Mar 7, 2026

-ਐਸ ਅਸ਼ੋਕ ਭੌਰਾ—-
ਸੰਗੀਤ ਅਜਿਹੀ ਕਲਾ ਹੈ, ਜੋ ਅਭਿਆਸ ਬਿਨਾਂ ਸੰਭਵ ਨਹੀਂ। ਜਿਨ੍ਹਾਂ ਨੇ ਵੀ ਆਪਣੀ ਜ਼ਿੰਦਗੀ ਕਲਾ ਦੇ ਲੇਖੇ ਲਾਈ ਹੈ, ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਾ ਤੇ ਉਨ੍ਹਾਂ ਦਾ ਜ਼ਿਕਰ ਹੋਣਾ ਵੀ ਜ਼ਰੂਰੀ ਹੁੰਦਾ ਹੈ। ਜਦੋਂ ਪੰਜਾਬੀ ਗਾਇਕੀ ਦੀ ਮਾਣ ਮਰਿਆਦਾ ਦੀ ਗੱਲ ਸ਼ੁਰੂ ਹੁੰਦੀ ਹੈ ਤਾਂ ਪੂਰਨ ਸ਼ਾਹਕੋਟੀ ਦਾ ਜ਼ਿਕਰ ਛਿੜਦਾ ਹੈ। ਅਜੇ ਚਰਨਜੀਤ ਆਹੂਜਾ, ਜਸਵਿੰਦਰ ਭੱਲਾ, ਰਾਜਵੀਰ ਜਵੰਦਾ ਤੇ ਗੁਰਮੀਤ ਮਾਨ ਦੇ ਸਿਵੇ ਠੰਢੇ ਵੀ ਨਹੀਂ ਹੋਏ ਸਨ ਕਿ ਇਸ ਸਾਲ ਦੇ ਜਾਂਦਿਆਂ-ਜਾਂਦਿਆਂ ਪੰਜਾਬੀ ਗਾਇਕੀ ਦਾ ਵਾਰਿਸ, ਸਾਡੀ ਅਮੀਰ ਤੇ ਮਹਾਨ ਸੰਗੀਤ ਵਿਰਾਸਤ ਦੀ ਹੀਰਾ ਪੂਰਨ ਸ਼ਾਹਕੋਟੀ ਵੀ ਅਲਵਿਦਾ ਕਹਿ ਗਿਆ। ਉਸ ਨੇ ਸੰਗੀਤਕ ਪ੍ਰੰਪਰਾਵਾਂ ਨੂੰ ਜਿਊਂਦਾ ਰੱਖਣ ਲਈ ਜ਼ਿੰਦਗੀ ਵਿਚ ਹਰ ਹੀਲਾ-ਵਸੀਲਾ ਵਰਤਦਿਆਂ ਸਬਰ-ਸੰਤੋਖ ਰੱਖਿਆ ਤੇ ਕਿਤੇ ਵੀ ਅਜਿਹਾ ਸਮਝੌਤਾ ਨਹੀਂ ਕੀਤਾ ਕਿ ਕਲਾਤਮਿਕ ਸੰਗੀਤ ਨੂੰ ਕੋਈ ਜਰਕ ਆ ਸਕੇ। ਪੰਜਾਬੀ ਗਾਇਕੀ ‘ਚ ਉਸਤਾਦ ਪੂਰਨ ਸ਼ਾਹਕੋਟੀ ਦਾ ਜ਼ਿਕਰ ਬੜੇ ਮਾਣ ਨਾਲ ਛਿੜਦਾ ਹੈ। ਹੁਣ ਦੇ ਗਾਇਕ ਗੀਤ ਰਿਕਾਰਡ ਕਰਵਾ ਕੇ ਸਭ ਤੋਂ ਪਹਿਲਾਂ ਹਿੱਟ ਹੋਣ ਦਾ ਫੱਟਾ ਲਗਾਉਂਦੇ ਹਨ, ਪਰ ਪੂਰਨ ਸ਼ਾਹਕੋਟੀ ਨੇ ਰਿਕਾਰਡਿੰਗ ਵੱਲ ਧਿਆਨ ਹੀ ਨਹੀਂ ਦਿੱਤਾ। ਸੰਗੀਤ ਨੂੰ ਪਿਆਰ ਕਰਨ ਵਾਲਾ ਕੋਈ ਵੀ ਮਨੁੱਖ ਉਨ੍ਹਾਂ ਨੂੰ ਕਦੇ ਵਿਸਾਰ ਨਹੀਂ ਸਕਦਾ ਕਿਉਂਕਿ ਪੂਰਨ ਸ਼ਾਹਕੋਟੀ ਚਾਨਣੀ ਰਾਤ ਵਰਗਾ ਪੰਜਾਬੀ ਗਾਇਕੀ ਦਾ ਚੰਦਰਮਾ ਸੀ। ਜਦੋਂ 22 ਦਸੰਬਰ ਨੂੰ ਉਨ੍ਹਾਂ ਆਖਰੀ ਸਾਹ ਲਿਆ ਤਾਂ ਇਵੇਂ ਲੱਗਾ ਜਿਵੇਂ ਪੰਜਾਬੀ ਗਾਇਕੀ ਦਾ ਇਕ ਅਮੀਰ ਯੁੱਗ ਮੁੱਕ ਗਿਆ ਹੋਵੇ। ਇਹ ਵੀ ਕਿਹਾ ਗਿਆ ਕਿ ਮਾਸਟਰ ਸਲੀਮ ਦਾ ਪਿਤਾ ਚਲਾ ਗਿਆ ਹੈ, ਸਲੀਮ ਨੇ ਸੰਗੀਤ ਜਗਤ ‘ਚ ਅਜਿਹੀਆਂ ਪੈੜਾਂ ਪਾਈਆਂ ਹਨ ਕਿ ਅੱਜ ਲੋਕਾਂ ਨੂੰ ਕਹਿਣਾ ਪਿਆ ਕਿ ਮਾਸਟਰ ਸਲੀਮ ਦਾ ਪਿਤਾ ਚਲਾ ਗਿਆ ਹੈ। ਪੂਰਨ ਸ਼ਾਹਕੋਟੀ ਨੇ ਤੰਗੀਆਂ-ਤੁਰਸ਼ੀਆਂ ਵੇਖੀਆਂ, ਜ਼ਿੰਦਗੀ ‘ਚ ਖੁਸ਼ਹਾਲੀ ਵੀ ਵੇਖੀ ਅਤੇ ਆਪਣੇ ਸ਼ਾਗਿਰਦਾਂ ਨੂੰ ਪੁੱਤਰਾਂ ਵਾਂਗ ਪਾਲ ਕੇ ਟੀਸੀ ਦੇ ਬੇਰ ਬਣਾਇਆ। ਸੱਚਮੁੱਚ ਹੀ ਪੂਰਨ ਸ਼ਾਹਕੋਟੀ ਦਾ ਚਲੇ ਜਾਣਾ ਸਾਡੇ ਸਾਰਿਆਂ ਲਈ ਬਹੁਤ ਵੱਡਾ ਘਾਟਾ ਹੈ।
ਪੂਰਨ ਸ਼ਾਹਕੋਟੀ ਪੰਜਾਬੀ ਗਾਇਕੀ ‘ਚ ਇਕ ਸਰਬ-ਪ੍ਰਵਾਨਿਤ ਸੁਰ-ਸਾਧਨਾ ਦੀ ਜਿਊਂਦੀ ਜਾਗਦੀ ਮੂਰਤੀ ਸਨ। ਜਦੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਸੂਫੀਆਨਾ ਗਾਇਕੀ ਵਿਚ ਬਹੁਤ ਪਛੜ ਗਏ ਹਾਂ ਤਾਂ ਪੂਰਨ ਸ਼ਾਹਕੋਟੀ, ਪੂਰਨ ਚੰਦ ਵਡਾਲੀ, ਪਿਆਰੇ ਲਾਲ ਤੇ ਬਰਕਤ ਸਿੱਧੂ ਦੀ ਬਾਤ ਪਾ ਕੇ ਅਸੀਂ ਇਸ ਉਲਾਂਭੇ ਤੋਂ ਮੁਕਤ ਹੋਣ ਦੀ ਅੰਗੜਾਈ ਲੈਂਦੇ ਹਨ। ਜਦੋਂ ਉਹ ‘ਫੱਕਰਾਂ ਦੀ ਕੁੱਲੀ ਵਿਚ ਰੱਬ ਵਸਦਾ, ਜੱਗ ਭੈੜਾ ਐਵੇਂ ਸਾਨੂੰ ਗੱਲਾਂ ਦੱਸਦਾ× ‘ ਗਾਉਂਦੇ ਤਾਂ ਕੁਝ ਹੀ ਪਲਾਂ ‘ਚ ‘ਹਾਤ-ਹੂਤ’ ਸਾਰਾ ਕੁਝ ਦੱਬਿਆ ਜਾਂਦਾ ਸੀ। ਸੰਗੀਤ ਨੂੰ ਚਾਹੁਣ ਵਾਲਿਆਂ ਤੇ ਪਿਆਰ ਕਰਨ ਵਾਲਿਆਂ ਦਾ ਪਤਾ ਲੱਗ ਜਾਂਦਾ ਸੀ। ਦਰਅਸਲ ਉਨ੍ਹਾਂ ਅੱਧੀ ਖਾ ਲਈ, ਫਾਕੇ ਕੱਟ ਲਏ ਪਰ ਹਲਕੀ-ਫੁਲਕੀ ਗਾਇਕੀ ਦੇ ਰਾਹ ਵੱਲ ਤੱਕਿਆ ਵੀ ਨਹੀਂ। ‘ਲੈ ਲਓ ਭੰਬੀਰੀਆਂ, ਲੈ ਲਓ ਭੰਬੀਰੀਆਂ, ਪੱਲੇ ਸਾਡੇ ਪੈ ਗਈਆਂ ਫਕੀਰੀਆਂ’ ਗਾਉਣ ਵਾਲੇ ਪੂਰਨ ਸ਼ਾਹਕੋਟੀ ਬਾਰੇ ਕਹਿਣਾ ਹੀ ਪਵੇਗਾ ਕਿ ਉਹ ਮਸਤ ਤੇ ਫਕੀਰ ਗਵੱਈਆ ਸੀ, ਜਿਸ ਨੂੰ ਗਾਉਣਾ ਵਿਰਸੇ ‘ਚੋਂ ਮਿਲਿਆ ਸੀ। ਉਨ੍ਹਾਂ ਦਾ ਜਨਮ 1949 ‘ਚ ਸ਼ਾਹਕੋਟ ਵਿਖੇ ਪਿਤਾ ਸਾਈ ਨਿਰੰਜਨ ਦਾਸ ਦੇ ਘਰ ਹੋਇਆ, ਜੋ ਆਪਣੇ ਵੇਲੇ ਦੇ ਸੂਫੀਆਨਾ ਗਾਉਣ ਵਾਲਿਆਂ ‘ਚੋਂ ਇਕ ਸਨ। ਉਨ੍ਹਾਂ ਆਪਣੀ ਸੋਚ ਮੁਤਾਬਕ ਪੂਰਨ ਨੂੰ ਮੰਦਰਾਂ, ਗੁਰਦੁਆਰਿਆਂ ਤੇ ਮਸਜਿਦਾਂ ‘ਚ ਗਾਉਣ ਲਾਇਆ ਤਾਂ ਜੋ ਗੁਰੂ ਤੇ ਧਾਰਮਿਕ ਮਰਿਆਦਾ ਦੀ ਲੀਹ ਨਾ ਟੱਪੇ। ਜਦੋਂ ਉਨ੍ਹਾਂ ਪੂਰਨ ਸ਼ਾਹਕੋਟੀ ਨੂੰ 11 ਜਮਾਤਾਂ (ਹਾਇਰ ਸੈਕੰਡਰੀ) ਪਾਸ ਕਰਾਈਆਂ ਤਾਂ ਉਹ ਗਾਇਕਾਂ ‘ਚੋਂ ਚੋਖਾ ਪੜ੍ਹਿਆ-ਲਿਖਿਆ ਮੰਨਿਆ ਜਾਂਦਾ ਸੀ। ਜਦੋਂ ਸਾਈਂ ਅਬਦੁੱਲੇ ਸ਼ਾਹ ਮੰਢਾਲੀ ਵਾਲਿਆਂ ਦੇ ਮੇਲੇ ‘ਤੇ ਗਾਉਣ ਗਏ ਪੂਰਨ ਸ਼ਾਹਕੋਟੀ ਨੇ ਸੂਫੀ ਗਾਇਕੀ ਦਾ ਅਜਿਹਾ ਰੰਗ ਬੰਨ੍ਹਿਆ ਕਿ ਪਟਿਆਲੇ ਘਰਾਣੇ ਦੇ ਉਸਤਾਦ ਬਾਕੁਰ ਹੁਸੈਨ ਨੇ ਉਨ੍ਹਾਂ ਨੂੰ ਖ਼ੁਦ ਕਿਹਾ ‘ਜਵਾਨਾ ਆਜਾ ਮੇਰੇ ਲੜ ਲੱਗ ਜਾ’ ਤਾਂ ਉਹ ਰਸਮੀ ਤੌਰ ‘ਤੇ ਬਾਕੁਰ ਹੁਸੈਨ ਦਾ ਸ਼ਾਗਿਰਦ ਬਣ ਗਿਆ। ਉਨ੍ਹਾਂ 1975 ‘ਚ ਪਹਿਲੀ ਵਾਰੀ ਜਲੰਧਰ ਤੋਂ ਆਕਾਸ਼ਵਾਣੀ ਲਈ ਗਾਇਆ ਤੇ 1976 ਵਿਚ ਦੂਰਦਰਸ਼ਨ ਦੇ ਅੰਮ੍ਰਿਤਸਰ ਕੇਂਦਰ ਲਈ ਦਿੱਲੀ ਰਿਕਾਰਡਿੰਗ ਕਰਵਾਈ ਅਤੇ ਉਹ ਮਹਿਫਲਾਂ, ਕਵਾਲਾਂ ‘ਚ ਗਾਉਂਦਾ ਰਿਹਾ। ਇਸ ਪਾਸੇ ਚੰਗੀ ਗੱਲ ਬਣਨ ‘ਤੇ ਉਸ ਨੇ 1972 ਵਿਚ ਮਿਲੀ ਲੋਕ ਸੰਪਰਕ ਵਿਭਾਗ ਦੀ ਨੌਕਰੀ ਇਹ ਕਹਿ ਕੇ ਛੱਡ ਦਿੱਤੀ ਕਿ ਕਿਹੜਾ ਸਾਰੀ ਉਮਰ ਸਰਕਾਰਾਂ ਦੇ ਸੋਹਲੇ ਤੇ ਪਰਿਵਾਰ ਨਿਯੋਜਨ ਦੇ ਗੀਤ ਗਾਉਂਦਾ ਰਹੇਗਾ। ਪੂਰਨ ਸ਼ਾਹਕੋਟੀ ਨੂੰ ਜਲੰਧਰ ਦੂਰਦਰਸ਼ਨ ਤੇ ਆਕਾਸ਼ਵਾਣੀ ਨੇ ਹੀ ਲੋਕਾਂ ਦਾ ਚਹੇਤਾ ਗਵੱਈਆ ਬਣਾਇਆ, ਉਹ ਲਾਹੌਰ ਰੇਡੀਓ ਸਟੇਸ਼ਨ ਤੋਂ ਵੀ ਪ੍ਰਸਾਰਿਤ ਹੁੰਦਾ ਰਿਹਾ।
ਨੀਦ ਨਾ ਆਵੇ ਯਾਦ ਸਤਾਵੇ×
ਡੂੰਘੇ ਥਲਾਂ ਵਾਲੇ ਪੈਂਡੇ ਭੈੜੇ ਮੁੱਕਦੇ ਨਹੀਂ
ਪੈਰੀਂ ਪੈ ਗਏ ਨੇ ਛਾਲੇ ਭੈੜੇ ਸੁੱਕਦੇ ਨਹੀਂ।
ਨਿਉ ਲਾ ਲਿਆ ਬੇਪਰਵਾਹ ਦੇ ਨਾਲ
ਤੇ ਸ਼ਿਵ ਦੀ ਰਚਨਾ
-ਗਮਾਂ ਦੀ ਰਾਤ ਲੰਬੀ ਹੈ ਜਾਂ ਮੇਰੇ ਗੀਤ ਲੰਬੇ ਨੇ
ਗਾਉਣ ਵੇਲੇ ਉਸ ਦਾ ਅੰਦਾਜ਼ ਸੁਣਨਯੋਗ ਹੁੰਦਾ ਸੀ। ਜਦੋਂ ਉਸ ਦੇ ਸ਼ਾਗਿਰਦ ਹੰਸਰਾਜ ਹੰਸ ਨੂੰ ‘ਰਾਜ ਗਾਇਕ ਪੁਰਸਕਾਰ’ ਤੇ ਪਦਮਸ੍ਰੀ ਮਿਲਿਆ ਤਾਂ ਉਸ ਨੇ ਕਿਹਾ ਕਿ ਸਿਕੰਦਰ ਦੀ ਇੱਛਾ ਪੂਰੀ ਹੋਈ ਹੋਵੇ ਜਾਂ ਨਾ, ਪਰ ਮੇਰੀ ਇੱਛਾ ਜ਼ਰੂਰ ਪੂਰੀ ਹੋ ਗਈ ਹੈ। ਹੰਸ ਮੈਨੂੰ ਆਪਣੇ ਪੁੱਤਰਾਂ ਤੋਂ ਵੀ ਕਿਤੇ ਵੱਧ ਹੈ, ਇਹ ਉਸ ਦੀ ਨਹੀਂ ਮੇਰੀ ਪ੍ਰਾਪਤੀ ਹੈ। ਪੂਰਨ ਸ਼ਾਹਕੋਟੀ ਦੇ ਸ਼ਾਗਿਰਦਾਂ ‘ਚ ਹੰਸਰਾਜ ਹੰਸ, ਜੱਸੀ ਗੁਰਦਾਸਪੁਰੀਆ ਤੇ ਸਾਬਰਕੋਟੀ ਵਰਗੀਆਂ ਬੁਲੰਦ ਸੁਰਾਂ ਸ਼ਾਮਿਲ ਹਨ।
ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਪੂਰਨ ਸ਼ਾਹਕੋਟੀ ਨੂੰ ਰੱਜ ਕੇ ਵੇਖਿਆ ਤੇ ਜੀਅ ਭਰ ਕੇ ਸੁਣਿਆ ਹੈ। ਇਸ ਪਰਿਵਾਰ ਦੀਆਂ ਰਗਾਂ ਤੇ ਕੰਠ ‘ਚ ਅਜਿਹਾ ਸੁਰੀਲਾਪਣ ਹੈ ਕਿ ਸੁਣ ਕੇ ਮਨ ਖੁਸ਼ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਨੇ ਜਲੰਧਰ ਦੂਰਦਰਸ਼ਨ ਦੇ ਖ਼ਾਸ ਪ੍ਰੋਗਰਾਮ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਇਕੱਠੇ ਗਾਉਂਦੇ ਸੁਣਿਆ ਹੈ ਉਹ ‘ਬਈ ਵਾਹ’ ਕਹੇ ਬਿਨਾਂ ਨਾ ਰਹਿ ਸਕੇ। ਸ਼ਬਦੀ ਗਿਆਨ ਤੋਂ ਕੋਰੀ ਮਥਰੋ ਗਾਉਣ ‘ਚ ਕਮਾਲ ਹੈ, ਜਿਸ ਨਾਲ ਉਨ੍ਹਾਂ ਦਾ ਪ੍ਰੇਮ ਵਿਆਹ ਨਹੀਂ ਕੋਈ ਸੁਰ ਦਾ ਸੁਮੇਲ ਤੇ ਬੰਦਗੀ ਦਾ ਨਾਤਾ ਹੈ। ਮਥਰੋ ਨਾਲ ਉਸ ਦਾ ਦੂਜਾ ਵਿਆਹ ਸੀ, ਉਸ ਦੇ ਪੁੱਤਰਾਂ-ਮਾਸਟਰ ਸਲੀਮ ਤੇ ਪੇਜੀ ਗਾਇਕੀ ‘ਚ ਵੱਡਾ ਨਾਂਅ ਹਨ। ਸਲੀਮ ਦਾ ਬਾਲ-ਵਰੇਸੇ ‘ਚਰਖੇ ਦੀ ਘੂਕ’ ਗੀਤ ਕੌਣ ਭੁੱਲ ਸਕਦਾ ਹੈ, ਉਸ ਦਾ ‘ਢੋਲ ਜਗੀਰੋ ਦਾ’ ਸੁਣ ਕੇ ਪੂਰਨ ਅਕਸਰ ਕਹਿੰਦਾ ਸੀ ਕਿ ਗਾਇਕੀ ਪੱਖੋਂ ਸਲੀਮ ਕੋਲ ਸਾਰਾ ਕੁਝ ਹੈ ਪਰ ਵਰਤਮਾਨ ਗਾਇਕੀ ‘ਚ ਕਈ ਵਾਰ ਸਮਝੌਤੇ ਵੀ ਕਰਨੇ ਪੈਂਦੇ ਹਨ। ਜੇਕਰ ਦਿੱਲੀ ਦੀ ਆਬੋ ਹਵਾ ‘ਚ ਗ਼ਾਲਿਬ ਘੁਲਿਆ ਹੋਇਆ ਹੈ, ਲੁਧਿਆਣਾ ‘ਚ ਯਮਲੇ ਜੱਟ ਦੀ ਸਿਰਜਣਾਤਮਿਕ ਗਾਇਕੀ ਦਾ ਨਿੱਘ ਹੈ ਤਾਂ ਜਲੰਧਰ ਪੂਰਨ ਸ਼ਾਹਕੋਟੀ ਕਰਕੇ ਪੰਜਾਬੀ ਗਾਇਕੀ ਦੇ ਚਹੇਤਿਆਂ ਲਈ ਕਿਸੇ ਹੱਜ ਤੋਂ ਘੱਟ ਨਹੀਂ ਸੀ।
ਪੂਰਨ ਸ਼ਾਹਕੋਟੀ ਦੇ ਤੁਰ ਜਾਣ ਨਾਲ ਪੰਜਾਬੀ ਗਾਇਕੀ ਓਦਰੀ ਤੇ ਉਦਾਸ ਰਹੇਗੀ, ਅਜਿਹੀ ਗਾਇਕੀ ਨੂੰ ਪਸੰਦ ਕਰਨ ਵਾਲਿਆਂ ਦੇ ਅੰਦਰੋਂ ਹਾਉਕਾ ਨਿਕਲਦਾ ਰਹੇਗਾ। ਪਰ ਪੂਰਨ ਸ਼ਾਹਕੋਟੀ ਹੁਣ ਕਦੇ ਨਹੀਂ ਪਰਤੇਗਾ, ਉਸ ਦੀਆਂ ਯਾਦਾਂ ਤੇ ਪੰਜਾਬੀ ਗਾਇਕੀ ਨੂੰ ਦੇਣ ਹਮੇਸ਼ਾ ਸਤਿਕਾਰੀ ਜਾਂਦੀ ਰਹੇਗੀ।