Mar 7, 2026

ਸਰੀ ( ਦੇ ਪ੍ਰ ਬਿ)-ਪੰਜਾਬ ਭਵਨ ਸਰੀ (ਕੈਨੇਡਾ) ਵੱਲੋਂ ਨਵੀਆਂ ਕਲਮਾਂ ਨਵੀਂ ਉਡਾਣ ਦੇ ਤਹਿਤ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਬਾਲ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ।
ਇਸ ਕਵੀ ਦਰਬਾਰ ਦੀ ਖ਼ਾਸੀਅਤ ਇਹ ਰਹੀ ਕਿ ਨਵੀਆਂ ਕਲਮਾਂ ਨਾਲ ਜੁੜੇ ਬਾਲ ਸਾਹਿਤਕਾਰਾਂ ਨੇ ਆਪਣੀਆਂ ਸਵੈ-ਰਚਿਤ ਕਵਿਤਾਵਾਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ, ਉਨ੍ਹਾਂ ਦੀ ਦਲੇਰੀ ਅਤੇ ਨੀਂਹਾਂ ਵਿੱਚ ਚਿਣੇ ਜਾਣ ਦੇ ਵੈਰਾਗਮਈ ਪ੍ਰਸੰਗਾਂ ਨੂੰ ਬਹੁਤ ਹੀ ਖ਼ੂਬਸੂਰਤ ਸ਼ਬਦਾਂ ਵਿੱਚ ਬਿਆਨ ਕੀਤਾ। ਬੱਚਿਆਂ ਦੀਆਂ ਰਚਨਾਵਾਂ ਵਿੱਚ ਜਿੱਥੇ ਸ਼ਹੀਦਾਂ ਪ੍ਰਤੀ ਸ਼ਰਧਾ ਝਲਕ ਰਹੀ ਸੀ, ਉੱਥੇ ਹੀ ਪੰਜਾਬੀ ਮਾਂ-ਬੋਲੀ ਪ੍ਰਤੀ ਉਨ੍ਹਾਂ ਦਾ ਲਗਾਵ ਵੀ ਸਾਫ਼ ਨਜ਼ਰ ਆ ਰਿਹਾ ਸੀ। ਬਾਲ ਮਨਾਂ ਦੀਆਂ ਇਹਨਾਂ ਡੂੰਘੀਆਂ ਲਿਖਤਾਂ ਨੇ ਹਰ ਸੁਣਨ ਵਾਲੇ ਦੀ ਅੱਖ ਨਮ ਕਰ ਦਿੱਤੀ।
ਪੰਜਾਬ ਭਵਨ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਨੇ  ਕਿਹਾ ਕਿ ਸਾਡਾ ਮਕਸਦ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਸ਼ਾਨਦਾਰ ਇਤਿਹਾਸ ਨਾਲ ਜੋੜਨਾ ਹੈ, ਤਾਂ ਜੋ ਉਹ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਨੈਤਿਕ ਕਦਰਾਂ-ਕੀਮਤਾਂ ਵਾਲਾ ਜੀਵਨ ਜਿਊਣ। ਮੁੱਖ ਮਹਿਮਾਨ ਇੰਜੀ. ਸਤਨਾਮ ਸਿੰਘ ਮੱਟੂ ਨੇ ਬੱਚਿਆਂ ਦੀਆਂ ਰਚਨਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਦੋਂ ਬਾਲ ਸਾਹਿਤਕਾਰ ਇਤਿਹਾਸ ਦੇ ਅਜਿਹੇ ਗੰਭੀਰ ਵਿਸ਼ਿਆਂ ‘ਤੇ ਕਲਮ ਚੁੱਕਦੇ ਹਨ, ਤਾਂ ਸਾਡੇ ਸੁਨਹਿਰੀ ਵਿਰਸੇ ਦਾ ਭਵਿੱਖ ਸੁਰੱਖਿਅਤ ਮਹਿਸੂਸ ਹੁੰਦਾ ਹੈ।
ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰੋਜੈਕਟ ਇੰਚਾਰਜ ਓਂਕਾਰ ਸਿੰਘ ਤੇਜੇ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ। ਸਮਾਗਮ ਦੇ ਅਖੀਰ ਵਿੱਚ ਭੀਮ ਸਿੰਘ (ਸਟੇਟ ਆਨਲਾਈਨ ਟ੍ਰੇਨਿੰਗ ਕੋਆਰਡੀਨੇਟਰ) ਵੱਲੋਂ ਸਾਰੀਆਂ ਸ਼ਖ਼ਸੀਅਤਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਲਜੀਤ ਸ਼ਰਮਾ (ਖ਼ਜ਼ਾਨਚੀ) ਵੱਲੋਂ ਬਹੁਤ ਹੀ ਭਾਵਪੂਰਤ ਅਤੇ ਸੁਚੱਜੇ ਢੰਗ ਨਾਲ ਨਿਭਾਈ ਗਈ। ਇਸ ਆਨਲਾਈਨ ਸਮਾਗਮ ਨੂੰ ਦੁਨੀਆ ਭਰ ਵਿੱਚ ਸਫ਼ਲਤਾਪੂਰਵਕ ਪਹੁੰਚਾਉਣ ਲਈ ਗੁਰਵਿੰਦਰ ਸਿੰਘ ਕਾਂਗੜ ਸੀਨੀਅਰ ਸਹਿ-ਪ੍ਰੋਜੈਕਟ ਇੰਚਾਰਜ ਨੇ ਤਕਨੀਕੀ ਹੈੱਡ ਵਜੋਂ ਅਹਿਮ ਸੇਵਾਵਾਂ ਨਿਭਾਈਆਂ।ਇਸ ਮੌਕੇ ਬਲਜੀਤ ਸੇਖਾਂ, ਮੈਡਮ ਸ਼ਸ਼ੀ ਬਾਲਾ, ਅਵਤਾਰ ਸਿੰਘ ਚੋਟੀਆਂ, ਸੁਖਪਾਲ ਕੌਰ ਸਮਰਾਲਾ, ਰਾਜਵਿੰਦਰ ਕੌਰ, ਰਣਜੀਤ ਕੌਰ ਬਾਜਵਾ,ਕੁਲਦੀਪ ਕੌਰ ਖੰਨਾ, ਸੁਪਰਜੀਤ ਕੌਰ, ਕਮਲਜੀਤ ਕੌਰ ਅਤੇ ਨੀਟਾ ਭਾਟੀਆ ਵੀ ਹਾਜ਼ਰ ਸਨ।