Mar 7, 2026

ਕੈਲਗਰੀ ( ਜਗਦੇਵ ਸਿੰਘ ਸਿੱਧੂ)-ਇੰਡੋ-ਕੈਨੇਡੀਅਨ ਕਮਿਊਨਿਟੀ ਐਸੋਸੀਏਸ਼ਨ, ਕੈਲਗਰੀ ਦੀ ਇਸ ਸਾਲ ਦੀ ਆਖ਼ਰੀ ਮੀਟਿੰਗ 28 ਦਸੰਬਰ ਨੂੰ ਹੋਈ। ਸਕੱਤਰ ਦੀ ਸੇਵਾ ਨਿਭਾਉਂਦਿਆਂ ਬਲਵਿੰਦਰ ਸਿੰਘ ਵਿਰਦੀ ਨੇ ਸਭ ਦਾ ਜੀਅ-ਆਇਆਂ ਕਹਿ ਕੇ ਸਵਾਗਤ ਕੀਤਾ। ਪ੍ਰਧਾਨ ਡਾ. ਸੇਵਾ ਸਿੰਘ ਪ੍ਰੇਮੀ ਨੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਅਦੁਤੀ ਸ਼ਹਾਦਤ ਦਾ ਮਹੱਵ ਦਸਦਿਆਂ ਪਿਛੋਕੜ ਦੀਆਂ ਹਾਲਤਾਂ ਉਪਰ ਝਾਤ ਪੁਆਈ। ਇਤਿਹਾਸਕ ਪੱਖ ਨੂੰ ਉਜਾਗਰ ਕਰਦਿਆਂ ਉਸ ਸਮੇਂ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਨਿਘਾਰ ਦੇ ਹਾਲਾਤ ਬਾਰੇ ਚਾਨਣਾ ਪਾਇਆ। ਮੁਗਲਾਂ ਅਤੇ ਤੁਰਕਾਂ ਦੁਆਰਾ ਕੀਤੀ ਲੁੱਟ-ਮਾਰ, ਜਬਰਜ਼ੋਰੀ, ਧੱਕੇਸ਼ਾਹੀ ਅਤੇ ਜ਼ੁਲਮਾਂ ਦੀ ਦਾਸਤਾਨ ਬਿਆਨ ਕੀਤੀ। ਉਨ੍ਹਾਂ ਨੇ ਦੱਸਿਆ ਕਿ ਗੁਰੂ ਸਾਹਿਬਾਨ ਨੇ ਇਨ੍ਹਾਂ ਜ਼ਾਲਮ ਸ਼ਾਸ਼ਕਾਂ ਅਤੇ ਧਾੜਵੀਆਂ ਦੇ ਜ਼ੁਲਮਾਂ ਦਾ ਬਾਣੀ, ਸਬਰ ਅਤੇ ਲੋੜ ਪੈਣ `ਤੇ ਹਥਿਆਰਾਂ ਨਾਲ਼ ਟਾਕਰਾ ਕੀਤਾ। ਇਸ ਦੇ ਸੰਕਲਪ ਵਿੱਚੋਂ ਖਾਲਸਾ ਪੰਥ ਦੀ ਸਾਜਣਾ ਹੋਈ। ਉਨ੍ਹਾਂ ਨੇ ਆਪਣੀ ਕਵਿਤਾ ਪੜ੍ਹੀ – ਤੁਹਾਨੂੰ ਫ਼ਤਿਹ ਮਿਲੇ ਮੈਂ ਫ਼ਤਿਹ ਬੁਲਾ ਚੱਲਿਆਂ।  ਰਵੀ ਜਨਾਗਲ ਸਾਹਿਬਜ਼ਾਦਿਆਂ ਬਾਰੇ ਇਹ ਕਵਿਤਾ – ਗਾਈਏ ਦਸਮੇਸ਼ ਦਿਆਂ ਲਾਲਾਂ ਦੀਆਂ ਘੋੜੀਆਂ – ਸੁਣਾਉਂਦਿਆਂ ਏਨਾ ਭਾਵੁਕ ਹੋ ਗਿਆ ਕਿ ਦਰਸ਼ਕਾਂ ਨੂੰ ਵੀ ਭਾਵੁਕ ਕਰ ਗਿਆ ਕਿਉਂਕਿ ਮਾਹੌਲ ਹੀ ਅਜਿਹਾ ਵਿਰਾਗਮਈ ਸੀ। ਗੀਤਕਾਰ ਅਤੇ ਗਾਇਕ ਸੁਖਮੰਦਰ ਗਿੱਲ ਨੇ ਆਪਣੇ ਤਿੰਨ ਸੱਜਰੇ ਗੀਤ ਪੇਸ਼ ਕੀਤੇ – ਪਿਤਾ ਗੁਰੂ ਆਪ ਦੇ ਕੇ ਹੱਥੀਂ ਤਲਵਾਰ ਨੂੰ, ਵਾਰੀ ਵਾਰੀ ਤੋਰਿਆ ਅਜੀਤ ਤੇ ਜੁਝਾਰ ਨੂੰ। – ਹੰਝੂਆਂ ਦੇ ਦੀਵੇ ਬਾਲ਼ ਕੇ ਮੈਂ ਆਰਤੀ ਲਾਲਾਂ ਦੀ ਗਾਵਾਂ, ਸੁਖਮੰਦਰ ਦਾ ਦਿਲ ਕਰਦੈ ਤੇਰੇ ਰਾਹਾਂ ਦੀ ਧੂੜ ਬਣ ਜਾਵਾਂ। – ਦਸਮੇਸ਼ ਪਿਤਾ ਦਿਆਂ ਬਾਲਾਂ ਦਾ ਖ਼ੂਨ ਨੀਹਾਂ ਵਿਚ ਚੋਇਆ ਏ, ਉਸਰੀ ਫੁੱਟ-ਫੁੱਟ ਕੰਧ ਜਦੋਂ ਜੱਲਾਦ ਵੀ ਫੁਟ-ਫੁਟ ਰੋਇਆ ਏ। ਮਿਸਿਜ਼ ਨੀਰ, ਕੁਲਦੀਪ ਕੌਰ ਘਟੌੜਾ ਨੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੇ ਲੜ ਲਾਉਣ ਦੀ ਅਪੀਲ ਕੀਤੀ। ਨਾਲ਼ ਹੀ ਇਹ ਕਵਿਤਾ ਸੁਣਾਈ – ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ। ਜਗਦੀਸ਼ ਕੌਰ ਸਰੋਆ ਦੀ ਕਵਿਤਾ ਦੇ ਬੋਲ ਸਨ – ਚਿਣ ਕੇ ਨੀਹਾਂ `ਚ ਗੁਰਾਂ ਦੇ ਲਾਲ, ਸੂਬਿਆ ਜ਼ੁਲਮ ਕਮਾਇਆ ਏ। ਸੁਖਵਿੰਦਰ ਕੌਰ ਨੇ ਸ਼ਬਦ-ਗਾਇਨ ਕੀਤਾ – ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ। ਬਲਵਿੰਦਰ ਸਿੰਘ ਵਿਰਦੀ ਨੇ ਜੰਗ ਦਾ ਦ੍ਰਿਸ਼ ਪੇਸ਼ ਕਰਦੀ ਕਵਿਤਾ ਸੁਣਾਈ – ਬੱਦਲ਼ਾਂ `ਚੋਂ ਬਿਜਲੀ ਚਮਕਾਂ ਸੀ ਮਾਰਦੀ। ਹਰਚੰਦ ਸਿੰਘ ਨੇ ਸਾਹਿਬਜ਼ਾਦਿਆਂ ਅਤੇ ਸਿੱਖੀ ਨਾਲ਼ ਸੰਬੰਧਤ ਦੋ ਕਵਿਤਾਵਾਂ ਸੁਣਾਈਆਂ।

ਸ਼ਹਾਦਤਾਂ ਨੂੰ ਸਮਰਪਿਤ ਇਸ ਦੌਰ ਤੋਂ ਬਾਅਦ ਕ੍ਰਿਸਮਸ ਤੋਂ ਇਲਾਵਾ ਬੀਤ ਰਹੇ ਸਾਲ ਨੂੰ ਅਲਵਿਦਾ ਅਤੇ ਨਵੇਂ ਸਾਲ ਦੀ ਆਮਦ ਨੂੰ ਜੀਅ-ਆਇਆਂ ਕਹਿਣ ਦਾ ਮੌਕਾ ਆਇਆ। ਡਾ. ਪ੍ਰੇਮੀ ਨੇ ਕ੍ਰਿਸਮਸ ਦੇ ਸੰਬੰਧ ਵਿਚ ਦੱਸਿਆ ਕਿ ਸੇਂਟ ਨਿਕੋਲਸ ਨੇ ਗੁੰਮਨਾਮ ਰਹਿ ਕੇ ਸੁਗਾਤਾਂ ਦਿੱਤੀਆਂ ਸਨ ਜਿਸ ਤੋਂ ਸੈਂਟਾ ਕਲਾਜ਼ ਦੁਆਰਾ ਸੁਗਾਤਾਂ ਦੇਣ ਦੀ ਪ੍ਰਥਾ ਚੱਲੀ। ਉਨ੍ਹਾਂ ਨੇ ਇਸ ਸਾਲ ਦੌਰਾਨ ਸਦੀਵੀ ਵਿਛੋੜਾ ਦੇ ਗਏ ਐਸੋਸੀਏਸ਼ਨ ਦੇ ਸਰਗਰਮ ਮੈਂਬਰ, ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਅਤੇ ਨੇਵਲ ਕਮਾਂਡਰ ਮੋਹਨ ਸਿੰਘ ਸਿੱਧੂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਘਾਟ ਮਹਿਸੂਸ ਕਰਾਈ। ਨਵੇਂ ਸਾਲ ਬਾਰੇ ਆਪਣੀ ਤਾਜ਼ਾ ਕਵਿਤਾ ਪੇਸ਼ ਕੀਤੀ – ਨਵੇਂ ਸਾਲ ਦੀ ਆਮਦ ਉੱਤੇ ਮੇਰੀਆਂ ਸ਼ੁੱਭ ਇੱਛਾਵਾਂ, ਤੱਤੀ ਵਾਅ ਨਾ ਆਵੇ ਨੇੜੇ ਠੰਢੀਆਂ ਰਹਿਣ ਹਵਾਵਾਂ। ਜਗਦੇਵ ਸਿੱਧੂ ਨੇ ਕਾਰਵਾਈ ਸਮੇਟਦਿਆਂ ਸ਼ਹਾਦਤਾਂ ਨੂੰ ਮਨੁੱਖੀ ਅਧਿਕਾਰਾਂ ਅਤੇ ਵਿਅੱਕਤੀਗਤ ਆਜ਼ਾਦੀ ਦੀ ਰੱਖਿਆ ਕਰਨ ਅਤੇ ਇਸ ਮੰਤਵ ਲਈ ਜ਼ਾਲਮ ਹੁਕਮਰਾਨਾਂ ਦਾ ਟਾਕਰਾ ਕਰਨ ਦੇ ਪੱਖ ਤੋਂ ਵਿਚਾਰਿਆ। ਸ਼ਹਾਦਤਾਂ ਨੂੰ ਵਿਰਾਗਮਈ ਸਥਿਤੀ ਦੀ ਬਜਾਏ ਨਿਡਰਤਾ, ਰੋਹ, ਨਾਬਰੀ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ਦੀ ਸੰਗਿਆ ਦਿੱਤੀ। ਕ੍ਰਿਸਮਸ ਨੂੰ ਸਦਭਾਵਨਾ ਵਜੋਂ ਰਲ-ਮਿਲ ਕੇ ਮਨਾਉਣ ਦੀ ਗੱਲ ਕਹੀ। ਨਵੇਂ ਸਾਲ ਨੂੰ ਮਸ਼ਹੂਰ ਸਾਹਿਤਕਾਰਾ ਡਾ. ਗੁਰਮਿੰਦਰ ਸਿੱਧੂ ਦੇ ਸ਼ਬਦਾਂ ਨਾਲ ਖ਼ੁਸ਼ਆਮਦੀਦ ਕਿਹਾ – ਨਵਿਆਂ ਵਰ੍ਹਿਆ ਵੇ ਨਵਿਆਂ ਵਾਂਗਰ ਆਈਂ, ਹਾੜ੍ਹਾ ਵੇ ਨਾ ਬੀਤੇ ਦਿਨ ਦੁਹਰਾਈਂ। ਅਖੀਰ ਵਿਚ ਬਲਵਿੰਦਰ ਸਿੰਘ ਵਿਰਦੀ ਨੇ ਮਾਹੌਲ ਨੂੰ ਸੰਜੀਦਾ ਰੱਖਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਸਾਲ 2025 ਨੂੰ ਇੰਝ ਅਲਵਿਦਾ ਕਹੀ –

ਜ਼ਰਾ ਸਾ ਮੁਸਕਰਾ ਦੇਨਾ, ਨਏ ਸਾਲ ਸੇ ਪਹਿਲੇ।