Mar 7, 2026
• ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਮਿਲੇ-

• ਪਾਰਟੀ ਕਾਡਰ ਤੇ ਨਵੇਂ ਚੁਣੇ ਨੁਮਾਇੰਦਿਆਂ ਲਈ ‘ਮਿਸ਼ਨ 45 ਫੀਸਦੀ ਵੋਟ’ ਕੀਤਾ ਸਾਂਝਾ

• ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵਾਂਗਾ ਅਤੇ ਸਮੁੱਚੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਹੋਵੇ: -ਭਗਵੰਤ ਸਿੰਘ ਮਾਨ

ਲੁਧਿਆਣਾ, 8 ਜਨਵਰੀ:-
ਇਕ ਮਜ਼ਬੂਤ ਸਿਆਸੀ ਸੰਦੇਸ਼ ਦਿੰਦੇ ਹੋਏ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਡਰ, ਗੁੰਡਾਗਰਦੀ ਅਤੇ ਹੇਰਾਫੇਰੀ ਵਾਲੀਆਂ ਚੋਣਾਂ ਦੇ ਯੁੱਗ ਤੋਂ ਫੈਸਲਾਕੁੰਨ ਤੌਰ ਉੱਤੇ ਬਾਹਰ ਆ ਗਿਆ ਹੈ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਹੁਣ ‘ਯੁੱਧ ਨਸ਼ਿਆਂ ਵਿਰੁੱਧ’ ਦੀ ਤਰਜ਼ ਉੱਤੇ ਗੈਂਗਸਟਰਾਂ ਵਿWੱਧ ਵੱਡੇ ਪੱਧਰ ਉੱਤੇ ਜੰਗ ਸ਼ੁਰੂ ਕਰੇਗੀ।

ਪੰਚਾਇਤ ਚੋਣਾਂ ਵਿੱਚ ‘ਆਪ’ ਦੀ 70 ਪ੍ਰਤੀਸ਼ਤ ਤੋਂ ਵੱਧ ਸੀਟਾਂ ਉੱਤੇ ਸ਼ਾਨਦਾਰ ਜਿੱਤ ਨੂੰ ਸਾਫ਼—ਸੁਥਰੀ ਰਾਜਨੀਤੀ ਅਤੇ ਇਮਾਨਦਾਰ ਸ਼ਾਸਨ ਲਈ ਫਤਵਾ ਦੱਸਦਿਆਂ ‘ਆਪ’ ਮੁਖੀ ਨੇ ਕਿਹਾ ਕਿ ਪੰਜਾਬ ਨੇ ਆਪਣੇ ਇਤਿਹਾਸ ਵਿੱਚ ਸਥਾਨਕ ਇਕਾਈਆਂ ਦੀਆਂ ਚੋਣਾਂ ਸਭ ਤੋਂ ਸਾਫ਼ਗੋਈ ਨਾਲ ਹੁੰਦੀਆਂ ਦੇਖੀਆਂ ਹਨ, ਜਿਨ੍ਹਾਂ ਵਿੱਚ ਇਕ ਵੀ ਵੋਟ ਤਬਦੀਲ ਨਹੀਂ ਹੋਈ, ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਪੱਖੀ ਸ਼ਾਸਨ ਨੇ ਰਵਾਇਤੀ ਪਾਰਟੀਆਂ ਨੂੰ ਆਪਣੇ ਮੈਨੀਫੈਸਟੋ ਦੁਬਾਰਾ ਲਿਖਣ ਲਈ ਮਜਬੂਰ ਕੀਤਾ ਹੈ।

‘ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਿਮਾਣੇ ਸਿੱਖ ਵਜੋਂ ਪੇਸ਼ ਹੋਵਾਂਗਾ ਅਤੇ ਅਕਾਲ ਤਖ਼ਤ ਦਾ ਹੁਕਮ ਸਭ ਤੋਂ ਉੱਪਰ ਹੈ: ਭਗਵੰਤ ਸਿੰਘ ਮਾਨ*

ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਮੁੱਦੇ ਉੱਤੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਸਾਰੇ ਸਬੂਤਾਂ ਨਾਲ ਤਖ਼ਤ ਸਾਹਿਬ ਅੱਗੇ ਜ਼ਰੂਰ ਪੇਸ਼ ਹੋਣਗੇ ਅਤੇ ਬੇਨਤੀ ਕੀਤੀ ਕਿ ਕਾਰਵਾਈ ਦਾ ਸਾਰੇ ਚੈਨਲਾਂ ਉੱਤੇ ਸਿੱਧਾ ਪ੍ਰਸਾਰਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ “ਮੈਂ ਉੱਥੇ ਮੁੱਖ ਮੰਤਰੀ ਵਜੋਂ ਨਹੀਂ, ਸਗੋਂ ਇਕ ਨਿਮਾਣੇ ਸਿੱਖ ਵਜੋਂ ਪੇਸ਼ ਹੋਵਾਂਗਾ। ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਲਈ ਪਵਿੱਤਰ ਹੈ ਅਤੇ ਸਾਡੇ ਭਾਈਚਾਰੇ ਦਾ ਸਭ ਤੋਂ ਮੁਕੱਦਸ ਸਥਾਨ ਹੈ। ਭਾਵੇਂ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਦੌਰਾ ਕਰਨਗੇ, ਮੈਂ ਫਿਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੀ ਹਾਜ਼ਰੀ ਯਕੀਨੀ ਬਣਾਵਾਂਗਾ।”

ਉਨ੍ਹਾਂ ਸਪੱਸ਼ਟ ਤੌਰ ਉੱਤੇ ਕਿਹਾ ਕਿ ਉਨ੍ਹਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਭ ਤੋਂ ਉੱਪਰ ਹਨ। ਉਥੋਂ ਪ੍ਰਾਪਤ ਹੋਣ ਵਾਲੇ ਕਿਸੇ ਵੀ ਹੁਕਮ ਦੀ ਸੱਚੇ ਦਿਲੋਂ ਪਾਲਣਾ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ “ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੇਰੇ ਅਤੇ ਮੇਰੇ ਪਰਿਵਾਰ ਲਈ ਹਮੇਸ਼ਾ ਸਰਵਉੱਚ ਸੀ, ਹੈ ਅਤੇ ਰਹੇਗਾ। ਇਹ ਇਕ ਬਹੁਤ ਹੀ ਸਤਿਕਾਰਯੋਗ ਸਥਾਨ ਹੈ, ਜਿੱਥੋਂ ਸਿੱਖਾਂ ਨੂੰ ਸਦੀਵੀ ਸਕੂਨ ਅਤੇ ਤਾਕਤ ਮਿਲਦੀ ਹੈ।”

ਲੁਧਿਆਣਾ ਵਿੱਚ ਚੁਣੇ ਹੋਏ ਨੁਮਾਇੰਦਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ “ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ, ਜੋ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸਮਿਤੀਆਂ ਦੇ ਮੈਂਬਰਾਂ ਵਜੋਂ ਇੰਨੀ ਵੱਡੀ ਗਿਣਤੀ ਵਿੱਚ ਚੁਣੇ ਗਏ ਹਨ। ਤੁਹਾਨੂੰ ਅੱਜ ਖ਼ੁਸ਼ੀ ਹੋਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੇ ਤੁਹਾਨੂੰ ਇਕ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਚੋਣਾਂ ਵਿੱਚ ‘ਆਪ’ ਨੇ ਕੁੱਲ ਸੀਟਾਂ ਵਿੱਚੋਂ 70 ਪ੍ਰਤੀਸ਼ਤ ਤੋਂ ਵੱਧ ਜਿੱਤੀਆਂ ਹਨ। ਇਹ ਤੁਹਾਡੀ ਪਾਰਟੀ ਦੀਆਂ ਸੀਟਾਂ ਹਨ।”
ਅਰਵਿੰਦ ਕੇਜਰੀਵਾਲ ਨੇ ਆਪਣੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ “ਵੱਡੇ ਕੰਮ ਹੋ ਰਹੇ ਹਨ। ਬਿਜਲੀ ਮੁਫ਼ਤ ਹੋ ਗਈ ਹੈ। ਪਹਿਲਾਂ ਪਿਛਲੀਆਂ ਚੋਣਾਂ ਦੌਰਾਨ ਮੈਂ ਜਿੱਥੇ ਵੀ ਜਾਂਦਾ ਸੀ, ਲੋਕ ਬਿਜਲੀ ਦੇ ਬਿੱਲ ਲੈ ਕੇ ਬੈਠਦੇ ਸਨ ਅਤੇ ਕਹਿੰਦੇ ਸਨ ਕਿ ਉਨ੍ਹਾਂ ਕੋਲ ਛੋਟਾ ਜਿਹਾ ਘਰ ਹੈ, ਇਕ ਪੱਖਾ ਹੈ, ਫਿਰ ਵੀ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦੇ ਬਿੱਲ ਮਿਲੇ ਹਨ। ਅੱਜ ਲੋਕਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਮਿਲ ਰਹੇ ਹਨ। ਜੇ ਇਹ ਚਮਤਕਾਰ ਨਹੀਂ ਹੈ ਤਾਂ ਕੀ ਹੈ, ਪੁਰਾਣੇ ਬਿੱਲ ਮੁਆਫ਼ ਕਰ ਦਿੱਤੇ ਗਏ ਹਨ।”

ਉਨ੍ਹਾਂ ਕਿਹਾ ਕਿ ਚੋਣ ਫਤਵਾ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ। “ਚਾਰ ਸਾਲ ਸਰਕਾਰ ਵਿੱਚ ਰਹਿਣ ਤੋਂ ਬਾਅਦ ਜੇਕਰ ਅਸੀਂ 38 ਪ੍ਰਤੀਸ਼ਤ ਵੋਟ ਹਿੱਸੇਦਾਰੀ ਨਾਲ 70 ਪ੍ਰਤੀਸ਼ਤ ਤੋਂ ਵੱਧ ਸੀਟਾਂ ਜਿੱਤਦੇ ਹਾਂ ਤਾਂ ਉਹ 38 ਪ੍ਰਤੀਸ਼ਤ ਸਾਡੇ ਕੰਮ ਲਈ ਵੋਟ ਹੈ, ਜ਼ਬਰਦਸਤੀ ਜਾਂ ਭ੍ਰਿਸ਼ਟਾਚਾਰ ਲਈ ਨਹੀਂ। ਇਹ ਇਮਾਨਦਾਰੀ ਅਤੇ ਸ਼ਿਸ਼ਟਾਚਾਰ ਲਈ ਵੋਟ ਹੈ। ਸਾਡੀ ਪਾਰਟੀ ਨੇਕ ਲੋਕਾਂ ਦੀ ਪਾਰਟੀ ਹੈ।” ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਭਵਿੱਖ ਲਈ ਅਹਿਮ ਦੱਸਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ “ਹੁਣ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਅਗਲੀਆਂ ਚੋਣਾਂ ਵਿੱਚ ਇਸ 38 ਪ੍ਰਤੀਸ਼ਤ ਵੋਟ ਹਿੱਸੇਦਾਰੀ ਨੂੰ 45 ਪ੍ਰਤੀਸ਼ਤ ਤੱਕ ਲੈ ਜਾਓ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਦੇ ਸੰਕਟ ਵਿੱਚੋਂ ਕੱਢਣਾ ਬਹੁਤ ਮੁਸ਼ਕਲ ਰਿਹਾ ਹੈ। ਉਨ੍ਹਾਂ ਕਿਹਾ “ਬਹੁਤ ਹਿੰਮਤ ਅਤੇ ਮਿਹਨਤ ਨਾਲ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਬਾਹਰ ਕੱਢ ਰਹੇ ਹਾਂ। ਘਰ—ਘਰ ਜਾ ਕੇ ਲੋਕਾਂ ਨੂੰ ਸਮਝਾਓ ਕਿ ਜੇ ਇਹ ਲੋਕ ਸੱਤਾ ਵਿੱਚ ਵਾਪਸ ਆਉਂਦੇ ਹਨ ਤਾਂ 10,000 Wਪਏ ਦੇ ਬਿਜਲੀ ਬਿੱਲ ਵਾਪਸ ਆ ਜਾਣਗੇ। ਅਸੀਂ ਬਹੁਤ ਮੁਸ਼ਕਲ ਨਾਲ ਪੰਜਾਬ ਦੀ ਵਿੱਤੀ ਸਥਿਤੀ ਨੂੰ ਠੀਕ ਕੀਤਾ ਹੈ। ਅਸੀਂ ਰਾਜ ਦੇ ਬਜਟ ਦਾ ਪ੍ਰਬੰਧਨ ਕੀਤਾ ਹੈ ਅਤੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੇ ਹਾਂ।”

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦੂਰਦਰਸ਼ੀ ਸੋਚ ਅਤੇ ਗਤੀਸ਼ੀਲਤਾ ਨੇ ਰਵਾਇਤੀ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰਾਂ ਨੂੰ ਦੁਬਾਰਾ ਲਿਖਣ ਅਤੇ ਆਪਣੀਆਂ ਤਰਜੀਹਾਂ ਉੱਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ “ਅਰਵਿੰਦ ਕੇਜਰੀਵਾਲ ਕਾਰਨ ਇਸ ਦੇਸ਼ ਦੀ ਰਾਜਨੀਤੀ ਬਦਲ ਗਈ ਹੈ। ਸਿੱਖਿਆ, ਸਿਹਤ ਅਤੇ ਬਿਜਲੀ ਸਿਰਫ਼ ‘ਆਪ’ ਦੇ ਕਾਰਨ ਰਾਜਨੀਤਿਕ ਚਰਚਾ ਦੇ ਕੇਂਦਰ ਵਿੱਚ ਆਏ ਹਨ। ਇਸ ਤੋਂ ਪਹਿਲਾਂ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਕਦੇ ਵੀ ਇਨ੍ਹਾਂ ਖੇਤਰਾਂ ਦੀ ਚਿੰਤਾ ਨਹੀਂ ਕੀਤੀ, ਭਾਵੇਂ ਇਹ ਆਮ ਆਦਮੀ ਲਈ ਸਭ ਤੋਂ ਵੱਧ ਮਾਇਨੇ ਰੱਖਦੇ ਹਨ।”

ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਵਧਾਈ ਦਿੰਦੇ ਹੋਏ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਨਾਲ ਸਿੱਧਾ ਸਬੰਧ ਬਣਾ ਕੇ ਇਹ ਚੋਣਾਂ ਜਿੱਤੀਆਂ ਹਨ, ਉਨ੍ਹਾਂ ਕਿਹਾ ਕਿ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿਧਾਨ ਸਭਾ ਜਾਂ ਸੰਸਦੀ ਚੋਣਾਂ ਨਾਲੋਂ ਕਿਤੇ ਜ਼ਿਆਦਾ ਚੁਣੌਤੀਪੂਰਨ ਹੁੰਦੀਆਂ ਹਨ। ਉਨ੍ਹਾਂ ਕਿਹਾ “ਤੁਸੀਂ ਲੋਕਾਂ ਵਿੱਚ ਕੰਮ ਕਰਕੇ ਜੇਤੂ ਹੋ ਕੇ ਉੱਭਰੇ ਹੋ। ਇਸ ਜਿੱਤ ਦੀ ਵਰਤੋਂ ਰਾਜਨੀਤੀ ਵਿੱਚ ਨਵੀਆਂ ਉਚਾਈਆਂ ਨੂੰ ਛੂਹਣ ਲਈ ਕੀਤੀ ਜਾਣੀ ਚਾਹੀਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਭਵਿੱਖ ਵਿੱਚ ਵਿਧਾਨ ਸਭਾ ਚੋਣਾਂ ਲੜਨਗੇ।” ਉਨ੍ਹਾਂ ਕਿਹਾ “ਇਹ ਦੂਜੀਆਂ ਪਾਰਟੀਆਂ ਦੇ ਬਿਲਕੁਲ ਉਲਟ ਹੈ, ਜਿੱਥੇ ਪਰਿਵਾਰਵਾਦ ਦੀ ਰਾਜਨੀਤੀ ਭਾਰੂ ਹੁੰਦੀ ਹੈ ਅਤੇ ਟਿਕਟਾਂ ਪਰਿਵਾਰਾਂ ਵਿੱਚ ਹੀ ਵੰਡੀਆਂ ਜਾਂਦੀਆਂ ਹਨ।”

ਅਕਾਲੀ ਦਲ ਉੱਤੇ ਨਿਸ਼ਾਨਾ ਸਾਧਦੇ ਹੋਏ ਭਗਵੰਤ ਸਿੰਘ ਮਾਨ ਨੇ ਟਿੱਪਣੀ ਕੀਤੀ ਕਿ ਪਾਰਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀ ਮਾਘੀ ਕਾਨਫਰੰਸ ਲਈ ਬੁਲਾਰੇ ਲੱਭਣ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ “ਉਨ੍ਹਾਂ ਕੋਲ ਲੋਕਾਂ ਨੂੰ ਸੰਬੋਧਨ ਕਰਨ ਲਈ ਕੋਈ ਆਗੂ ਨਹੀਂ ਬਚਿਆ।” ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਚੋਣਾਂ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਗਈਆਂ। “ਇਹੀ ਕਾਰਨ ਹੈ ਕਿ ਕਈ ਸੀਟਾਂ ਉੱਤੇ ਜਿੱਤ ਦਾ ਫਰਕ ਬਹੁਤ ਘੱਟ ਸੀ। ਲੋਕ ‘ਆਪ’ ਦੀਆਂ ਲੋਕ—ਪੱਖੀ ਨੀਤੀਆਂ ਕਾਰਨ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ, ਜਦੋਂ ਕਿ ਕਈ ਪਾਰਟੀਆਂ ਨੂੰ ਉਮੀਦਵਾਰ ਵੀ ਨਹੀਂ ਮਿਲ ਰਹੇ ਕਿਉਂਕਿ ਜਨਤਾ ਉਨ੍ਹਾਂ ਦੀ ਵੰਡ ਪਾਊ ਰਾਜਨੀਤੀ ਤੋਂ ਤੰਗ ਆ ਚੁੱਕੀ ਹੈ।”

ਉਨ੍ਹਾਂ ਕਿਹਾ ਕਿ ਤਿੱਖੇ ਮੁਕਾਬਲੇ ਦੌਰਾਨ ਲੋਕਾਂ ਲਈ ਆਵਾਜ਼ ਬੁਲੰਦ ਕਰਨਾ ਅਤੇ ਜਿੱਤਣਾ ਸੱਚਮੁੱਚ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ “ਕਾਂਗਰਸ ਅਤੇ ਅਕਾਲੀਆਂ ਦਾ ਕੋਈ ਏਜੰਡਾ ਨਹੀਂ ਹੈ। ਉਹ ਸਿਰਫ਼ ਸੱਤਾ ਵਿੱਚ ਵਾਪਸ ਆਉਣ ਦੀ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਪਰ ਉਨ੍ਹਾਂ ਦੇ ਸੁਪਨੇ ਕਦੇ ਵੀ ਪੂਰੇ ਨਹੀਂ ਹੋਣਗੇ ਕਿਉਂਕਿ ਲੋਕ ਪੰਜਾਬ ਅਤੇ ਲੋਕਾਈ ਵਿWੱਧ ਉਨ੍ਹਾਂ ਦੀ ਸ਼ੱਕੀ ਭੂਮਿਕਾ ਤੋਂ ਪੂਰੀ ਤਰ੍ਹਾਂ ਜਾਣੂ ਹਨ।”

ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ‘ਆਪ’ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਨਵੇਂ ਚੁਣੇ ਗਏ ਮੈਂਬਰਾਂ ਨੂੰ ਲੋਕਾਂ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ “ਇਹ ਫਤਵਾ ਪੰਜਾਬ ਸਰਕਾਰ ਦੀਆਂ ਲੋਕ—ਪੱਖੀ ਅਤੇ ਵਿਕਾਸ ਮੁਖੀ ਨੀਤੀਆਂ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।”

ਮਨੀਸ਼ ਸਿਸੋਦੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਮੈਂਬਰਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦੂਜੇ ਪੜਾਅ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਸੀ, ਜਿਸ ਨਾਲ ਇਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਕਿਹਾ “ਪੰਜਾਬ ਦੀ ਆਤਮਾ ਇਸ ਦੇ ਪਿੰਡਾਂ ਵਿੱਚ ਵਸਦੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਪਿੰਡਾਂ ਦੇ ਵਿਕਾਸ ਅਤੇ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੋਗੇ।”

————–