Mar 7, 2026

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਕੈਨੇਡਾ ਦੀ ਫੈਡਰਲ ਲਿਬਰਲ ਸਰਕਾਰ ਦੀ ਸਭ ਤੋਂ ਛੋਟੀ ਉਮਰ ਦੀ ਮੈਂਬਰ ਪਾਰਲੀਮੈਂਟ (ਐਮ ਪੀ) ਅਮਨਦੀਪ ਸੋਢੀ, ਜੋ ਬਰੈਮਪਟਨ ਸੈਂਟਰ ਤੋਂ ਸੰਸਦ ਵਿੱਚ ਨੁਮਾਇੰਦਗੀ ਕਰ ਰਹੀ ਹੈ, ਉਹ ਆਪਣੇ ਸਰੀ ਦੌਰੇ ਦੌਰਾਨ ਇਕ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਦਾ ਕਲੋਵਰਡੇਲ–ਲੈਂਗਲੀ ਲੋਕ ਸਭਾ ਹਲਕੇ ਦੀ ਕਮੇਟੀ ਮੈਂਬਰਾਂ ਅਤੇ ਭੁਪਿੰਦਰ ਸਿੰਘ ਲੱਧੜ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਹ ਮਿਲਣੀ ਭੁਪਿੰਦਰ ਸਿੰਘ ਲੱਧੜ ਦੇ ਗ੍ਰਹਿ ਵਿਖੇ ਰੱਖੀ ਗਈ। ਸਮਾਗਮ ਦੀ ਅਗਵਾਈ ਵਾਈਸ ਪ੍ਰਧਾਨ ਆਈਕ ਸੇਖੋਂ ਅਤੇ ਡਾਇਰੈਕਟਰ ਭੁਪਿੰਦਰ ਸਿੰਘ ਲੱਧੜ ਨੇ ਕੀਤੀ। ਇਸ ਮੌਕੇ ਸੀ-ਫੇਸ ਟੀਮ ਦੇ ਮੈਂਬਰਾਂ ਦੇ ਨਾਲ-ਨਾਲ ਕਈ ਪਤਵੰਤੇ ਸਹਿਯੋਗੀਆਂ ਨੇ ਵੀ ਆਪਣੀ ਹਾਜ਼ਰੀ ਲਵਾਈ, ਜਿਸ ਵਿੱਚ ਸ੍ਰੀਕਾਂਤ, ਅੰਮ੍ਰਿਤ ਢੋਟ, ਲਵਪ੍ਰੀਤ ਗਰੇਵਾਲ, ਇੰਦਰਜੀਤ ਲੱਧੜ, ਨਵ ਚਾਹਲ, ਸੰਜੀਵ ਧੰਜੂ, ਬਲਦੇਵ ਸਿੰਘ ਲੱਧੜ, ਬਲਦੇਵ ਸਿੰਘ ਬਰਾੜ, ਕਾਕਾ ਸੇਖੋ, ਗਗਨਦੀਪ ਸਹੋਤਾ, ਮਨਕੀਰਤ ਬੱਲ, ਮਨਿੰਦਰ ਘਾਰੂ ਅਤੇ ਹਰਮਨ ਲੱਧੜ ਆਦਿ ਸ਼ਾਮਲ ਸਨ।
ਮੀਟਿੰਗ ਦੌਰਾਨ ਕੈਨੇਡਾ ਦੇ ਮੌਜੂਦਾ ਰਾਜਨੀਤਕ ਅਤੇ ਸਮਾਜਿਕ ਹਾਲਾਤਾਂ, ਕਮਿਊਨਿਟੀ ਸਾਹਮਣੇ ਆ ਰਹੀਆਂ ਚੁਣੌਤੀਆਂ ਅਤੇ ਭਵਿੱਖੀ ਵਿਕਾਸ ਲਈ ਤੈਅ ਕੀਤੇ ਜਾਣ ਵਾਲੇ ਏਜੰਡਿਆਂ ਬਾਰੇ ਵਿਸਥਾਰਪੂਰਕ ਸਵਾਲ-ਜਵਾਬ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਐਮ ਪੀ ਅਮਨਦੀਪ ਸੋਢੀ ਨੇ ਕਮਿਊਨਿਟੀ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਦੇ ਹੋਏ ਉਨ੍ਹਾਂ ਨੂੰ ਫੈਡਰਲ ਪੱਧਰ ‘ਤੇ ਉਠਾਉਣ ਦਾ ਭਰੋਸਾ ਵੀ ਦਿੱਤਾ।
ਸਮਾਗਮ ਦੇ ਅੰਤ ਵਿੱਚ ਭੁਪਿੰਦਰ ਸਿੰਘ ਲੱਧੜ ਨੇ ਐਮ ਪੀ ਅਮਨਦੀਪ ਸੋਢੀ ਅਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ, ਇਸ ਮਿਲਣੀ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।