2600 ਤੋਂ ਉਪਰ ਪ੍ਰਾਰਥੀ ਕਰ ਰਹੇ ਸਨ ਫਾਈਲਾਂ ਦੇ ਪ੍ਰਵਾਨ ਹੋਣ ਦੀ ਉਡੀਕ-
ਵਿੰਨੀਪੈਗ (ਸੁਰਿੰਦਰ ਮਾਵੀ)-ਕੈਨੇਡਾ ਦੇ ਸੂਬੇ ਓਨਟਾਰੀਓ ਵੱਲੋਂ ਆਪਣੇ ਸੂਬਾਈ ਨੌਮੀਨੀ ਪ੍ਰੋਗਰਾਮ ਤਹਿਤ ਚਲਦੀ ਸਕਿੱਲਡ ਟਰੇਡਜ਼ ਸਟ੍ਰੀਮ ਮੁਅੱਤਲ ਕਰ ਦਿੱਤੀ ਗਈ ਸੀ । ਨਤੀਜੇ ਵਜੋਂ ਇਸ ਅਧੀਨ ਲੱਗੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਹਜ਼ਾਰਾਂ ਬਿਨੈਕਾਰ ਆਪਣੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹਨ। ਤਕਰੀਬਨ 2600 ਪ੍ਰਾਰਥੀ ਆਪਣੀ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਹੇ ਸਨ।
ਇਸ ਸਬੰਧਿਤ 99 ਗਲਿੱਡਨ ਰੋਡ ਬਰੈਂਪਟਨ ਦੇ ਹਾਲ ਵਿੱਚ ਵਿਦਿਆਰਥੀਆਂ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਦੀਆਂ ਫਾਈਲਾਂ ਵਾਪਸ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ।ਸਟੇਜ ਸੈਕਟਰੀ ਨਵਜੋਤ ਕੌਰ, ਸੋਹਣ ਸਿੰਘ ਤੇ ਕੁਲਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡੀਆਂ ਫਾਈਲਾਂ ਨੂੰ ਰਿਟਰਨ ਕਰਨ ਦਾ ਕੋਈ ਵੀ ਕਾਰਨ ਪੀੜਤ ਵਿਦਿਆਰਥੀਆਂ ਨਾਲ ਸਾਂਝਾ ਕਰਨ ਦੀ ਬਜਾਏ ਇਹ ਨਿਰਆਧਾਰ ਦੋਸ਼ ਲਗਾਇਆ ਗਿਆ ਕਿ ਤੁਸੀਂ ਫਰਾਡ ਕੀਤਾ ਹੈ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਨੇ ਫਰਾਡ ਕੀਤਾ ਹੈ ਕੋਈ ਡਾਕੂਮੈਂਟ ਗ਼ਲਤ ਲਗਾਇਆ ਹੈ ਉਹਨਾਂ ਦੇ ਅਸੀਂ ਵੀ ਖ਼ਿਲਾਫ਼ ਹਾਂ ਪਰੰਤੂ ਸਾਰੇ ਸਕਿੱਲਡ ਵਿਦਿਆਰਥੀਆਂ ਦੀਆਂ ਫਾਈਲਾਂ ਰੱਦ ਕਰਨੀਆਂ ਸਰਾਸਰ ਬੇਇਨਸਾਫ਼ੀ ਹੈ।ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪ੍ਰਣ ਲਿਆ ਕਿ ਅਸੀਂ ਇਸ ਧੱਕੇਸ਼ਾਹੀ ਦੇ ਵਿਰੁੱਧ ਸੰਘਰਸ਼ ਜਾਰੀ ਰੱਖਾਂਗੇ।ਵਿਦਿਆਰਥੀ ਨਿਹਾਲ ਕੌਰ ,ਜਗਜੀਤ ਸਿੰਘ,ਮਿਲਨਦੀਪ ਸਿੰਘ,ਅਭਿਸ਼ੇਕ,ਅਮਰਦੀਪ ਸਿੰਘ,ਮਹਿਕਦੀਪ ਸਿੰਘ ਤੇ ਵਿਕਰਮ ਕੁਲੇਵਾਲ ਨੇ ਬੜੀ ਡਿਟੇਲਜ਼ ਵਿੱਚ ਧਰਨੇ ਦੀ ਬਾਜਵੀਅਤ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਇਸ ਵਰਤਾਰੇ ਨੂੰ ਪੂਰੀ ਦੁਨੀਆ ਵਿੱਚ ਵਾਪਰ ਰਹੇ ਵਰਤਾਰਿਆਂ ਦੀ ਰੌਸ਼ਨੀ ਵਿੱਚ ਤੇ ਸਾਮਰਾਜੀ ਸੰਕਟ ਦੇ ਤੌਰ ਤੇ ਸਮਝਣ ਦੀ ਲੋੜ ਹੈ।
ਸਟੇਜ ਸਕੱਤਰ ਨਵਜੋਤ ਕੌਰ ਤੇ ਮਹਿਕਦੀਪ ਸਿੰਘ ਨੇ ਸਾਂਝਾ ਫ਼ਰੰਟ ਬਣਾ ਕੇ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ। ਐਸੋਸੀਏਸ਼ਨ ਆਫ਼ ਸੀਨੀਅਰਜ਼ ਦੇ ਪ੍ਰਧਾਨ ਜੰਗੀਰ ਸਿੰਘ ਸਹਿੰਬੀ ਨੇ ਵਿਦਿਆਰਥੀਆਂ ਦੀ ਸਹਾਇਤਾ ਲਈ ਪਹਿਲਾਂ ਕੀਤੇ ਯਤਨਾਂ ਅਤੇ ਪ੍ਰਧਾਨ ਮੰਤਰੀ ਤੇ ਹੋਰ ਮੰਤਰੀਆਂ ਨੂੰ ਕੀਤੀਆਂ ਈ ਮੇਲ਼ਾਂ ਦਾ ਜ਼ਿਕਰ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਪੀ ਆਰ ਕਰਵਾਉਣ ਤੱਕ ਸੰਘਰਸ਼ ਦੀ ਸਪੋਰਟ ਕੀਤੀ ਜਾਵੇਗੀ।
ਲੋਕਲ ਕਨਸਰਨਜ਼ ਕਮੇਟੀ ਦੇ ਆਗੂ ਗੁਰਮੀਤ ਸਿੰਘ ਸੁਖਪੁਰਾ ਨੇ ਵਿਦਿਆਰਥੀਆਂ ਨਾਲ ਹੋ ਰਹੀ ਬੇਇਨਸਾਫ਼ੀ ਦੇ ਵਿਰੁੱਧ ਡਟ ਕੇ ਖੜ੍ਹਨ ਦਾ ਵਿਸ਼ਵਾਸ ਦਿਵਾਉਂਦਿਆਂ ਦੱਸਿਆ ਕਿ ਸੰਸਾਰ ਪੱਧਰ ਤੇ ਪ੍ਰਵਾਸੀਆਂ ਖ਼ਿਲਾਫ਼ ਸਿਰਜੇ ਜਾ ਰਹੇ ਨੈਰੇਟਿਵ ਨੂੰ ਸਮਝਣ ਦੀ ਲੋੜ ਹੈ।ਸੁਖਪੁਰਾ ਨੇ ਬਾਬੇ ਨਾਨਕ, ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਬੰਦਾ ਬਹਾਦਰ ਤੇ ਕਰਤਾਰ ਸਿੰਘ ਸਰਾਭਾ ਵੇਲੇ ਦੇ ਹਾਲਾਤਾਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਜੋੜ ਕੇ ਸੰਘਰਸ਼ ਹੀ ਇੱਕੋ ਇੱਕ ਹੱਲ ਦਾ ਨੁਕਤਾ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ “ਲੜੋਗੇ ਤਾਂ ਜਿੱਤੋਗੇ “ਤੁਹਾਡੇ ਕੋਲ ਜਿੱਤਣ ਲਈ ਬਹੁਤ ਕੁਝ ਹੈ ਤੇ ਗਵਾਉਣ ਲਈ ਕੁੱਝ ਵੀ ਨਹੀਂ।
ਇਸ ਦੌਰਾਨ ਵਰਲਡ ਸਿੱਖ ਯੂਥ ਆਰਗੇਨਾਈਜ਼ੇਸ਼ਨ ਦੇ ਆਗੂ ਜਸਪ੍ਰੀਤ ਸਿੰਘ ਨੇ ਸੰਘਰਸ਼ ਦੀ ਹਮਾਇਤ ਕਰਨ ਭਰੋਸਾ ਦਿਵਾਇਆ।ਗੁਰਦੁਆਰਾ ਸਾਹਿਬ ਜੋਤ ਪ੍ਰਕਾਸ਼ ਤੋਂ ਭਾਈ ਗੁਰਵਿੰਦਰ ਸਿੰਘ ਨੇ ਕਾਮਾਗਾਟਾਮਾਰੂ ਦੇ ਇਤਿਹਾਸ ਨਾਲ ਜੋੜਦਿਆਂ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ।ਉਪਰੋਕਤ ਤੋਂ ਇਲਾਵਾ ਜਗਮੋਹਨ ਢੁੱਡੀਕੇ,ਪ੍ਰੀਤਮ ਸਿੰਘ ਸਰਾਂ, ਫਾਰਮ ਵਰਕਰਜ਼ ਆਗੂ ਗੈਬਰੀਆਲ,ਆਰਿਫ਼ ਅਹਿਮਦ ,ਗਰਿਮਾ,ਮਾਇਆ ਤੇ ਮਾਸਟਰ ਹਰਬੰਸ ਸਿੰਘ ਵੱਲੋਂ ਵਿਦਿਆਰਥੀਆਂ ਦੇ ਹੱਕ ਵਿੱਚ ਖੜ੍ਹਨ ਦਾ ਵਿਸ਼ਵਾਸ ਦਿਵਾਇਆ।ਅਖੀਰ ਵਿੱਚ ਨਵਜੋਤ ਕੌਰ ਤੇ ਮਹਿਕਦੀਪ ਵੱਲੋਂ ਪ੍ਰੈੱਸ ਨੂੰ ਦੱਸਿਆ ਕਿ ਜੇਕਰ ਸਾਡੀਆਂ ਫਾਈਲਾਂ ਦਾ ਨਿਬੇੜਾ ਕਰਦਿਆਂ ਪੀ ਆਰ ਨਾ ਦਿੱਤੀ ਗਈ ਤਾਂ ਭਵਿੱਖ ਵਿੱਚ ਸਾਂਝੇ ਤੌਰ ਤੇ ਸ਼ਾਂਤਮਈ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ।
