Mar 7, 2026
ਸਰੀ, 2 ਜਨਵਰੀ (ਹਰਦਮ ਮਾਨ)-ਨਵੇਂ ਸਾਲ ਦੇ ਮੌਕੇ ਵੈਨਕੂਵਰ, ਸਰੀ, ਐਬਸਫੋਰਡ ਤੇ ਬੀਸੀ ਦੇ ਹੋਰ ਗੁਰੂ ਘਰਾਂ ਵਿਚ ਸੰਗਤਾਂ ਨੇ ਗੁਰੂ ਗਰੰਥ ਸਾਹਿਬ ਨੂੰ ਨਤਮਸਤਕ ਹੁੰਦਿਆਂ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਸਾਰੇ ਗੁਰੂ ਘਰਾਂ ਵਿਚ ਪ੍ਰਬੰਧਕਾਂ ਵਲੋਂ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਜਿਹਨਾਂ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ।
ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਵੇਂ ਸਾਲ ਦਾ ਸਮਾਗਮ ਸਮੂਹ ਸੰਗਤ ਵੱਲੋਂ ਬੜੇ ਪਿਆਰ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਨਵੇਂ ਸਾਲ ਦੀ ਆਮਦ ਦੀ ਉਡੀਕ ਵਿਚ ਬੁੱਧਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਸੋਦਰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਕੀਰਤਨ–ਕਥਾ ਦੇ ਪ੍ਰਵਾਹ ਨਾਲ ਸਮਾਗਮਾਂ ਦੀ ਸ਼ੁਰੂਆਤ ਹੋਈ।

ਇਸ ਮੌਕੇ ਭਾਈ ਇਕਬਾਲ ਸਿੰਘ ਲੁਧਿਆਣੇ ਵਾਲਿਆਂ ਅਤੇ ਭਾਈ ਸਰਬਜੀਤ ਸਿੰਘ ਰਮਦਾਸ ਵਾਲਿਆਂ ਦੇ ਕੀਰਤਨੀ ਜਥਿਆਂ ਵੱਲੋਂ ਰਸਭਿੰਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਗਿਆਨੀ ਸਤਵਿੰਦਰਪਾਲ ਸਿੰਘ ਨੇ ਗੁਰਬਾਣੀ ਦੀ ਕਥਾ ਕਰਦੇ ਹੋਏ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ। ਨਵੇਂ ਸਾਲ 2026 ਦਾ ਜੈਕਾਰਿਆਂ ਦੀ ਗੂੰਜ ਨਾਲ ਸੁਆਗਤ ਕੀਤਾ ਗਿਆ।

ਗਿਆਨੀ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਦਿਆਂ ਸਮੂਹ ਸੰਸਾਰ ਵਿਚ ਅਮਨ-ਸ਼ਾਂਤੀ, ਸਰਬੱਤ ਦੇ ਭਲੇ ਅਤੇ ਪਰਿਵਾਰਾਂ ਦੀ ਸੁਖ-ਸ਼ਾਂਤੀ ਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਨਵੇਂ ਸਾਲ ਦੇ ਦਿਨ ਵੀਰਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਬੇਸ਼ੁਮਾਰ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਸ਼ਰਧਾ ਨਾਲ ਗੁਰਬਾਣੀ ਸਰਵਣ ਕੀਤੀ ਅਤੇ ਨਵੇਂ ਸਾਲ ਦੇ ਮੁੱਢਲੇ ਪਲਾਂ ਨੂੰ ਆਤਮਕ ਤੌਰ ’ਤੇ ਸਫਲ ਬਣਾਇਆ। ਇਸ ਦੌਰਾਨ ਭਾਈ ਅਮਰੀਕ ਸਿੰਘ ਫੁੱਲ ਦੇ ਕੀਰਤਨੀ ਜਥੇ ਨੇ ਵੀ ਦਰਬਾਰ ਵਿਚ ਹਾਜ਼ਰੀ ਭਰੀ। ਸੇਵਾਦਾਰ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਅਤੇ ਸੇਵਾਦਾਰ ਬੱਚਿਆਂ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨਾਲ ਸਾਂਝ ਪਾਈ ਗਈ। ਸਾਰਾ ਦਿਨ ਸੰਗਤਾਂ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਬਰੁੱਕਸਾਈਡ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਅਤੇ ਆਪਣੀਆਂ

ਮਨੋਕਾਮਨਾਵਾਂ ਲਈ ਅਰਦਾਸਾਂ ਕੀਤੀਆਂ।ਲੰਗਰ ਦੀ ਸੇਵਾ ਵਿਚ ਵੀ ਸੇਵਾਦਾਰਾਂ ਨੇ ਘੰਟਿਆਂ ਬੱਧੀ ਨਿਸ਼ਕਾਮ ਸੇਵਾ ਕਰਕੇ ਗੁਰੂ ਮਹਾਰਾਜ ਅਤੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਐਬਸਫੋਰਡ- ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਗੁਰਦੁਆਰਾ ਬਾਬਾ ਬੰਦਾ ਬਹਾਦਰ ਸੁਸਾਇਟੀ ਤੇ ਗੁਰਦੁਆਰਾ ਕਲਗੀਧਰ ਦਰਬਾਰ ਵਿਖੇ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਨਵੇਂ ਸਾਲ ਮੌਕੇ ਗੁਰੂ ਦਾ ਅਸ਼ੀਰਵਾਦ ਲਿਆ। ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪ੍ਰਬੰਧਕੀ ਕਮੇਟੀ ਨੇ ਨਵੇਂ ਸਾਲ ਦੇ ਮੌਕੇ ਸੰਗਤਾਂ ਲਈ ਵਿਸ਼ੇਸ਼ ਲੰਗਰਾਂ ਦੇ ਪ੍ਰਬੰਧ ਕੀਤੇ। ਗੁਰੂ ਘਰ ਵਿਚ ਸਾਰਾ ਦਿਨ ਸੰਗਤਾਂ ਦਰਸ਼ਨਾਂ ਲਈ ਹਾਜ਼ਰੀ ਭਰੀ ਤੇ ਰਾਤ ਤੱਕ ਲੰਗਰ ਅਤੁੱਟ ਵਰਤਾਏ ਗਏ। ਇਸ ਵਾਰ ਸੰਗਤਾਂ ਦੇ ਭਾਰੀ ਇਕੱਠ ਕਾਰਣ ਮੱਥਾ ਟੇਕਣ ਲਈ ਸੰਗਤਾਂ ਨੂੰ ਲੰਬੀਆਂ ਕਤਾਰਾਂ ਵਿਚ ਇੰਤਜ਼ਾਰ ਕਰਨਾ ਪਿਆ। ਮੇਨ ਦਰਬਾਰ ਵਿਚ ਭਾਰੀ ਭੀੜ ਕਾਰਣ ਸੰਗਤਾਂ ਨੇ ਵਿਰਾਸਤੀ ਗੁਰੂ ਘਰ ਵਿਖੇ ਵੀ  ਮੱਥਾ ਟੇਕਿਆ।