Mar 7, 2026

ਸਾਲ 2026 ਤੋਂ, ਵਿਦੇਸ਼ੀ ਮਾਲਕਾਂ ਅਤੇ ਉਹ ਮਾਲਕ ਜੋ ਵਿਸ਼ਵ ਪੱਧਰ ਤੇ ਟੈਕਸ ਨਹੀਂ ਭਰਦੇ, ਉਨ੍ਹਾਂ ਲਈ ਟੈਕਸ ਦਰ 3%, ਅਤੇ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਲਈ 1% ਹੋ ਜਾਵੇਗੀ-

 

ਵਿਕਟੋਰੀਆ – ਸੂਬੇ ਦੇ ਉਨ੍ਹਾਂ ਭਾਈਚਾਰਿਆਂ ਵਿੱਚ ਜਿੱਥੇ ਸਪੈਕਿਊਲੇਸ਼ਨ ਅਤੇ ਵੇਕੈਂਸੀ ਟੈਕਸ (speculation and vacancy tax, SVT) ਲਾਗੂ ਹੈ, ਦੇ ਮੇਅਰਾਂ ਦੀ ਸਲਾਨਾ ਰਿਪੋਰਟ ਮੁਤਾਬਕ, ਇਹ ਟੈਕਸ ਲੰਬੇ ਸਮੇਂ ਲਈ ਹੋਰ ਘਰ ਉਪਲਬਧ ਕਰਨ ਵਿੱਚ ਮਦਦ ਕਰ ਰਿਹਾ ਹੈ।

ਨਤੀਜੇ ਦੱਸਦੇ ਹਨ ਕਿ ਮਾਲਕ ਖਾਲੀ ਘਰਾਂ ਨੂੰ ਵਰਤਣ ਲਈ ਕਦਮ ਚੁੱਕ ਰਹੇ ਹਨ ਅਤੇ ਉਹ ਖਾਲੀ ਪ੍ਰੌਪਰਟੀਆਂ ਵਿੱਚ ਰਹਿਣ ਲੱਗੇ ਹਨ, ਕਿਰਾਏ ‘ਤੇ ਦੇ ਰਹੇ ਹਨ ਜਾਂ ਵੇਚ ਰਹੇ ਹਨ।

“ਰਿਹਾਇਸ਼ਾਂ ਨੂੰ ਕਿਫ਼ਾਇਤੀ ਬਣਾਉਣਾ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ, ਅਤੇ ਇਹ ਰਿਪੋਰਟ ਦੱਸਦੀ ਹੈ ਕਿ ਸਪੈਕਿਊਲੇਸ਼ਨ ਅਤੇ ਵੇਕੈਂਸੀ ਟੈਕਸ ਵਰਗੀਆਂ ਨੀਤੀਆਂ ਨਾਲ ਅਸਲ ਫਰਕ ਪੈ ਰਿਹਾ ਹੈ,” ਵਿੱਤ ਮੰਤਰੀ, ਬਰੈਨਡਾ ਬੇਲੀ ਨੇ ਕਿਹਾ। “ਅਸੀਂ ਬੀ.ਸੀ. ਦੀ ਹਾਊਸਿੰਗ ਮਾਰਕਿਟ ਨੂੰ ਸੱਟੇਬਾਜ਼ੀ ਲਈ ਖੁੱਲ੍ਹਾ ਨਹੀਂ ਛੱਡ ਸਕਦੇ। ਇਹ ਸਪੈਕਿਊਲੇਸ਼ਨ ਟੈਕਸ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਹੋਰ ਘਰ ਉਪਲਬਧ ਕਰ ਰਿਹਾ ਹੈ।“

ਬੀ.ਸੀ. ਵਿੱਚ ਰਹਿਣ ਵਾਲੇ 99% ਤੋਂ ਵੱਧ ਪ੍ਰੌਪਰਟੀ ਮਾਲਕਾਂ ਨੂੰ ਸੱਤਵੇਂ ਸਾਲ ਵਿੱਚ ਟੈਕਸ ਨਹੀਂ ਭਰਨਾ ਪਿਆ। ਮਾਲਕਾਂ ਦੀਆਂ ਮੁੱਖ ਰਿਹਾਇਸ਼ਾਂ ਵਜੋਂ ਵਰਤੀਆਂ ਜਾਣ ਵਾਲੀਆਂ ਜਾਂ ਕਿਰਾਏਦਾਰਾਂ ਦੁਆਰਾ ਰਹਿਣ ਵਾਲੀਆਂ ਪ੍ਰੌਪਰਟੀਆਂ ਲਈ ਛੋਟਾਂ ਦੀ ਗਿਣਤੀ ਲਗਭਗ 200,000 ਵਧ ਗਈ, ਜਿਸ ਦਾ ਮੁੱਖ ਕਾਰਨ 2024 ਵਿੱਚ ਟੈਕਸ ਦਾ ਵਿਸਤਾਰ 13 ਨਵੇਂ ਭਾਈਚਾਰਿਆਂ ਵਿੱਚ ਕਰਨਾ ਹੈ।

ਬੀ.ਸੀ. ਵਿੱਚ ਹੋਰ ਘਰਾਂ ਲਈ ਵਿੱਤੀ ਸਹਾਇਤਾ

ਇਸ ਟੈਕਸ ਤੋਂ ਆਉਣ ਵਾਲੀ ਸਾਰੀ ਆਮਦਨ ਸਿੱਧੇ ਤੌਰ ‘ਤੇ ਉਹਨਾਂ ਖੇਤਰਾਂ ਵਿੱਚ ਕਿਫ਼ਾਇਤੀ ਘਰਾਂ ਦੀਆਂ ਪਹਿਲਕਦਮੀਆਂ ਲਈ ਵਰਤੀ ਜਾਂਦੀ ਹੈ ਜਿੱਥੇ ਇਹ ਟੈਕਸ ਲਾਗੂ ਹੁੰਦਾ ਹੈ। 2024 ਵਿੱਚ ਇਸ ਟੈਕਸ ਰਾਹੀਂ $79.6 ਮਿਲੀਅਨ ਇਕੱਠੇ ਹੋਏ, ਅਤੇ ਹੁਣ ਤੱਕ ਕੁੱਲ $550 ਮਿਲੀਅਨ ਇਕੱਠੇ ਹੋ ਚੁੱਕੇ ਹਨ। 2024-25 ਵਿੱਤੀ ਸਾਲ ਵਿੱਚ, ਬੀ.ਸੀ. ਸਰਕਾਰ ਨੇ SVT ਨਿਰਧਾਰਿਤ ਖੇਤਰਾਂ ਵਿੱਚ ਰਿਹਾਇਸ਼ਾਂ ਲਈ $1.9 ਬਿਲੀਅਨ ਨਿਵੇਸ਼ ਕੀਤਾ।

2026 ਲਈ ਤਬਦੀਲੀਆਂ

ਸੂਬਾ ਹਰ ਸਾਲ SVT ਵਿੱਚ ਤਬਦੀਲੀਆਂ ਬਾਰੇ ਵਿਚਾਰ ਕਰਦਾ ਹੈ ਤਾਂ ਜੋ ਇਹ ਟੈਕਸ ਭਾਈਚਾਰਿਆਂ ਲਈ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰੇ ਅਤੇ ਬੀ.ਸੀ. ਦੇ ਲੋਕਾਂ ਲਈ ਘਰ ਉਪਲਬਧ ਕਰੇ। ਸੱਤਵੇਂ ਸਾਲ ਵਿੱਚ, 2026 ਲਈ SVT ਵਿੱਚ ਆਉਣ ਵਾਲੀਆਂ ਤਬਦੀਲੀਆਂ ਵਿੱਚ ਸ਼ਾਮਲ ਹਨ:

  • ਜਿਵੇਂ ਕਿ ਬੱਜਟ 2025 ਵਿੱਚ ਐਲਾਨ ਕੀਤਾ ਗਿਆ ਸੀ, ਵਿਦੇਸ਼ੀ ਮਾਲਕਾਂ ਅਤੇ ਉਹ ਮਾਲਕ ਜਿਨ੍ਹਾਂ ਦੀ ਜ਼ਿਆਦਾਤਰ ਆਮਦਨ ਕੈਨੇਡਾ ਵਿੱਚ ਦਰਜ ਨਹੀਂ ਹੈ, ਉਨ੍ਹਾਂ ਲਈ 2026 ਦੇ ਟੈਕਸ ਸਾਲ ਤੋਂ ਟੈਕਸ ਦੀ ਦਰ 3% ਹੋ ਜਾਵੇਗੀ, ਜੋ ਪਹਿਲਾਂ 2% ਸੀ। ਇਹ ਉਸ ਸੁਤੰਤਰ ਸਲਾਹ ਦੇ ਅਧਾਰ ‘ਤੇ ਹੈ ਕਿ SVT ਦੀ ਦਰ ਵਧਾਉਣ ਨਾਲ ਲੋਕਾਂ ਨੂੰ ਆਪਣੇ ਖਾਲੀ ਘਰ ਵਰਤਣ, ਕਿਰਾਏ ‘ਤੇ ਦੇਣ ਜਾਂ ਮਾਰਕਿਟ ਵਿੱਚ ਰੱਖਣ ਲਈ ਹੋਰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
  • ਖਾਲੀ ਜਾਂ ਘੱਟ ਵਰਤੇ ਜਾਣ ਵਾਲੇ ਘਰਾਂ ਵਾਲੇ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਲਈ ਟੈਕਸ ਦੀ ਦਰ 0.5% ਤੋਂ ਵਧਾ ਕੇ 1% ਕੀਤੀ ਜਾਵੇਗੀ।
  • ਬੀ.ਸੀ. ਵਸਨੀਕਾਂ ਲਈ ਟੈਕਸ ਕ੍ਰੈਡਿਟ $2,000 ਤੋਂ ਵਧਾ ਕੇ $4,000 ਕੀਤਾ ਜਾਵੇਗਾ। ਇਹ ਕ੍ਰੈਡਿਟ ਉਹਨਾਂ ਲਈ ਹੈ ਜੋ ਟੈਕਸ ਤੋਂ ਮਿਲਣ ਵਾਲੀਆਂ 20 ਤੋਂ ਵੱਧ ਛੋਟਾਂ ਲਈ ਯੋਗ ਨਹੀਂ ਹਨ।

ਸਾਲ 2025 ਵਿੱਚ ਸੂਬੇ ਵਿੱਚ ਖਾਲੀ ਘਰਾਂ ਦੀ ਦਰ ਵਿੱਚ ਕਾਫੀ ਵਾਧਾ ਹੋਇਆ ਹੈ, ਜਿਸ ਵਿੱਚ ਉਹ ਭਾਈਚਾਰੇ ਵੀ ਸ਼ਾਮਲ ਹਨ ਜਿੱਥੇ SVT ਲਾਗੂ ਹੁੰਦਾ ਹੈ, ਜਿਵੇਂ ਕਿ ਕਲੋਨਾ, ਚਿਲੀਵੈਕ, ਵੈਨਕੂਵਰ, ਵਿਕਟੋਰੀਆ ਅਤੇ ਐਬਟਸਫੋਰਡ-ਮਿਸ਼ਨ। ਹਾਲ ਹੀ ਦੀ Rentals.ca ਦੀ ਰਿਪੋਰਟ ਦਿਖਾਉਂਦੀ ਹੈ ਕਿ ਬੀ.ਸੀ. ਵਿੱਚ ਕਿਰਾਏ ਦੀਆਂ ਕੀਮਤਾਂ ਲਗਾਤਾਰ ਘਟ ਰਹੀਆਂ ਹਨ, ਖ਼ਾਸ ਤੌਰ ‘ਤੇ ਉਹਨਾਂ ਖੇਤਰਾਂ ਵਿੱਚ ਜਿੱਥੇ SVT ਲਾਗੂ ਹੈ, ਜਿਵੇਂ ਨਿਊ ਵੈਸਟਮਿੰਸਟਰ, ਵੈਨਕੂਵਰ ਅਤੇ ਸਰ੍ਹੀ।

ਕੈਨੇਡਾ ਵੱਲੋਂ ਫੈਡਰਲ ‘ਅੰਡਰਯੂਜ਼ਡ ਹਾਊਸਿੰਗ ਟੈਕਸ’ (Underused Housing Tax) ਖਤਮ ਕਰਨ ਨਾਲ, ਬੀ.ਸੀ. ਲਈ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਸੱਟੇਬਾਜ਼ੀ ਨੂੰ ਰੋਕਿਆ ਜਾਵੇ ਤਾਂ ਜੋ ਲੋਕਾਂ ਨੂੰ ਵਧੀਆ ਰਿਹਾਇਸ਼ਾਂ ਮਿਲ ਸਕਣ। ਸਪੈਕਿਊਲੇਸ਼ਨ ਅਤੇ ਵੇਕੈਂਸੀ ਟੈਕਸ ਬੀ.ਸੀ. ਦੀ ‘ਹੋਮਜ਼ ਫ਼ਾਰ ਪੀਪਲ’ ਯੋਜਨਾ ਦਾ ਹਿੱਸਾ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਹੋਰ ਲੋਕ ਉਹਨਾਂ ਭਾਈਚਾਰਿਆਂ ਵਿੱਚ ਕਿਫ਼ਾਇਤੀ ਘਰ ਲੱਭ ਸਕਣ ਜਿੱਥੇ ਉਹ ਰਹਿੰਦੇ ਅਤੇ ਕੰਮ ਕਰਦੇ ਹਨ।