ਸਰੀ, (ਮਹੇਸ਼ਇੰਦਰ ਸਿੰਘ ਮਾਂਗਟ) -ਸਰੀ ਪੁਲਿਸ ਸਰਵਿਸ (SPS) ਵੱਲੋਂ ਸਰੀ ਦੇ ਸਿਟੀ ਸੈਂਟਰ ਇਲਾਕੇ ਵਿੱਚ ਸਥਿਤ ਇੱਕ ਹਾਈ-ਰਾਈਜ਼ ਅਪਾਰਟਮੈਂਟ ਇਮਾਰਤ ਅੰਦਰ ਗੋਲੀਆਂ ਚਲਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ, 19 ਜਨਵਰੀ 2026 ਦੀ ਅੱਧੀ ਰਾਤ ਤੋਂ ਬਾਅਦ ਕਰੀਬ 12:30 ਵਜੇ, 136A ਸਟ੍ਰੀਟ ਦੇ 9600 ਬਲਾਕ ਵਿੱਚ ਸਥਿਤ ਇੱਕ ਹਾਈ-ਰਾਈਜ਼ ਅਪਾਰਟਮੈਂਟ ਦੇ ਅੰਦਰ ਗੋਲੀਆਂ ਚਲਣ ਬਾਰੇ ਕਈ ਸੂਚਨਾਵਾਂ ਮਿਲੀਆਂ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਉਸ ਸੁਇਟ ਦੀ ਪਛਾਣ ਕੀਤੀ ਜਿੱਥੋਂ ਗੋਲੀਆਂ ਚਲੀਆਂ ਸਨ। ਜਾਂਚ ਦੇ ਤਹਿਤ ਅਪਾਰਟਮੈਂਟ ਅੰਦਰ ਮੌਜੂਦ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਤਫ਼ਤੀਸ਼ਕਾਰਾਂ ਦਾ ਮੰਨਣਾ ਹੈ ਕਿ ਗੋਲੀਆਂ ਸੁਇਟ ਦੇ ਅੰਦਰ ਵੀ ਚਲੀਆਂ ਅਤੇ ਬਾਲਕਨੀ ਤੋਂ ਵੀ ਫਾਇਰ ਕੀਤਾ ਗਿਆ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਘਟਨਾ ਸਥਲ ’ਤੇ SPS ਦੀ ਫਰੰਟਲਾਈਨ ਇਨਵੈਸਟੀਗੇਟਿਵ ਸਪੋਰਟ ਟੀਮ (FLIS) ਨੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ, ਜਦਕਿ ਮੈਜਰ ਕਰਾਈਮ ਸੈਕਸ਼ਨ ਨੇ ਜਾਂਚ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਪੁਲਿਸ ਕਹਿੰਦੀ ਹੈ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਘਟਨਾ ਦੇ ਕਾਰਨਾਂ ਦੀ ਤਫ਼ਤੀਸ਼ ਜਾਰੀ ਹੈ।
ਪੁਲਿਸ ਮੁਤਾਬਕ, ਜਿਨ੍ਹਾਂ ਵਿਅਕਤੀਆਂ ਨੂੰ ਸ਼ੁਰੂ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ, ਉਨ੍ਹਾਂ ਨੂੰ ਜਾਂਚ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਹੈ।
ਜੇ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ, ਤਾਂ ਉਹ ਸਰੀ ਪੁਲਿਸ ਸਰਵਿਸ ਦੇ ਨਾਨ-ਇਮਰਜੈਂਸੀ ਨੰਬਰ 604-599-0502 ’ਤੇ ਸੰਪਰਕ ਕਰ ਸਕਦਾ ਹੈ ਜਾਂ ਕ੍ਰਾਈਮ ਸਟਾਪਰਜ਼ 1-800-222-8477 ’ਤੇ ਸੂਚਨਾ ਦੇ ਸਕਦਾ ਹੈ।
