Mar 7, 2026

ਸ੍ਰੋਮਣੀ ਕਮੇਟੀ ਨੇ ਲਾਪਤਾ ਸਰੂਪਾਂ ਦੇ ਮਾਮਲੇ ਤੇ 16 ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ-

ਸਰੂਪ ਲਾਪਤਾ ਨਹੀ ਹੋਏ ਬਲਕਿ ਪ੍ਰਬੰਧਕੀ ਹੇਰਾਫੇਰੀ ਦਾ ਨਤੀਜਾ-

ਅੰਮ੍ਰਿਤਸਰ ( ਭੰਗੂ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ੍ਰੋਮਣੀ ਕਮੇਟੀ ਦੇ ਛਾਪਾਖਾਨਾ ਚੋਂ ਗੁਰੂ ਗਰੰਥ ਸਾਹਿਬ ਦੇ ਸਰੂਪ ਲਾਪਤਾ ਹੋਣ ਦੇ ਮਾਮਲੇ ਤੇ ਸਰਕਾਰ ਵਲੋਂ ਕੇਸ ਦਰਜ ਕਰਨ ਅਤੇ ਜਾਂਚ ਕੀਤੇ ਜਾਣ ਦੀ ਬਿਆਨਬਾਜ਼ੀ ਉਪਰੰਤ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਏ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਇਸ ਮਾਮਲੇ ਵਿੱਚ 16 ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਪਹਿਲਾਂ ਹੀ ਸਖ਼ਤ ਕਾਰਵਾਈ ਕੀਤੀ ਜਾ ਚੁੱਕੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮਾਮਲਾ ਸਰੂਪਾਂ ਦੇ ਲਾਪਤਾ ਹੋਣ ਦਾ ਨਹੀਂ ਬਲਕਿ ਪ੍ਰਬੰਧਕੀ ਖਾਮੀਆਂ ਦਾ ਸੀ। ਉਨ੍ਹਾਂ ਅਦਾਲਤੀ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਖ਼ੁਦ ਸਰਕਾਰ ਪਹਿਲਾਂ ਅਦਾਲਤ ਵਿੱਚ ਇਹ ਮੰਨ ਚੁੱਕੀ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਫ਼ੈਸਲੇ ਲੈਣ ਦੇ ਪੂਰੀ ਤਰ੍ਹਾਂ ਸਮਰੱਥ ਹੈ, ਪਰ ਹੁਣ ਅਚਾਨਕ ਪੁਲੀਸ ਕੇਸ ਦਰਜ ਕਰਨਾ ਸਰਕਾਰ ਦੀ ਗਲਤ ਮਨਸ਼ਾ ਨੂੰ ਜ਼ਾਹਿਰ ਕਰਦਾ ਹੈ।ਧਾਮੀ ਨੇ ਸਰਕਾਰ ’ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸੇ ਵੀ ਦੋਸ਼ੀ ਕਰਮਚਾਰੀ ਨੂੰ ਬਚਾ ਨਹੀਂ ਰਹੀ, ਕਿਉਂਕਿ ਬਰਖ਼ਾਸਤ ਕੀਤੇ ਗਏ ਵਿਅਕਤੀਆਂ ਨਾਲ ਹੁਣ ਸੰਸਥਾ ਦਾ ਕੋਈ ਲੈਣ-ਦੇਣ ਨਹੀਂ ਹੈ।

ਉਨ੍ਹਾਂ ਸਵਾਲ ਉਠਾਇਆ ਕਿ ਜੇਕਰ 22 ਹਜ਼ਾਰ ਕਰਮਚਾਰੀਆਂ ਵਾਲੀ ਵੱਡੀ ਸੰਸਥਾ ਦੇ ਪ੍ਰਬੰਧ ਵਿੱਚ ਕੋਈ ਖ਼ਾਮੀ ਆਉਂਦੀ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਰਕਾਰ ਸਿੱਖ ਸੰਸਥਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਪ੍ਰਬੰਧਕੀ ਕਾਰਜਾਂ ਅਤੇ ਅਨੁਸ਼ਾਸਨੀ ਕਾਰਵਾਈਆਂ ਲਈ ਕਿਸੇ ਬਾਹਰੀ ਦਖ਼ਲ ਦੀ ਮੁਹਤਾਜ ਨਹੀਂ ਹੈ ਅਤੇ ਸਰਕਾਰ ਵੱਲੋਂ ਕੀਤੀ ਗਈ ਪੁਲੀਸ ਕਾਰਵਾਈ ਸਿਰਫ਼ ਸਿੱਖ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।