ਲੁਧਿਆਣਾ, 20 ਜਨਵਰੀ –
ਅੱਜ ਵਿਧਾਨ ਸਭਾ ਹਲਕਾ ਦੱਖਣੀ ਵਿਖੇ ਬੀਬੀ ਮਨਜੀਤ ਕੌਰ ਸਰੋਏ ਵੱਲੋਂ ਵਰਕਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕੀਤੀ ਜਦਕਿ ਮੀਟਿੰਗ ਵਿੱਚ ਇੰਡੀਅਨ ਓਵਰਸੀਜ ਕਾਂਗਰਸ ਯੂ.ਐੱਸ.ਏ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਉਚੇਚੇ ਤੌਰ ‘ਤੇ ਪਹੁੰਚੇ। ਇਸ ਸਮੇਂ ਸ. ਗਿੱਲ ਦਾ ਕਾਂਗਰਸੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਇਸ ਸਮੇਂ ਡਾ. ਪਰਮਜੀਤ ਸਿੰਘ, ਗੁਰਨਾਮ ਸਿੰਘ ਕਲੇਰ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ (ਓ.ਬੀ.ਸੀ), ਰਾਕੇਸ਼ ਗੋਇਲ, ਕਰਨੈਲ ਸਿੰਘ ਗਿੱਲ ਡਾਇਰੈਕਟਰ ਮਾਰਕਫੈਡ ਪੰਜਾਬ, ਮਹਿਲਾ ਕਾਂਗਰਸ ਪ੍ਰਧਾਨ ਸੁਰਿੰਦਰ ਕੌਰ, ਤੇਜਵੰਤ ਸਿੰਘ ਸਿੱਧੂ, ਬਲਜੀਤ ਗੋਗਨਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਸਮੇਂ ਬੋਲਦੇ ਸ਼੍ਰੀ ਬਾਵਾ ਅਤੇ ਗਿੱਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਕਾਂਗਰਸੀ ਵਰਕਰਾਂ ਅੰਦਰ ਜੋਸ਼ ਦਾ ਪ੍ਰਗਟਾਵਾ ਕਰਦੀ ਹੈ। ਉਹਨਾਂ ਕਿਹਾ ਕਿ ਵਰਕਰਾਂ ਨੇ ਹਮੇਸ਼ਾ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਇੱਕਮੁੱਠ ਅਤੇ ਇਕਜੁੱਟ ਹੈ। ਵਿਰੋਧੀ ਪਾਰਟੀਆਂ ਦੇ ਲੋਕ ਗਿਣੀ ਮਿਥੀ ਸਾਜਿਸ਼ ਅਧੀਨ ਵਖਰੇਵੇਂ ਦੇ ਬਿਆਨ ਦੇ ਰਹੇ ਹਨ। ਉਹਨਾਂ ਕਿਹਾ ਕਿ ਸਾਡਾ ਨੇਤਾ ਰਾਹੁਲ ਗਾਂਧੀ ਹੈ ਜਿਸ ਦਾ ਕੋਈ ਵੀ ਫੈਸਲਾ ਹਰ ਵਰਕਰ ਅਤੇ ਨੇਤਾ ਨੂੰ ਮੰਨਣਯੋਗ ਹੈ। ਉਹਨਾਂ ਕਿਹਾ ਕਿ ਮਨਰੇਗਾ ਖਤਮ ਕਰਕੇ ਭਾਜਪਾ ਸਰਕਾਰ ਨੇ ਲੋਕਹਿੱਤ ਸਕੀਮ ਦਾ ਨਾਮ ਹੀ ਨਹੀਂ ਬਦਲਿਆ ਸਗੋਂ ਇਹ ਭਾਰਤ ਦੀ ਸਰਕਾਰ ਨੇ ਕਿਰਤੀਆਂ ਤੋਂ ਰੋਟੀ ਦਾ ਹੱਕ ਖੋਹਿਆ ਹੈ ਜੋ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਭਾਵਨਾ ਅਤੇ ਕਿਰਤੀਆਂ ਪ੍ਰਤੀ ਸੋਚ ਨੂੰ ਅਮਲੀ ਰੂਪ ਦੇਣ ਵਾਲੀ ਸਕੀਮ ਸੀ ਪਰ ਭਾਜਪਾ ਨੇ ਕਿਰਤੀਆਂ ਦਾ ਹੱਕ ਖੋਹ ਕੇ ਅਨਿਆਏ ਹੀ ਨਹੀਂ ਕੀਤਾ ਸਗੋਂ ਇਹ ਫੈਸਲਾ ਗਰੀਬ ਦੇ ਮੂੰਹ ਵਿੱਚੋਂ ਰੋਟੀ ਖੋਣ ਦੇ ਬਰਾਬਰ ਹੈ ਜਿਸ ਦਾ ਲੋਕ ਸਮੇਂ ਸਿਰ ਜਵਾਬ ਦੇਣਗੇ।
ਬਾਵਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਸੰਵਿਧਾਨ ਅੰਦਰ ਸਰਕਾਰ ਦਾ ਪਹਿਲਾ ਫਰਜ਼ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਵੀ ਪੂਰਾ ਨਹੀਂ ਕਰ ਸਕੀ। ਇਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਨਾਮ ਤਾਂ ‘ਆਪ’ ਪਾਰਟੀ ਹੈ ਪਰ ਇਸ ਦੀ ਕਾਰਗੁਜ਼ਾਰੀ ਬੇਗਾਨਿਆਂ ਤੋਂ ਵੀ ਭੈੜੀ ਹੈ। ਇਸ ਸਮੇਂ ਤ੍ਰਿਲੋਚਨ ਸ਼ਿੰਦਾ, ਸਰਬਜੀਤ ਸ਼ਿੰਦਾ, ਤ੍ਰਿਲੋਕ ਸਿੰਘ, ਮਹਿੰਦਰ ਸਿੰਘ, ਨੀਤੂ ਯਾਦਵ, ਸੁਰਜੀਤ ਸਿੰਘ ਕੈਂਥ, ਐੱਸ.ਕੇ ਖੰਨਾ, ਜਗਦੀਸ਼ ਸਿੰਘ, ਦਾਨ ਸਿੰਘ, ਚਰਨ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
