰਾਂ ਦੀ ਚੋਣ-
ਜਲੰਧਰ -ਇਸ 15 ਦਸੰਬਰ ਨੂੰ ਪੰਜਾਬ ਪ੍ਰੈਸ ਕਲੱਬ ਜਲੰਧਰ ਦੀ ਹੋਈ ਚੋਣ ਵਿਚ ਅਦਾਰਾ ‘ਅਜੀਤ’ ਦੇ ਸਮਾਚਾਰ ਸੰਪਾਦਕ ਤੇ ਪ੍ਰੋਗਰੈਸਿਵ ਮੀਡੀਆ ਮੰਚ ਦੇ ਉਮੀਦਵਾਰ ਜਸਪ੍ਰੀਤ ਸਿੰਘ ਸੈਣੀ ਕਲੱਬ ਦੇ ਨਵੇਂ ਪ੍ਰਧਾਨ ਚੁਣੇ ਗਏ। ਚੋਣ ਅਧਿਕਾਰੀਆਂ ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਸਿੰਘ ਦੁੱਗਲ ਤੇ ਕੁਲਦੀਪ ਸਿੰਘ ਬੇਦੀ ਅਤੇ ਸਾਬਕਾ ਪ੍ਰਧਾਨ ਸ੍ਰੀ ਸਤਨਾਮ ਸਿੰਘ ਮਾਣਕ ਦੀ ਮੌਜੂਦਗੀ ‘ਚ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਵਜੋਂ ਜਸਪ੍ਰੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ।
ਜਸਪ੍ਰੀਤ ਸਿੰਘ ਸੈਣੀ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 306 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਕਲੱਬ ਦੇ ਪ੍ਰਧਾਨ ਦੀ ਚੋਣ ਜਿੱਤੀ। ਉਹਨਾਂ ਨੂੰ ਕੁੱਲ ਪੋਲ ਹੋਈਆਂ 441 ਵੋਟਾਂ ਵਿਚੋਂ 348 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਦੋਵੇਂ ਉਮੀਦਵਾਰ ਤਿੰਨ ਅੰਕਾਂ ਤੱਕ ਵੀ ਨਹੀਂ ਪਹੁੰਚ ਸਕੇ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜਤਿੰਦਰ ਸ਼ਰਮਾ ਨੂੰ ਕੇਵਲ 42 ਤੇ ਐਸ. ਕੇ. ਸਕਸੈਨਾ ਨੂੰ 35 ਵੋਟਾਂ ਹੀ ਮਿਲੀਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ 61 ਵੋਟਾਂ ਰੱਦ ਹੋਈਆਂ। ਪ੍ਰੋਗਰੈਸਿਵ ਮੀਡੀਆ ਮੰਚ ਨੇ ਇਨ੍ਹਾਂ ਚੋਣਾਂ ‘ਚ ਹੂੰਝਾ ਫੇਰ ਜਿੱਤ ਹਾਸਿਲ ਕਰਦੇ ਹੋਏ ਸਾਰੇ 9 ਅਹੁਦਿਆਂ ‘ਤੇ ਕਬਜ਼ਾ ਕੀਤਾ ਹੈ। ਹਾਲਾਂਕਿ ਮੰਚ ਦੇ ਤਿੰਨ ਉਮੀਦਵਾਰ ਸ਼ਿਵ ਸ਼ਰਮਾ (ਖ਼ਜ਼ਾਨਚੀ), ਰਾਜੇਸ਼ ਥਾਪਾ (ਸੀਨੀਅਰ ਮੀਤ ਪ੍ਰਧਾਨ) ਤੇ ਤੇਜਿੰਦਰ ਕੌਰ ਥਿੰਦ (ਮੀਤ ਪ੍ਰਧਾਨ) ਪਹਿਲਾਂ ਹੀ ਨਿਰਵਿਰੋਧ ਚੋਣ ਜਿੱਤ ਚੁੱਕੇ ਹਨ, ਜਦਕਿ ਪ੍ਰਧਾਨ ਸਮੇਤ 6 ਅਹੁਦਿਆਂ ਲਈ ਹੋਈਆਂ ਚੋਣਾਂ ‘ਚ ਅੱਜ ਮੰਚ ਦੇ ਉਮੀਦਵਾਰ ਪੁਨੀਤ ਸਹਿਗਲ ਜਨਰਲ ਸਕੱਤਰ, ਮਨਦੀਪ ਸ਼ਰਮਾ ਤੇ ਪਰਮਜੀਤ ਸਿੰਘ ਰੰਗਪੁਰੀ ਮੀਤ ਪ੍ਰਧਾਨ, ਰਾਜੇਸ਼ ਯੋਗੀ ਸਕੱਤਰ ਤੇ ਸੁਕਰਾਂਤ ਸੰਯੁਕਤ ਸਕੱਤਰ ਚੁਣੇ ਗਏ। ਨਵੇਂ ਬਣੇ ਜਨਰਲ ਸਕੱਤਰ ਪੁਨੀਤ ਸਹਿਗਲ ਨੂੰ 348 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜਤਿੰਦਰ ਸ਼ਰਮਾ ਨੂੰ ਕੇਵਲ 77 ਵੋਟਾਂ ਹੀ ਮਿਲੀਆਂ। ਇਸੇ ਤਰ੍ਹਾਂ ਮੀਤ ਪ੍ਰਧਾਨ ਚੁਣੇ ਗਏ ਮਨਦੀਪ ਸ਼ਰਮਾ ਨੂੰ 319 ਤੇ ਪਰਮਜੀਤ ਸਿੰਘ ਨੂੰ 285 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜਤਿੰਦਰ ਕੁਮਾਰ ਸ਼ਰਮਾ ਨੂੰ 77, ਸਕੱਤਰ ਚੁਣੇ ਗਏ ਰਾਜੇਸ਼ ਸ਼ਰਮਾ ਯੋਗੀ ਨੂੰ 363 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅਮਰਜੀਤ ਸਿੰਘ ਨੂੰ 61 ਵੋਟਾਂ ਹੀ ਮਿਲ ਸਕੀਆਂ। ਇਸੇ ਤਰ੍ਹਾਂ ਸੰਯੁਕਤ ਸਕੱਤਰ ਚੁਣੇ ਗਏ ਸੁਕਰਾਂਤ ਨੂੰ 305 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨਰਿੰਦਰ ਗੁਪਤਾ ਨੂੰ 120 ਵੋਟਾਂ ਮਿਲੀਆਂ।

