Mar 7, 2026

ਆਪ ਸੁਪਰੀਮੋ ਕੇਜਰੀਵਾਲ ਤੋਂ ਮੈਗਸਾਸੇ ਐਵਾਰਡ ਵਾਪਿਸ ਲਿਆ ਜਾਵੇ-ਮੈਗਸਾਸੇ ਫਾਉਂਡੇਸ਼ਨ ਤੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਿਆ-

ਵੈਨਕੂਵਰ ( ਦੇ ਪ੍ਰ ਬਿ)-ਰੇਡੀਓ ਇੰਡੀਆ ਸਰੀ, ਬੀਸੀ ਦੇ ਮੈਨੇਜਿੰਗ ਐਡੀਟਰ ਮਨਿੰਦਰ ਸਿੰਘ ਗਿੱਲ ਨੇ ਇਕ ਪੱਤਰ ਰਾਹੀਂ ਉਤਰੀ ਭਾਰਤ ਅਤੇ ਪੰਜਾਬ ਦੇ ਪ੍ਰਸਿੱਧ ਅਖਬਾਰ ਜਗਬਾਣੀ ਅਤੇ ਪੰਜਾਬ ਕੇਸਰੀ ਗਰੁੱਪ ਉੱਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਾਏ ਜਾ ਰਹੇ ਗੈਰ ਕਨੂੰਨੀ ਸਰਕਾਰੀ ਦਬਾਅ ਦੀ ਕਰੜੀ ਨਿੰਦਾ ਕੀਤੀ ਹੈ । ਉਹਨਾਂ ਪੰਜਾਬ ਦੇ ਰਾਜਪਾਲ ਨੂੰ ਲਿਖੇ ਪੱਤਰ ਵਿਚ ਪੰਜਾਬ ਸਰਕਾਰ ਵਲੋਂ ਮੀਡੀਆ ਉਪਰ ਪਾਏ ਜਾ ਰਹੇ ਦਬਾਅ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਜਗਬਾਣੀ ਗਰੁੱਪ ਨੇ ਆਪਣੀ ਡਿਊਟੀ ਨਿਭਾਉਂਦਿਆਂ ਵਿਚਾਰਾਂ ਦੀ ਆਜ਼ਾਦੀ ਦੇ ਸਿਧਾਂਤਾਂ ਦੀ ਰੱਖਿਆ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ। ਉਹਨਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਹਦਾਇਤਾਂ ਤੇ ਕੰਮ ਕਰਨ ਵਾਲੀ ਪੰਜਾਬ ਸਰਕਾਰ ਵਲੋਂ ਮੀਡੀਆ ਉਪਰ ਪਾਏ ਜਾ ਰਹੇ ਦਬਾਅ ਦੇ ਵਿਰੋਧ ਵਜੋਂ ਰੇਮਨ ਮੈਗਸਾਸੇ ਐਵਾਰਡ ਫਾਉਂਡੇਸ਼ਨ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਆਪ ਸੁਪਰੀਮੋ ਕੇਜਰੀਵਾਲ ਵਲੋ ਮਾਨਵੀ ਅਧਿਕਾਰਾਂ ਦੇ ਵਿਰੁੱਧ ਕੰਮ ਕਰਨ ਲਈ ਉਸ ਨੂੰ ਦਿੱਤਾ ਗਿਆ ਰੇਮਨ ਮੈਗਸਾਸੇ ਐਵਾਰਡ ਵਾਪਿਸ ਲੈਣ ਦੀ ਮੰਗ ਕੀਤੀ ਹੈ।
ਉਹਨਾਂ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ  ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਨ ਜੀਵਨ ਵਿੱਚ ਵਿਚਾਰਾਂ ਦੀ ਆਜ਼ਾਦੀ ਅਤੇ ਪਾਰਦਰਸ਼ਤਾ ਨੂੰ ਨੁਕਸਾਨ ਪਹੁੰਚਾਉਣ ਲਈ ਕੰਮ ਕਰ ਰਹੀ ਹੈ।
ਉਹਨਾਂ ਹੋਰ ਕਿਹਾ ਕਿ ਮੈਂ ਇਸ ਮਸਲੇ ਨੂੰ ਸੰਯੁਕਤ ਰਾਸ਼ਟਰ ਵਿੱਚ ਵੀ ਉਠਾਇਆ ਹੈ ਅਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਕੋਲ ਇੱਕ ਬਾਕਾਇਦਾ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਰਾਜਪਾਲ ਨੂੰ ਲਿਖੇ ਪੱਤਰ ਰਾਹੀਂ ਮਾਣਯੋਗ ਰਾਜਪਾਲ ਨੂੰ ਸ਼ਿਕਾਇਤ ਕਰਦਿਆਂ ਆਮ ਆਦਮੀ ਪਾਰਟੀ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਵਿਚ ਦਖਲ ਦੇਣ  ਦੀ ਅਪੀਲ ਕੀਤੀ ਹੈ।
-ਮਨਿੰਦਰ ਸਿੰਘ ਗਿੱਲ ਵਲੋਂ ਲਿਖੇ ਪੱਤਰਾਂ ਦੀਆਂ ਕਾਪੀਆਂ-

Radio-ilovepdf_pages-to-jpg (1)