ਬਰੈਂਪਟਨ-ਪੀਲ ਖੇਤਰ ਵਿੱਚ ਪੁਲੀਸ ਨੇ ਦੇਸ਼ ਵਿਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਨਾਲ ਸਬੰਧਤ ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪ੍ਰਾਜੈਕਟ 24K ਸਬੰਧੀ ਜਾਂਚ ਵਿਚ ਲੋੜੀਂਦਾ ਸੀ। ਇਹ ਮਾਮਲਾ 2.2 ਕਰੋੜ ਡਾਲਰ ਤੋਂ ਵੱਧ ਮੁੱਲ ਦੀਆਂ ਸੋਨੇ ਦੀਆਂ ਬਾਰਾਂ ਦੀ ਚੋਰੀ ਨਾਲ ਸਬੰਧਤ ਹੈ। ਇਹ ਦੇਸ਼ ਦੇ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਹੈ। ਪੀਲ ਖੇਤਰੀ ਪੁਲੀਸ ਦੀ ਵੈੱਬਸਾਈਟ ’ਤੇ ਕਿਹਾ ਗਿਆ ਹੈ ਕਿ 43 ਸਾਲਾ ਅਰਸਲਾਨ ਚੌਧਰੀ ਨੂੰ ਸੋਮਵਾਰ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਦੁਬਈ, ਸੰਯੁਕਤ ਅਰਬ ਅਮੀਰਾਤ ਤੋਂ ਇੱਕ ਉਡਾਣ ਰਾਹੀਂ ਇੱਥੇ ਆਇਆ। ਪੁਲੀਸ ਨੇ ਕਿਹਾ ਹੈ ਕਿ ਚੌਧਰੀ ਦਾ ਕੋਈ ਪੱਕਾ ਪਤਾ ਨਹੀਂ ਹੈ। ਪਹਿਲਾਂ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਉਹ ਮਿਸੀਸਾਗਾ ਨਾਲ ਸਬੰਧਤ ਹੈ। ਉਸ ‘ਤੇ $5,000 ਤੋਂ ਵੱਧ ਦੀ ਚੋਰੀ, ਜਾਇਦਾਦ ’ਤੇ ਕਬਜ਼ਾ ਕਰਨ ਅਤੇ ਇੱਕ ਹੋਰ ਜਣੇ ਨਾਲ ਵਾਰਦਾਤ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ।
ਚੌਧਰੀ ਨੂੰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ।
