Mar 7, 2026

ਪਰਵਾਸੀਆਂ  ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਚਰਚਾ- ਐਨ ਆਰ ਆਈ ਸਭਾ ਪੰਜਾਬ ਦੀਆਂ ਚੋਣਾਂ ਸਮੇਂ ਸਿਰ ਕਰਵਾਉਣ ਦੇ ਨਿਰਦੇਸ਼-

ਚੰਡੀਗੜ- ਬੀਤੇ ਦਿਨ ਐਨ ਆਰ ਆਈ ਕਮਿਸ਼ਨ  ਦੇ ਡਾਇਰੈਕਟਰ ਸ ਸਕੱਤਰ ਸਿੰਘ ਸੰਧੂ ਦੀ ਅਗਵਾਈ ਹੇਠ ਐਨਆਰਆਈ ਦਾ ਇਕ  ਵਫਦ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਸੰਜੀਵ ਅਰੋੜਾ ਨੂੰ ਮਿਲਿਆ। ਵਫਦ ਵਿਚ ਸ਼ਾਮਿਲ ਹਰਨੇਕ ਸਿੰਘ ਮਠਾੜੂ, ਪੀਟਰ ਸੰਧੂ, ਬਲਵਿੰਦਰ ਸਿੰਘ ਵੜੈਚ ਅਤੇ ਮੇਵਾ ਸਿੰਘ ਗਿੱਲ ਨੇ ਮੰਤਰੀ ਨਾਲ  ਮੁਲਾਕਾਤ ਦੌਰਾਨ ਉਹਨਾਂ ਨਾਲ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਉਪਰ ਚਰਚਾ ਕੀਤੀ। ਉਹਨਾਂ ਮੰਤਰੀ ਨੂੰ ਐਨ ਆਰ ਆਈ ਸਭਾ ਪੰਜਾਬ ਦੀਆਂ ਲੰਬਿਤ ਪਈਆਂ ਚੋਣਾਂ, ਰਾਜਧਾਨੀ ਚੰਡੀਗੜ੍ਹ ਵਿੱਚ ਐਨ ਆਰ ਆਈ ਭਵਨ ਦੀ ਲੋੜ, ਪੰਜਾਬ ਵਿੱਚ ਐਨ ਆਰ ਆਈ ਅਸਲਾ ਲਾਇਸੈਂਸ ਦੀ ਵਿਸ਼ੇਸ਼ ਸ਼੍ਰੇਣੀ ਅਤੇ ਐਨਆਰਆਈ ਮਾਮਲਿਆਂ ਦੇ ਜਲਦ ਨਿਪਟਾਰੇ ਲਈ ਐਨ ਆਰ ਆਈ ਕਮਿਸ਼ਨ ਦੇ 2002 ਦੇ ਬਾਈਲਾਅਜ ਤਹਿਤ ਅੰਮ੍ਰਿਤਸਰ, ਲੁਧਿਆਣਾ, ਮੋਗਾ, ਨਵਾਂਸ਼ਹਿਰ ਅਤੇ ਮੋਹਾਲੀ ਵਿੱਚ ਪੰਜ ਐਨਆਰਆਈ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਦੀ ਮੰਗ ਕੀਤੀ ਗਈ। ਇਸ ਦੌਰਾਨ ਐਨ ਆਰ ਆਈ ਮੰਤਰੀ ਨੇ ਵਫਦ ਵਲੋਂ ਉਠਾਏ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਤੇ ਵਿਭਾਗ ਦੇ ਵਧੀਕ ਸਕੱਤਰ ਰੁਬਿੰਦਰਜੀਤ ਬਰਾੜ ਨੂੰ ਇਹਨਾਂ ਮੁੱਦਿਆਂ ਉਪਰ ਅਗਲੇਰੀ ਕਾਰਵਾਈ ਆਰੰਭਣ ਅਤੇ  ਚੰਡੀਗੜ੍ਹ ਵਿੱਚ ਐਨਆਰਆਈ ਭਵਨ ਦੀ ਉਸਾਰੀ ਯੋਜਨਾ ਦੇ ਨਿਰਦੇਸ਼ ਦਿੱਤੇ।

ਮੀਟਿੰਗ ਉਪਰੰਤ ਐਨ ਆਰ ਆਈ ਕਮਿਸ਼ਨ ਦੇ ਡਾਇਰੈਕਟਰ ਸ ਸਕੱਤਰ ਸਿੰਘ ਸੰਧੂ ਨੇ ਦੱਸਿਆ ਕਿ ਮੰਤਰੀ ਨੇ ਉਹਨਾਂ ਦੀਆਂ ਮੰਗਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਤੇ ਮੌਕੇ ਤੇ ਇਹਨਾਂ ਉਪਰ ਕਾਰਵਾਈ ਲਈ ਨਿਰਦੇਸ਼ ਦਿੱਤੇ। ਉਹਨਾਂ ਦੱਸਿਆ ਕਿ ਮੰਤਰੀ ਨੇ ਐਨ ਆਰ ਆਈ ਸਭਾ ਪੰਜਾਬ ਦੀਆਂ ਚੋਣਾਂ ਕਰਵਾਏ ਜਾਣ ਲਈ ਤੁਰੰਤ ਪ੍ਰਕਿਰਿਆ ਆਰੰਭ ਕਰਨ ਲਈ ਕਿਹਾ। ਉਹਨਾਂ ਵਲੋਂ ਸਭਾ ਦੇ ਲਾਈਫ ਮੈਂਬਰਾਂ ਲਈ 5 ਸਾਲ ਲਈ ਮੈਂਬਰਸ਼ਿਪ ਨਵਿਆਉਣ ਦੀ ਸ਼ਰਤ ਉਪਰ ਕਿਹਾ ਕਿ ਲਾਈਫ ਮੈਂਬਰ ਚੋਣਾਂ ਮੌਕੇ ਤੈਅ ਫੀਸ ਅਦਾ ਕਰਕੇ ਮੈਂਬਰਸ਼ਿਪ ਨਵਿਆਉਣ ਅਤੇ ਵੋਟ ਪਾਉਣ ਦੇ ਹੱਕਦਾਰ ਹੋਣਗੇ। ਉਹਨਾਂ ਰਾਜਧਾਨੀ ਚੰਡੀਗੜ ਵਿਚ ਬਾਹਰੋਂ ਆਉਣ ਵਾਲੇ ਐਨ ਆਰ ਆਈ ਦੀ ਸਹੂਲਤ ਲਈ ਐਨ ਆਰ ਆਈ ਭਵਨ ਉਸਾਰੇ ਦੀ ਮੰਗ ਉਪਰ ਵੀ ਗੌਰ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਅਤੇ ਉਚ ਅਧਿਕਾਰੀਆਂ ਨਾਲ ਇਸ ਸਬੰਧ ਗੱਲ ਕਰਨਗੇ ਤੇ ਪਰਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਨ ਲਈ ਹਰ ਸੰਭਵ ਕਾਰਵਾਈ ਕਰਨਗੇ।