ਫਿਰੌਤੀਆਂ ਦੇ ਮਾਮਲੇ ‘ਤੇ ਅਸੈਂਬਲੀ ਵਿੱਚ ਕਈ ਵਾਰ ਆਵਾਜ਼ ਚੁੱਕੀ:- ਮਨਦੀਪ ਸਿੰਘ ਧਾਲੀਵਾਲ
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) — ਬੀਤੇ ਦਿਨੀਂ ਸਰੀ ਸ਼ਹਿਰ ਵਿੱਚ ਵਧ ਰਹੀਆਂ ਜਬਰੀ ਵਸੂਲੀਆਂ, ਕਤਲਾਂ ਅਤੇ ਹਿੰਸਕ ਅਪਰਾਧਕ ਘਟਨਾਵਾਂ ਦੇ ਵਿਰੁੱਧ ਸਥਾਨਕ ਨਿਵਾਸੀਆਂ ਵੱਲੋਂ ਇਕਜੁੱਟ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਸਰੀ ਦੀ ਕਿੰਗ ਜੋਰਜ ਬੂਲੇਵਾਰਡ ਅਤੇ 88 ਐਵੇਨਿਊ ਦੇ ਮੁੱਖ ਚੌਰਾਹੇ ‘ਤੇ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ।
ਪ੍ਰਦਰਸ਼ਨ ਦੌਰਾਨ ਸਥਾਨਕ ਨਿਵਾਸੀਆਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਵਧ ਰਹੀਆਂ ਵਸੂਲੀ ਦੀਆਂ ਧਮਕੀਆਂ, ਕਤਲਾਂ ਅਤੇ ਗਨ ਕ੍ਰਾਈਮ ਦੇ ਵਿਰੁੱਧ ਆਪਣਾ ਗੁੱਸਾ ਅਤੇ ਚਿੰਤਾ ਜਾਹਿਰ ਕੀਤੀ। ਲੋਕਾਂ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਸਰੀ ਵਿੱਚ ਅਪਰਾਧ ਦੀ ਸਥਿਤੀ ਦਿਨੋਂਦਿਨ ਬੇਕਾਬੂ ਹੁੰਦੀ ਜਾ ਰਹੀ ਹੈ ਅਤੇ ਆਮ ਪਰਿਵਾਰ ਡਰ ਦੇ ਮਾਹੌਲ ਵਿੱਚ ਜੀਊਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਅੰਕੜੇ ਖੁਦ ਹਕੀਕਤ ਬਿਆਨ ਕਰਦੇ ਹਨ—
ਸਰੀ ਵਿੱਚ ਵਸੂਲੀ ਦੇ ਮਾਮਲੇ 500 ਫੀਸਦੀ ਤੱਕ ਵਧ ਚੁੱਕੇ ਹਨ, ਹਿੰਸਕ ਅਪਰਾਧਾਂ ਵਿੱਚ 55 ਫੀਸਦੀ ਵਾਧਾ ਹੋਇਆ ਹੈ। 2026 ਦੇ ਪਹਿਲੇ 20 ਦਿਨਾਂ ਵਿੱਚ ਹੀ 30 ਤੋਂ ਵੱਧ ਵਸੂਲੀ ਨਾਲ ਜੁੜੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਦਕਿ ਕੈਨੇਡਾ ਭਰ ਵਿੱਚ 2015 ਤੋਂ ਬਾਅਦ ਵਸੂਲੀ ਦੇ ਮਾਮਲੇ 330 ਫੀਸਦੀ ਵਧੇ ਹਨ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਕਈ ਪਰਿਵਾਰ ਸਵੇਰੇ ਉੱਠ ਕੇ ਆਪਣੇ ਘਰਾਂ ਦੀਆਂ ਦੀਵਾਰਾਂ ‘ਤੇ ਗੋਲੀਆਂ ਦੇ ਨਿਸ਼ਾਨ ਵੇਖਦੇ ਹਨ, ਛੋਟੇ ਕਾਰੋਬਾਰੀਆਂ ਨੂੰ ਵਟਸਐਪ ਰਾਹੀਂ ਫਿਰੋਤੀਆਂ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਮੀਡੀਆ ਦਫ਼ਤਰਾਂ ‘ਤੇ ਦਿਨ ਦਿਹਾੜੇ ਗੋਲੀਆਂ ਚਲਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ।
ਰੋਸ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਪ੍ਰਸ਼ਾਸਨ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਵਾਲ ਕਰਦੇ ਹੋਏ ਕਿਹਾ—
“ਕੀ ਹਕੂਮਤ ਸੁਣ ਰਹੀ ਹੈ? ਕਾਰਵਾਈ ਕਦੋਂ ਹੋਵੇਗੀ?”
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਤੁਰੰਤ, ਸਖ਼ਤ ਅਤੇ ਠੋਸ ਕਦਮ ਚੁੱਕੇ ਜਾਣ, ਤਾਂ ਜੋ ਸਰੀ ਦੇ ਨਿਵਾਸੀਆਂ ਨੂੰ ਸੁਰੱਖਿਆ ਅਤੇ ਸੁਕੂਨ ਮਿਲ ਸਕੇ। ਇਸ ਰੋਸ ਪ੍ਰਦਰਸ਼ਨ ਵਿੱਚ ਸਾਊਥ ਸਰੀ ਤੋਂ ਐਮਐਲਏ ਮਨਦੀਪ ਸਿੰਘ ਧਾਲੀਵਾਲ ਵੀ ਖ਼ਾਸ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਨੇ ਮੌਕੇ ‘ਤੇ ਕਿਹਾ ਕਿ ਉਹ ਫਿਰੋਤੀਆਂ ਦੇ ਮਾਮਲੇ ਨੂੰ ਲੈ ਕੇ ਕਈ ਵਾਰ ਅਸੈਂਬਲੀ ਵਿੱਚ ਆਵਾਜ਼ ਉਠਾ ਚੁੱਕੇ ਹਨ, ਪਰ ਸੱਤਾਧਾਰੀ ਪਾਰਟੀ ਵੱਲੋਂ ਇਸ ਸਬੰਧ ਵਿੱਚ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ।
ਮਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਸਰੀ ਦੇ ਨਿਵਾਸੀ ਡਰ ਦੇ ਸਾਏ ਹੇਠ ਜੀ ਰਹੇ ਹਨ। ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਹਨ ਕਿ ਕਈ ਪਰਿਵਾਰ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਬੇਸਮੈਂਟਾਂ ਵਿੱਚ ਸੋਣ ਲਈ ਮਜਬੂਰ ਹਨ। ਉਨ੍ਹਾਂ ਨੇ ਸਿਹਤ ਸਹੂਲਤਾਂ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਇੰਨੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਸਰੀ ਵਿੱਚ ਕੇਵਲ ਇੱਕ ਹੀ ਮੁੱਖ ਹਸਪਤਾਲ ਹੈ, ਜਿਸ ਕਾਰਨ ਲੋਕ ਬੁਨਿਆਦੀ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵਧ ਰਹੀਆਂ ਫਿਰੋਤੀਆਂ ਅਤੇ ਕਤਲਾਂ ‘ਤੇ ਰੋਕ ਲਗਾਉਣ ਲਈ ਤੁਰੰਤ ਅਤੇ ਠੋਸ ਹੱਲ ਕੱਢੇ ਜਾਣ, ਤਾਂ ਜੋ ਸਰੀ ਦੇ ਨਿਵਾਸੀ ਚੈਨ ਦੀ ਨੀਂਦ ਸੌ ਸਕਣ।



