ਬਲਵਿੰਦਰ ‘ਬਾਲਮ’ ਗੁਰਦਾਸਪੁਰ—
ਪ੍ਰਸਿੱਧ ਸਾਹਿਤਕ ਅਤੇ ਕਾਵਿਕ ਫੋਟੋਗ੍ਰਾਫਰ ਹਰਭਜਨ ਬਾਜਵਾ ਦੇਸ਼ ਵਿਦੇਸ਼ ਦੇ ਪ੍ਰਸਿੱਧ ਫੋਟੋਗ੍ਰਾਫਰ ਵਿੱਚ ਉਸ ਦਾ ਨਾਂਅ ਹੈ। ਸਰਕਾਰੀ ਪੋਲੀਟੈਕਨਿਕ ਕਾਲਿਜ ਬਟਾਲਾ (ਜ਼ਿਲ੍ਹਾ ਗੁਰਦਾਸਪੁਰ, ਪੰਜਾਬ) ਦੇ ਸਾਹਮਣੇ ਬਾਜਵਾ ਫੋਟੇਸ ਸਟੂਡੀਓ ਅਤੇ ਇਸ ਦੇ ਉੱਪਰ ਉਸ ਦੀ ਰਿਹਾਇਸ਼। ਉਸ ਦੇ ਸਟੂਡੀਓ ਵਿੱਚ ਸਾਹਿੱਤਕ ਅਤੇ ਕਲਾਤਮਿਕ ਫੋਟੋਆਂ ਦੀ ਪ੍ਰਦਰਸ਼ਨੀ ਚੌਵੀ ਘੰਟੇ ਵੇਖੀ ਜਾ ਸਕਦੀ।
ਪੰਜਾਬ, ਪੰਜਾਬੀ, ਪੰਜਾਬੀਅਤ, ਸਾਹਿਤਕ, ਕਲਾਤਮਿਕ ਅਤੇ ਕਾਵਿਕ ਫੋਟੋਗ੍ਰਾਫੀ ਨੂੰ ਸਮਰਪਿਤ ਹੈ ਹਰਭਜਨ ਬਾਜਵਾ, ਅੱਖ ਦੇ ਇਸ਼ਾਰੇ ਨਾਲ ਅੰਬਰੋਂ ਤਾਰੇ ਤੋੜ ਲਿਆਉਣ ਵਾਲਾ ਬੰਦਾ, ਮੂੰਹ ਫੱਟ, ਸੱਚਾ ਸੁੱਚਾ, ਭਾਵੇਂ ਤੂੰ-ਤੂੰ, ਮੈਂ-ਮੈਂ ਹੋ ਜਾਏ ਪਰ ਸੱਚ ਕਹਿਣੋਂ ਬਾਝ ਨਹੀਂ ਆਉਂਦਾ। ਕਈ ਲੋਕ ਉਸ ਨੂੰ ਸਿਰ ਫਿਰਾ, ਪਾਗਲ, ਸ਼ੌਦਾਈ, ਅਲਬੇਲਾ, ਫਕੱਰ, ਕਮਲਾ ਆਦਿ ਵੀ ਕਹਿ ਦਿੰਦੇ ਹਨ।
ਉਸ ਦੀ ਅੱਖ ਕੈਮਰੇ ਦੀ ਕਲਿਕ ਦਾ ਚੋਖਾ ਤਜ਼ੁਰਬਾ ਰੱਖਦੀ ਹੈ। ਉਸ ਦੀ ਅੱਖ ਕਲਾਤਮਿਕ ਚੀਜ਼ਾਂ ’ਤੇ ਜ਼ਿਆਦਾ ਟਿਕਦੀ ਹੈ। ਕੈਮਰੇ ਦੀ ਪਲਕ ਵਿੱਚ ਇੱਕ ਮਿਕਨਾਤੀਸ਼ੀ ਖਿੱਚ। ਵੈਸੇ ਉਹ ਵਿਅਕਤਿਤਵ ਤੌਰ ’ਤੇ ਯਾਰਾਂ ਦਾ ਯਾਰ, ਸੱਚੇ ਸੁੱਚੇ ਗੈਰਾਂ ਦਾ ਵੀ ਆਪਣਾ। ਗਲਤ ਬੰਦੇ ਨੂੰ ਮੂੰਹ ’ਤੇ ਗਲਤ ਕਹਿ ਦੇਣਾ ਉਸ ਦੀ ਆਦਤ ਹੈ, ਪਤਾ ਨਹੀਂ ਇਹ ਚੰਗੀ ਹੈ ਜਾਂ ਮਾੜੀ, ਪਰ ਉਹ ਇਸ ਤੋਂ ਟਸ ਤੋਂ ਮਸ ਨੲੀਂ ਹੁੰਦਾ। ਪੰਜਾਬ ਦਾ ਸਾਇਦ ਕੋਈ ਹੀ ਐਸਾ ਸਾਹਿਤਕਾਰ, ਨਾਟਕਕਾਰ, ਕਲਾਕਾਰ, ਪੱਤਰਕਾਰ, ਸੰਪਾਦਕ ਹੋਵੇ ਜਿਸ ਦੀ ਫੋਟੋ ਬਾਜਵੇ ਦੇ ਕੈਮਰੇ ਵਿੱਚ ਬੰਦ ਨਾ ਹੋਵੇ। ਚਾਹੇ ਪਾਕਿਸਤਾਨ ਦੇ ਸਾਹਿਤਿਕ ਕਲਾਕਾਰ ਹੋਵਣ ਜਾਂ ਪੰਜਾਬ (ਭਾਰਤ) ਦੇ ਉਸ ਦੇ ਕੈਮਰੇ ਵਿੱਚ ਸੁਸ਼ੋਭਿਤ ਹਨ। ਪੰਜਾਬ ਅਤੇ ਨਾਰਥ ਜੋਨ ਦੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ, ਡੋਗਰੀ, ਸਿੰਧੀ ਆਦਿ ਭਾਸ਼ਾਵਾਂ ਦੇ ਲੇਖਕਾਂ ਦੇ ਫੋਟੋਗ੍ਰਾਫਸ ਉਸ ਕੋਲ ਮੌਜੂਦ ਹਨ। ਭਾਰਤ -ਪਾਕਿਸਤਾਨ ਦੇ ਮਸ਼ਹੂਰ ਮੇਲੇ ਉਸ ਦੇ ਕੈਮਰੇ ਵਿੱਚ ਜੀਵਤ ਹਨ। ਭਾਰਤ ਦੀਆਂ ਪਹਾੜੀਆਂ, ਫਸਲਾਂ, ਪਸ਼ੂ-ਪੰਛੀਆਂ ਦੇ ਸੁੰਦਰ ਦ੍ਰਿਸ਼ ਉਸਦੇ ਕੈਮਰੇ ਵਿੱਚ ਸਮੋਏ ਹੋਏ ਹਨ। ਉਹ ਵਧੀਆ ਲੇਖਕ ਤੇ ਕਵੀ ਵੀ ਹਨ। ਪੰਜਾਬੀ ਕਵਿਤਾਵਾਂ ਦੀਆਂ ਦੋ ਪੁਸਤਕਾਂ ਸੁੱਕੇ ਕੱਖਾਂ ਥੱਲੇ ਅੱਗ ਅਤੇ ਮੌਤ ਇੱਕ ਆਸ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ।
ਬਾਜਵਾ ਜਿੱਦੀ ਨਹੀਂ ਹੈ, ਹਾਂ ਤੇ ਹਾਂ ਜਾਂ ਨਾਂਹ ਤੇ ਨਾਂਹ, ਪਰ ਛੋਟੀ ਗਲਾਸੀ ’ਤੇ ਆਣ ਕੇ ਜਿੱਦ ਕਰਦਾ ਹੈ ਜਰੂਰ ਕਦੀ-ਕਦੀ। ਉਹ ਸੱਚੀ ਤੇ ਇਮਾਨਦਾਰੀ ਵਾਲੀ ਪੰਜਾਬੀ ਵਿੱਚ ਗੱਲ ਕਰਦਾ ਹੈ, ਦੂਸਰਿਆਂ ਸ਼ਬਦਾਂ, ਹੋਰ ਭਾਸ਼ਾਵਾਂ ਨੂੰ ਵਿੱਚ ਨਹੀਂ ਘਸੋੜਦਾ। ਤ੍ਰਿਪਤ ਪੰਜਾਬੀ ਦਾ ਸ਼ੌਦਾਈ। ਬਾਡੀ ਲੈਂਗੁਏਜ ਵਿੱਚ ਓਵਰ ਐਕਟਿੰਗ ਨਹੀਂ ਕਰਦਾ। ਉਸ ਦਾ ਪਹਿਰਾਵਾ ਵੇਖ ਕੇ ਕੋਈ ਵੀ ਕਹਿ ਸਕਦਾ ਹੈ ਕਿ ਇਹ ਬੰਦਾ ਕੋਈ ਬਲਾਅ ਹੈ। ਸਰਕੜੇ ਵਰਗੇ ਸਫੇਦ ਵਾਲ ਮੋਢਿਆਂ ਤੱਕ ਲਹਿਰਾ ਕੇ ਕੰਨਸੋਆਂ ਕਰਦੇ, ਸਿੱਖੀ ਸਰੂਪ ਮੁਕੰਮਲ ਦਾੜ੍ਹੀ, ਮੋਢੇ ਤੇ ਕੈਮਰਾ, ਕੁਰਤਾ-ਪਜਾਮਾ ਉਸ ਦੀ ਫਕੀਰਾਨਾ ਆਦਤ ਤੇ ਅਨੁਕੂਲ। ਜਦੋਂ ਉਹ ਸੱਜਣਾ-ਬੇਲੀਆਂ ਨਾਲ ਗੱਲਾਂ ਕਰਦਾ ਹੈ, ਤਾਂ ਇਵੇਂ ਲਗਦਾ ਹੈ ਜਿਵੇਂ ਕੋਈ ਕਲਾਕਾਰ ਰੰਗਮੰਚ ਦਾ ਸੂਤਰਧਾਰ ਹੋਵੇ।
ਲਲਿਤ ਕਲਾ ਅਕੈਡਮੀ ਵੱਲੋਂ ਭਾਰਤ ਪੱਧਰ ਦਾ ਸਨਮਾਨ ਲੈ ਚੁੱਕਾ ਹੈ। ਪੰਜਾਬ ਆਰਟ ਕੋਸਿਲ ਵਲੋਂ ਵੀ ਮਾਨ-ਸਨਮਾਨ ਲੈ ਚੁੱਕਾ ਹੈ।
ਬਾਜਵਾ ਮਨ ਦਾ ਸਰਲ ਤਾਂ ਹੈ ਹੀ, ਪਰ ਮੁਸ਼ਕਿਲ ਵੀ ਹੈ। ਉਸ ਨੂੰ ਹਰ ਬੰਦਾ ਨਹੀਂ ਪੜ੍ਹ ਸਕਦਾ। ਬਟਾਲੇ ਦੇ ਬਹੁਤ ਬੁਜ਼ੁਰਗ ਉਸ ਦੇ ਯਾਰ ਰਹੇ ਹਨ। ਉਹ ਯਾਰ ਜੋ ਸਵ. ਸ਼ਿਵ ਕੁਮਾਰ ਬਟਾਲਵੀ ਦੇ ਯਾਰ ਸਨ। ਬਾਜਵਾ ਵੀ ਸ਼ਿਵ ਕੁਮਾਰ ਬਟਾਲਵੀ ਦਾ ਪੱਕਾ ਯਾਰ ਸੀ। ਉਸ ਦੇ ਸਟੂਡੀਓ ਵਿੱਚ ਕੋਈ ਨਾ ਕੋਈ ਕਲਾਕਾਰ ਵੇਖਣ ਨੂੰ ਜਰੂਰ ਮਿਲ ਜਾਂਦਾ ਹੈ। ਸ਼ਿਵ ਕੁਮਾਰ ਬਟਾਲਵੀ ਨੂੰ ਬਾਜਵਾ ਸਭ ਤੋਂ ਵੱਧ ਜਾਣਦਾ ਹੈ। ਬਾਜਵਾ ਸਾਹਿਤਕ ਫੋਟੋਗ੍ਰਾਫੀ ਵਿੱਚ ਚੱਲਦਾ ਫਿਰਦਾ ਇਨਸਾਈਕਲੋਪੀਡੀਆ ਹੈ। ਜਿਉਂਦਾ ਵੱਸਦਾ ਰਵੇ।
-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ. 98156-25409
