ਪ੍ਰਮੁੱਖ ਸ਼ਖਸੀਅਤਾਂ ਵਲੋਂ ਵਿਦਿਆਰਥੀਆਂ ਨੂੰ ਰੌਸ਼ਨ ਭਵਿਖ ਲਈ ਸ਼ੁਭ ਕਾਮਨਾਵਾਂ-
(ਸੁਰਿੰਦਰ ਸਿੰਘ ਜੱਬਲ):- ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੂੰ ਬਣੇ ਹੋਏ ਇਤਿਹਾਸਕ ਤੌਰ ਤੇ ਅੱਜ 53 ਸਾਲ ਹੋ ਗਏ ਹਨ ਅਤੇ ਸਰੀ ਵਿਚ 8365 ਸਟਰੀਟ ਤੇ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਇਮਾਰਤ ਉਸਾਰਨ ਅਤੇ ਸੰਗਤ ਨੂੰ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਪ੍ਰਦਾਨ ਕਰਦਿਆਂ ਅੱਜ 15 ਵਰਿਆਂ ਦਾ ਸਫਰ ਤੈਅ ਕਰ ਲਿਆ ਹੈ।ਧਾਰਮਿਕ, ਸਮਾਜਿਕ, ਅਤੇ ਰਾਜਸੀ ਖੇਤਰਾਂ ਵਿਚ ਕਮਿਉਨਿਟੀ ਦੀ ਭਲਾਈ ਅਤੇ ਸੰਸਾਰਿਕ ਭਲੇ ਲਈ ਯੱਥਾਸ਼ਕਤਿ ਯੋਗਦਾਨ ਪਾਇਆ ਜਾਂਦਾ ਰਿਹਾ ਹੈ।ਸਮੇਂ ਸਮੇਂ ਸਿਰ ਦੇਸ ਵਿਦੇਸ ਵਿਚ ਵਾਪਰਦੀਆਂ ਭੀੜਾਂ ਲਈ ਦਾਨ ਇਕੱਠਾ ਕਰਕੇ ਸਮਾਜ ਸੇਵੀ ਸੰਸਥਾਵਾਂ ਨਾਲ ਹੱਥ ਵਟਾਇਆ ਜਾਂਦਾ ਹੈ।ਪੜ੍ਹਾਈ ਦੇ ਖੇਤਰ ਵਿਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਬੰਧਕਾਂ ਨੇ ਸੁਸਾਇਟੀ ਦੇ ਇਤਿਹਾਸ ਵਿਚ ਪਹਿਲਕਦਮੀ ਦੇ ਰੂਪ ਵਿਚ 14 ਦਸੰਬਰ 2025 ਨੂੰ ਇਕ ਹੋਰ ਪੁਲਾਂਘ ਪੁੱਟ ਕੇ ਐਜੂਕੇਸ਼ਨ ਦੇ ਖੇਤਰ ਵਿਚ ਅਗਾਂਹ ਪੜ੍ਹ ਰਹੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ਹੈ।ਸੁਸਾਇਟੀ ਵਲੋਂ ਪੰਜ ਬੱਚਿਆਂ (ਵਿਦਿਆਰਥੀਆਂ) ਨੂੰ ਇਕ ਇਕ ਹਜ਼ਾਰ ਡਾਲਰ ਦਾ ਸਕਾਲਰਸ਼ਿੱਪ ਸੰਗਤ ਦੀ ਹਾਜ਼ਰੀ ਵਿਚ ਦਿੱਤਾ ਗਿਆ।ਜਿਨ੍ਹਾਂ ਨੂੰ ਸਕਾਲਰਸ਼ਿੱਪ ਪ੍ਰਦਾਨ ਕੀਤੀ ਗਈ ਉਹਨਾਂ ਦੇ ਨਾਉਂ ਮਨਲੀਨ ਕੌਰ ਧਾਲੀਵਾਲ, ਧਰਿਤੀ ਕਪੂਰ, ਤੇਜ ਕੌਰ ਸਰਾਂ, ਗੁਰਜੋਤ ਸਿੰੰਘ ਭੰਗੂ ਅਤੇ ਹੈਵਨਪ੍ਰੀਤ ਵਿਰਕ ਹਨ ਜੋ ਕਿ ਐਨਵਰ ਕਰੀਕ ਅਤੇ ਫਰੈਂਕ ਹਰਟ ਸਕੂਲ ਦੇ ਵਿਦਿਆਰਥੀ ਹਨ।ਸਰੀ ਸਕੂਲ ਬੋਰਡ ਟਰੱਸਟੀਜ਼ ਦੇ ਚੇਅਰਮੈਨ ਗੈਰੀ ਟਾਈਮੋਚਕ, ਡਿਪਟੀ ਚੇਅਰਮੈਨ ਗੈਰੀ ਥਿੰਦ ਅਤੇ ਸਰੀ 36 ਸਕੂਲ ਡਿਸਟ੍ਰਿਕਟ ਦੀ ਆਫਿਸ ਕਲਰਕ ਜੂਨ ਓਅਨਜ਼ ਇਸ ਸਕਾਲਰਸ਼ਿੱਪ ਸਮਾਰੋਹ ਵਿਚ ਗੁਰਦੁਆਰਾ ਸਾਹਿਬ ਬਰੁੱਸਾਈਡ ਵਿਚ ਹਾਜ਼ਰ ਸਨ। ਸੁਸਾਇਟੀ ਮੈਂਬਰ ਪ੍ਰਮਜੀਤ ਕੌਰ ਜੱਬਲ ਨੇ ਇਸ ਸਮਾਰੋਹ ਨੂੰ ਸਫਲ ਕਰਨ ਵਿਚ ਪ੍ਰਬੰਧਕ ਕਮੇਟੀ ਦਾ ਵੱਧ ਚੜ੍ਹ ਕੇ ਹੱਥ ਵਟਾਇਆ।ਸਰੀ ਸਕੂਲ ਬੋਰਡ ਦੇ ਟਰੱਸਟੀਆਂ ਗੈਰੀ ਟਾਈਮੋਚਕ ਅਤੇ ਗੈਰੀ ਥਿੰਦ ਵਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸ੍ਰਪਰੱਸਤ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਦੇ ਕੇ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ। ਸੁਸਾਇਟੀ ਮੈਂਬਰਾਂ ਚਰਨਜੀਤ ਸਿੰਘ ਮਰਵਾਹਾ, ਮੋਤਾ ਸਿੰਘ ਝੀਤਾ ਤੇ ਸੁਰਿੰਦਰ ਸਿੰਘ ਜੱਬਲ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਚੰਗੇ ਭਵਿੱਖ ਲਈ ਵਧਾਈਆਂ ਪੇਸ਼ ਕੀਤੀਆਂ ਤੇ ਵਿਦਿਅਕ ਅਤੇ ਗਿਆਨ ਦੇ ਖੇਤਰ ਵਿਚ ਸਕਾਲਰਸ਼ਿੱਪ ਰਾਹੀਂ “ਵਿਦਿਆ ਵੀਚਾਰੀ ਤਾਂ ਪਰਉਪਕਾਰੀ” ਭਾਵਨਾ ਲਈ ਕਮੇਟੀ ਤੇ ਸੁਸਾਇਟੀ ਮੈਬਰਾਂ ਦੇ ਚੰਗੇ ਕੰਮ ਦੀ ਸਲਾਹਨਾ ਕੀਤੀ। ਇਥੇ ਇਹ ਵੀ ਵਰਨਨਯੋਗ ਹੈ ਕਿ ਐਨਵਰ ਕਰੀਕ ਅਤੇ ਫਰੈਂਕ ਹਰਟ ਸਕੂਲ ਦੇ ਵਿਦਿਆਰਥੀ ਵਿਸਾਖੀ ਤੇ ਹੋਰ ਤਿਓਹਾਰਾਂ ਉਤੇ ਫੰਡ ਇਕੱਠਾ ਕਰਨ ਲਈ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਟੇਬਲ ਲਗਾ ਕੇ ਆਪੋ ਆਪਣੇ ਸਕੂਲ਼ਾਂ ਲਈ ਸੇਵਾ ਅਕਸਰ ਹੀ ਕਰਦੇ ਰਹਿੰਦੇ ਹਨ।

