Mar 7, 2026

ਵੈਨਕੂਵਰ, 24 ਜਨਵਰੀ (ਮਲਕੀਤ ਸਿੰਘ) — ਕਨੇਡਾ ਦੇ ਸੂਬੇ  ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਚ  ਸ਼ਨੀਵਾਰ ਸਵੇਰੇ ਵਾਪਰੀ ਗੋਲਾਬਾਰੀ ਦੀ ਦੀ ਇੱਕ ਹੋਰ  ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਗੰਭੀਰ ਹਾਲਤ ਚ ਜਖਮੀ ਹੋਣ ਦੀ ਸੂਚਨਾ ਹੈ ।

ਪੁਲਿਸ ਅਨੁਸਾਰ ਇਹ ਘਟਨਾ ਸਵੇਰੇ ਕਰੀਬ 4 ਵੱਜ ਕੇ 55 ਮਿੰਟ ’ਤੇ 91 ਐਵਿਨਿਊ ਨੇੜੇ ਸਥਿਤ ਇੱਕ ਰਿਹਾਇਸ਼ੀ ਘਰ ਵਿੱਚ ਵਾਪਰੀ। ਸੂਚਨਾ ਮਿਲਣ ’ਤੇ ਪੁਲਿਸ  ਅਧਿਕਾਰੀ ਮੌਕੇ ’ਤੇ ਪਹੁੰਚੇ, ਜਿੱਥੇ ਉਨਾਂ ਨੂੰ ਸੰਬੰਧਿਤ ਘਰ ਦੇ ਅੰਦਰੋਂ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਦੋ ਪੁਰਸ਼ ਮਿਲੇ ਜਿਨਾਂ ਦੀ ਜਾਨ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਜਖਮਾਂ ਦੀ ਤਾਬ ਨਾ ਝੱਲਦਿਆਂ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੂਸਰੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ

ਹੱਤਿਆ ਜਾਂਚ ਟੀਮ ਦੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਮੌਜੂਦਾ ਜਾਂਚ ਮੁਤਾਬਕ ਇਹ ਗੋਲਾਬਾਰੀ ਨਾ ਤਾਂ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੇ ਗੈਂਗ ਟਕਰਾਅ ਨਾਲ ਜੁੜੀ ਲੱਗਦੀ ਹੈ ਅਤੇ ਨਾ ਹੀ ਸ਼ਹਿਰ ਵਿੱਚ ਜਾਰੀ ਜ਼ਬਰਦਸਤੀ ਵਸੂਲੀ ਮਾਮਲਿਆਂ ਨਾਲ।

ਪੁਲਿਸ ਵੱਲੋਂ ਇਲਾਕੇ ਨੂੰ ਘੇਰਾਬੰਦੀ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਫਿਲਹਾਲ ਕਿਸੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ। ਜ਼ਿਕਰ ਯੋਗ ਹੈ ਕਿ ਨਵੇਂ ਸਾਲ ਵਿੱਚ ਸਰੀ ਚ ਗੋਲੀਬਾਰੀ ਦੀ ਇਹ ਤੀਸਰੀ ਘਟਨਾ ਮੰਨੀ ਜਾ ਰਹੀ ਹੈ