Mar 7, 2026

ਹੋਰ ਪੁਲਿਸ ਸਰੋਤਾਂ ਲਈ ਮੇਅਰ ਬ੍ਰੈਂਡਾ ਲੌਕ ਦੀ ਮੰਗ—-
ਸਰੀ,( ਮਹੇਸ਼ਇੰਦਰ ਸਿੰਘ ਮਾਂਗਟ ) -ਸਰੀ ਵਿੱਚ ਜਬਰੀ ਵਸੂਲੀ (Extortion) ਨਾਲ ਜੁੜੀ ਹਿੰਸਾ ਵਿੱਚ ਆਏ ਤਾਜ਼ਾ ਵਾਧੇ ਨੂੰ ਦੇਖਦਿਆਂ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਕਿਹਾ ਹੈ ਕਿ ਸ਼ਹਿਰ ਨੂੰ ਪ੍ਰਾਂਤੀ ਸਰਕਾਰ ਵੱਲੋਂ ਵਾਧੂ ਪੁਲਿਸ ਸਹਾਇਤਾ ਮਿਲੇਗੀ।
ਮੇਅਰ ਲੌਕ ਨੇ ਦੱਸਿਆ ਕਿ ਉਨ੍ਹਾਂ ਦੀ ਬੀ.ਸੀ. ਦੀ ਪਬਲਿਕ ਸੇਫਟੀ ਮੰਤਰੀ ਨੀਨਾ ਕ੍ਰੀਗਰ ਨਾਲ ਇੱਕ ਸਕਾਰਾਤਮਕ ਮੀਟਿੰਗ ਹੋਈ ਹੈ, ਜਿਸ ਦੌਰਾਨ ਸਰੀ ਵਿੱਚ ਵਸੂਲੀ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਹੋਰ ਪੁਲਿਸ ਸਰੋਤ ਮੁਹੱਈਆ ਕਰਵਾਉਣ ‘ਤੇ ਚਰਚਾ ਕੀਤੀ ਗਈ।
ਮੇਅਰ ਲੌਕ ਨੇ ਕਿਹਾ,
“ਮੰਤਰੀ ਨੀਨਾ ਕ੍ਰੀਗਰ ਨੇ ਸਰੀ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਹ ਹਿੰਸਾ ਸਾਡੇ ਸ਼ਹਿਰ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਸ ਕਾਰਨ ਨਿਵਾਸੀਆਂ ਵਿੱਚ ਡਰ ਦਾ ਮਾਹੌਲ ਹੈ। ਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਇਨ੍ਹਾਂ ਅਪਰਾਧਾਂ ਨਾਲ ਤੇਜ਼ੀ ਅਤੇ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ।”
ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਸਰੀ ਪੁਲਿਸ ਸਰਵਿਸ (SPS) ਨੇ ਸ਼ਹਿਰ ਭਰ ਵਿੱਚ ਵਸੂਲੀ ਦੀਆਂ ਧਮਕੀਆਂ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧੇ ਦੀ ਪੁਸ਼ਟੀ ਕੀਤੀ ਹੈ। ਪੁਲਿਸ ਅਨੁਸਾਰ, ਸੋਮਵਾਰ ਤੱਕ 21 ਪੀੜਤਾਂ ਨਾਲ ਸੰਬੰਧਿਤ ਕੁੱਲ 34 ਵਸੂਲੀ ਦੀਆਂ ਧਮਕੀਆਂ ਦੀਆਂ ਰਿਪੋਰਟਾਂ ਮਿਲ ਚੁੱਕੀਆਂ ਹਨ।
ਇਨ੍ਹਾਂ ਘਟਨਾਵਾਂ ਦੌਰਾਨ ਕੇਵਲ 19 ਦਿਨਾਂ ਵਿੱਚ ਗੋਲੀਆਂ ਚਲਣ ਦੇ 7 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜਨ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋਈਆਂ ਹਨ।
ਪੁਲਿਸ ਵੱਲੋਂ ਸੰਭਾਵਿਤ ਸ਼ੱਕੀਆਂ ਬਾਰੇ ਹਾਲੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ, ਪਰ ਕਿਹਾ ਗਿਆ ਹੈ ਕਿ ਜਾਂਚ ਜਾਰੀ ਹੈ ਅਤੇ ਇਨ੍ਹਾਂ ਮਾਮਲਿਆਂ ਨੂੰ ਸਭ ਤੋਂ ਉੱਚੀ ਤਰਜੀਹ ਦੇ ਆਧਾਰ ‘ਤੇ ਨਿਪਟਾਇਆ ਜਾ ਰਿਹਾ ਹੈ। ਸ਼ਹਿਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਾਂਤੀ ਭਾਗੀਦਾਰਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਸਰੀ ਕੋਲ ਤੇਜ਼ ਅਤੇ ਪ੍ਰਭਾਵਸ਼ਾਲੀ ਕਾਰਵਾਈ ਲਈ ਲੋੜੀਂਦੇ ਸਰੋਤ ਅਤੇ ਸਟਾਫ਼ ਮੌਜੂਦ ਹੋ ਸਕੇ।
ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਸੂਲੀ ਦੀਆਂ ਧਮਕੀਆਂ ਜਾਂ ਗੋਲਾਬਾਰੀ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ, ਤਾਂ ਉਹ ਸਰੀ ਪੁਲਿਸ ਸਰਵਿਸ ਨਾਲ ਸੰਪਰਕ ਕਰੇ ਜਾਂ ਕ੍ਰਾਈਮ ਸਟੌਪਰਜ਼ ਰਾਹੀਂ ਗੁਪਤ ਤੌਰ ‘ਤੇ ਜਾਣਕਾਰੀ ਸਾਂਝੀ ਕਰੇ।