ਵਿੰਨੀਪੈਗ (ਸੁਰਿੰਦਰ ਮਾਵੀ )-
ਨਵੇਂ ਸਾਲ ਦੀ ਸ਼ੁਰੂਆਤ ‘ਚ ਹੀ ਲੋਹੜੀ ਦਾ ਤਿਉਹਾਰ ਆਉਂਦਾ ਹੈ ਤੇ ਇਸ ਤੋਂ ਹੀ ਸਾਰੇ ਤਿਉਹਾਰਾਂ ਦੀ ਸ਼ੁਰੂਆਤ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਭੁੱਗਾ ਬਾਲ ਕੇ ਲੋਹੜੀ ਮਨਾਉਂਦੇ ਹਾਂ, ਸਾਰੇ ਆਪਣੇ ਅੰਦਰੋਂ ਦਲਿੱਦਰ ਕੱਢ ਕੇ ਨਵੀਂ-ਨਰੋਈ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ ਤੇ ਇਹੀ ਅਰਦਾਸ ਕਰਦੇ ਹਨ ਕਿ ਇਹ ਤਿਉਹਾਰ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ-ਖੇੜੇ ਲੈ ਕੇ ਆਵੇ।ਵਿਦੇਸ਼ਾਂ ‘ਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਸਾਲ ਦੀ ਲੋਹੜੀ ਵੀ ਵਿਲੱਖਣ ਹੈ ਕਿਉਂਕਿ ਇਸ ਲੋਹੜੀ ਵੇਲੇ ਬਹੁਗਿਣਤੀ ਵਿੱਚ ਇਕ ਸੁਭਾਗੀ ਲਹਿਰ ਚੱਲੀ ਹੈ ਉਹ ਲਹਿਰ ਹੈ ਨਵਜੰਮੀਆਂ ਧੀਆਂ ਦੀ ਲੋਹੜੀ ਪਾਉਣ ਦੀ । ਇਸੇ ਵਿਚਕਾਰ ਵਿਨੀਪੈਗ ਦੇ ਇੱਕ ਪਰਿਵਾਰ ਨੇ ਆਪਣੀ ਧੀ ਦੀ ਲੋਹੜੀ ਪੁੱਤਾਂ ਵਾਂਗ ਮਨਾਈ ਹੈ। ਧੀਆਂ ਅਤੇ ਪੁੱਤਾਂ ਚ ਫ਼ਰਕ ਸਮਝਣ ਵਾਲੇ ਲੋਕਾਂ ਨੂੰ ਵੱਡੀ ਸੇਧ ਦਿੱਤੀ ਹੈ।ਇੱਥੇ ਵਿਨੀਪੈਗ ਵਾਸੀ ਪਿਤਾ ਅਮਨਦੀਪ ਸਿੰਘ ਅਤੇ ਮਾਤਾ ਹਰਜੋਤ ਕੌਰ ਮਾਵੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੈਨੇਡਾ ‘ਚ ਜੰਮੀ ਆਪਣੀ ਧੀ ਅਜੂਨੀ ਕੌਰ ਦੀ ਲੋਹੜੀ R U bankut ਹਾਲ ਵਿਚ ਬੜੀ ਧੂਮ ਧਾਮ ਨਾਲ ਮਨਾਈ. ਇਸ ਮੌਕੇ ਨਾਨਕਾ ਪਰਿਵਾਰ ਛੂਛਕ ਲੈ ਕੇ ਲੋਹੜੀ ‘ਤੇ ਪਹੁੰਚਿਆ ਅਤੇ ਆਂਢ-ਗੁਆਂਢ ਤੇ ਰਿਸ਼ਤੇਦਾਰੀਆਂ ਨੇ ਰਲ ਮਿਲ ਕੇ ਖ਼ੁਸ਼ੀਆਂ ਮਨਾਈਆਂ।
ਪਰਿਵਾਰ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਧੀਆਂ ਪੁੱਤਾਂ ਦੇ ਨਾਲੋਂ ਕਿਸੇ ਵੀ ਪਾਸੇ ਘੱਟ ਨਹੀਂ ਹਨ।ਧੀਆਂ ਦੇ ਜੰਮਣ ਦੀ ਵੀ ਓਨੀ ਹੀ ਖ਼ੁਸ਼ੀ ਨਾਲ ਲੋਹੜੀ ਮਨਾਉਣ ਦੀ ਲੋੜ ਹੇ ਜਿੰਨੀ ਕਿ ਪੁੱਤਰਾਂ ਦੇ ਪੈਦਾ ਹੋਣ ਤੇ ਮਨਾਈ ਜਾਂਦੀ ਹੈ । ਇਸ ਮੌਕੇ ਉਨ੍ਹਾਂ ਦੇ ਦੋਸਤਾਂ ਮਿੱਤਰਾਂ ਨੇ ਲੋਹੜੀ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਮਨਦੀਪ ਅਤੇ ਹਰਜੋਤ ਮਾਵੀ ਵੱਲੋਂ ਆਪਣੀ ਬੇਟੀ ਅਜੂਨੀ ਕੌਰ ਦੀ ਲੋਹੜੀ ਮਨਾਈ ਗਈ ਹੈ, ਉਸੇ ਤਰ੍ਹਾਂ ਮੁੰਡੇ ਅਤੇ ਕੁੜੀ ਦੇ ਵਿੱਚ ਫ਼ਰਕ ਨਾ ਰੱਖ ਕੇ, ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੀਆਂ ਧੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਅੱਜ ਫ਼ੌਜ, ਪੁਲਿਸ, ਪਾਇਲਟ, ਖੇਡਾਂ ਆਦਿ ਖੇਤਰਾਂ ’ਚ ਨਾਮਣਾ ਖੱਟ ਕੇ ਆਪਣਾ, ਆਪਣੇ ਦੇਸ਼ ਅਤੇ ਮਾਤਾ ਪਿਤਾ ਨਾਮ ਰੌਸ਼ਨ ਕਰ ਰਹੀਆਂ ਹਨ।
ਇਸ ਮੌਕੇ ਆਏ ਮਹਿਮਾਨਾਂ ਨੂੰ ਮੂੰਗਫਲੀ, ਰਿਉੜੀਆਂ ਵੰਡੀਆਂ ਗਈਆਂ । ਇਸ ਸਮਾਗਮ ’ਚ ਕਈ ਜੋੜੇ ਆਪਣੇ ਨਵਜੰਮੇ ਬੱਚਿਆਂ ਸਮੇਤ ਸ਼ਾਮਲ ਹੋਏ। ਢੋਲ ਦੀਆਂ ਥਾਪਾਂ ’ਤੇ ਮਾਪੇ ਆਪਣੇ ਬੱਚਿਆਂ ਨੂੰ ਗੋਦ ’ਚ ਲੈ ਕੇ ਨੱਚਦੇ ਨਜ਼ਰ ਆਏ।ਇਸ ਮੌਕੇ ਬੱਚੇ ਅਤੇ ਬੱਚੀਆਂ ਵੱਲੋਂ ਖ਼ਾਸ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿਚ ਹਰਸੀਰਤ ਕੌਰ ਸੈਣੀ ਅਤੇ ਸੁਖਮਨ ਧਾਲੀਵਾਲ ਵੱਲੋਂ ਪੇਸ਼ ਕੀਤਾ ਗਿਆ ਲੋਕ ਨਾਚ ਖ਼ੂਬ ਸਰਾਹਿਆ ਗਿਆ. ਇਸ ਤੋਂ ਇਲਾਵਾ ਪੰਜਾਬ ਕਲਚਰਲ ਸੈਂਟਰ ਵਿਚ ਵੀ ਪਰਵਾਰਾਂ ਵੱਲੋਂ ਲੋਹੜੀ ਮਨਾਈ ਅਤੇ ਆਰ ਬੀ ਸੀ ਕਨਵੈੱਨਸ਼ਨ ਸੈਂਟਰ ਵਿਨੀਪੈਗ ਵਿਚ ਏਸ਼ੀਅਨ ਵੁਮੈਨ ਆਫ਼ ਵਿਨੀਪੈਗ ਵੱਲੋਂ ਵੀ ਨਵਜੰਮੇ ਕੁੜੀਆਂ -ਮੁੰਡਿਆਂ ਅਤੇ ਨਵਾਂ ਵਿਆਹ ਜੋੜਿਆਂ ਦੀ ਲੋਹੜੀ ਵੀ ਮਨਾਈ ਗਈ ਜਿਸ ਵਿਚ ਧੀਆਂ-ਪੁੱਤਰਾਂ ਦੀ ਬਰਾਬਰਤਾ ਲਈ ਲੋਹੜੀ ਵੰਡੀ ਗਈ.
ਫ਼ੋਟੋ- ਲੋਹੜੀ ਮਨਾਉਂਦੇ ਸਮੇਂ ਪਰਵਾਰ ਦਾ ਬੱਚਿਆਂ ਨਾਲ ਇਕ ਯਾਦਗਾਰੀ ਪਲ
