Mar 7, 2026

ਵਿਕਟੋਰੀਆ – ਕ੍ਰਿਸਮਸ ਦੇ ਮੌਕੇ ‘ਤੇ ਪ੍ਰੀਮੀਅਰ ਡੇਵਿਡ ਈਬੀ ਨੇ ਇਕ ਬਿਆਨ ਰਾਹੀ ਕ੍ਰਿਸਮਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਉਹਨਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ

“ਕ੍ਰਿਸਮਸ ਖੁਸ਼ੀਆਂ ਮਨਾਉਣ, ਦੇਣ ਦੀ ਭਾਵਨਾ ਨੂੰ ਉਭਾਰਨ ਅਤੇ ਇਕੱਠੇ ਹੋਣ ਦਾ ਸਮਾਂ ਹੈ। ਸੂਬੇ ਭਰ ਦੇ ਲੋਕ ਖਾਸ ਤੋਹਫ਼ਿਆਂ, ਸੁਆਦਲੇ ਖਾਣਿਆਂ ਅਤੇ ਸਜਾਵਟਾਂ ਦੀਆਂ ਤਿਆਰੀਆਂ ਮੁਕੰਮਲ ਕਰ ਰਹੇ ਹਨ, ਅਤੇ ਮੈਂ ਇਸ ਮੌਕੇ ‘ਤੇ ਤੁਹਾਡੇ ਵੱਲੋਂ ਦਿਖਾਈ ਉਦਾਰਤਾ ਦਾ ਧੰਨਵਾਦ ਕਰਦਾ ਹਾਂ ਅਤੇ ਤੁਹਾਨੂੰ ਸੁਰੱਖਿਅਤ, ਸ਼ਾਂਤਮਈ ਅਤੇ ਯਾਦਗਾਰ ਤਿਉਹਾਰ ਦੀਆਂ ਵਧਾਈਆਂ ਦਿੰਦਾ ਹਾਂ।

“ਕ੍ਰਿਸਮਸ ਈਸਾਈ ਕੈਲੰਡਰ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ, ਜੋ ਯਿਸੂ ਮਸੀਹ (ਜੀਸਸ ਕ੍ਰਾਈਸਟ) ਦੇ ਜਨਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਈਸਾਈ ਭਾਈਚਾਰੇ ਦੇ ਲੋਕ ਇਸ ਦਿਨ ਚਰਚ ਦੀਆਂ ਖਾਸ ਪ੍ਰਾਰਥਨਾ ਸਭਾਵਾਂ ਵਿੱਚ ਸ਼ਾਮਲ ਹੋ ਕੇ, ਪਰਿਵਾਰ ਅਤੇ ਦੋਸਤਾਂ ਨਾਲ ਇਕੱਠੇ ਹੁੰਦੇ ਹਨ ਅਤੇ ਸ਼ਾਂਤੀ, ਪਿਆਰ, ਨਿਮਰਤਾ ਅਤੇ ਹੋਰਾਂ ਦੀ ਸੇਵਾ ਵਰਗੀਆਂ ਪ੍ਰਭੂ ਦੀਆਂ ਸਿੱਖਿਆਵਾਂ ‘ਤੇ ਵਿਚਾਰ ਕਰਦੇ ਹਨ। ਇਹ ਕਦਰਾਂ-ਕੀਮਤਾਂ ਈਸਾਈ ਧਰਮ ਦੀ ਬੁਨਿਆਦ ਹਨ ਅਤੇ ਹਰ ਪਿਛੋਕੜ ਦੇ ਲੋਕਾਂ ਨੂੰ ਇਸ ਸਮੇਂ ਦੌਰਾਨ ਮਿਲਕੇ ਖੁਸ਼ੀਆਂ ਸਾਂਝੀਆਂ ਕਰਨ ਲਈ ਪ੍ਰੇਰਿਤ ਕਰਦੀਆਂ ਹਨ।

“ਇਹ ਸਾਲ ਬੀ.ਸੀ. ਅਤੇ ਦੁਨੀਆ ਭਰ ਦੇ ਲੋਕਾਂ ਲਈ ਚੁਣੌਤੀਆਂ ਅਤੇ ਅਣਿਸ਼ਚਿਤਤਾ ਨਾਲ ਭਰਿਆ ਰਿਹਾ। ਪਰ ਇਸ ਤਿਉਹਾਰ  ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਜਦੋਂ ਹਾਲਾਤ ਔਖੇ ਹੁੰਦੇ ਹਨ, ਉਦੋਂ ਬ੍ਰਿਟਿਸ਼ ਕੋਲੰਬੀਆ ਦੇ ਲੋਕ ਇੱਕ ਦੂਜੇ ਨਾਲ ਖੜ੍ਹੇ ਰਹਿੰਦੇ ਹਨ।

“ਸੂਬੇ ਭਰ ਵਿੱਚ ਹਰ ਉਮਰ ਦੇ ਲੋਕ ਇਸ ਤਿਉਹਾਰ ਦੀਆਂ ਖੁਸ਼ੀਆਂ ਵੰਡ ਰਹੇ ਹਨ। ਸਕੂਲਾਂ ਦੇ ਭਾਈਚਾਰੇ ਲੋੜਵੰਦ ਬੱਚਿਆਂ ਲਈ ਖਿਡੌਣੇ ਇਕੱਠੇ ਕਰਨ ਲਈ ਡਰਾਈਵਾਂ ਵਿੱਚ ਯੋਗਦਾਨ ਪਾ ਰਹੇ ਹਨ, ਕ੍ਰਿਸਮਸ ਹੈਮਪਰ ਤਿਆਰ ਕਰ ਰਹੇ ਹਨ ਅਤੇ ਸਥਾਨਕ ਫੂਡ ਬੈਂਕਾਂ ਦੀ ਮਦਦ ਕਰ ਰਹੇ ਹਨ। ਪੜੋਸੀ ਸੜਕਾਂ ਤੋਂ ਬਰਫ਼ ਹਟਾ ਰਹੇ ਹਨ, ਰੋਜ਼ਾਨਾ ਕੰਮਾਂ ਵਿੱਚ ਮਦਦ ਕਰ ਰਹੇ ਹਨ ਅਤੇ ਇਕੱਲੇ ਰਹਿੰਦੇ ਬਜ਼ੁਰਗਾਂ ਦੀ ਖੈਰੀਅਤ ਪੁੱਛ ਰਹੇ ਹਨ। ਵੱਡੇ ਅਤੇ ਛੋਟੇ ਭਾਈਚਾਰੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਦਾ ਸਾਥ ਦੇ ਰਹੇ ਹਨ ਤਾਂ ਜੋ ਹਰ ਕੋਈ ਇਸ ਸਮੇਂ ਦੀ ਖੁਸ਼ੀ ਸਾਂਝੀ ਕਰ ਸਕੇ।

“ਇਹ ਨੇਕੀ ਦੇ ਕੰਮ ਕ੍ਰਿਸਮਸ ਦੀ ਭਾਵਨਾ ਅਤੇ ਬ੍ਰਿਟਿਸ਼ ਕੋਲੰਬੀਆ ਦੀ ਸੱਚੀ ਰੂਹ ਨੂੰ ਦਰਸਾਉਂਦੇ ਹਨ।

“ਸਾਡਾ ਪਰਿਵਾਰ ਦੋਸਤਾਂ, ਰਿਸ਼ਤੇਦਾਰਾਂ ਅਤੇ ਦਾਦਾ-ਦਾਦੀ, ਨਾਨਾ-ਨਾਨੀ ਨਾਲ ਮਿਲ ਕੇ ਕ੍ਰਿਸਮਸ ਮਨਾਵੇਗਾ, ਅਤੇ ਸਾਂਝੀਆਂ ਬਰਕਤਾਂ ਲਈ ਧੰਨਵਾਦ ਕਰਦਿਆਂ ਆਉਣ ਵਾਲੇ ਸਾਲ ਵਿੱਚ ਘਰ, ਸਕੂਲ ਅਤੇ ਕੰਮ ਵਿੱਚ ਇੱਕ ਬਿਹਤਰ ਸੰਸਾਰ ਬਣਾਉਣ ਲਈ ਵਚਨਬੱਧ ਰਹੇਗਾ।

“ਮੇਰੇ ਪਰਿਵਾਰ ਵੱਲੋਂ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ!”