Mar 7, 2026

5 ਲੱਖ ਡਾਲਰ ਦੀ ਫਿਰੌਤੀ ਮੰਗੀ-

ਕੈਲਗਰੀ (ਦਲਵੀਰ ਜੱਲੋਵਾਲੀਆ ) 24 ਜਨਵਰੀ 2026 ਦੀ ਰਾਤ ਕਰੀਬ 10:30 ਵਜੇ ਕੈਲਗਰੀ ਵਿੱਚ ਕਲਾਕਾਰ ਵੀਰ ਦਵਿੰਦਰ ਦੇ ਘਰ ‘ਤੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਉਣ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਦੋਸ਼ੀਆਂ ਵੱਲੋਂ 5 ਲੱਖ ਡਾਲਰ ਦੀ ਫਿਰੌਤੀ ਮੰਗੀ ਗਈ ਹੈ।

ਵੀਰ ਦਵਿੰਦਰ ਨੇ ਦੱਸਿਆ ਕਿ ਪਹਿਲੀ ਧਮਕੀ ਭਰੀ ਕਾਲ 6 ਜਨਵਰੀ 2026 ਨੂੰ ਆਈ ਸੀ। ਆਂਡਾ ( ਬਟਾਲਾ) ਨਾਮ ਦੇ ਵਿਅਕਤੀ ਵੱਲੋਂ ਪਹਿਲੀ ਫੋਨ ਕਾਲ ਆਈ ਸੀ ,ਉਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ। ਫਿਰੌਤੀ ਮੰਗਣ ‘ਤੇ ਵੀਰ ਦਵਿੰਦਰ ਨੇ ਸਾਫ਼ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ ਅਤੇ ਉਹ ਰਕਮ ਨਹੀਂ ਦੇ ਸਕਦਾ। ਇਸ ‘ਤੇ ਧਮਕੀ ਦਿੱਤੀ ਗਈ ਕਿ ਉਸ ਨੂੰ ਮਾਰ ਦਿੱਤਾ ਜਾਵੇਗਾ, ਜਿਸ ‘ਤੇ ਵੀਰ ਦਵਿੰਦਰ ਨੇ ਕਿਹਾ, “ਮਾਰ ਦਿਓ।”

ਗੋਲੀਬਾਰੀ ਵੇਲੇ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਗੋਲੀਆਂ ਵਾਸ਼ਰੂਮ ਅਤੇ ਬੈੱਡਰੂਮ ਦੀਆਂ ਦੀਵਾਰਾਂ ਨੂੰ ਆਰ-ਪਾਰ ਕਰ ਗਈਆਂ। ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਜਾਣਕਾਰੀ ਮੁਤਾਬਕ ਦੋ ਵਿਅਕਤੀ ਮੌਕੇ ‘ਤੇ ਆਏ ਸਨ—ਇੱਕ ਗੋਲੀਆਂ ਚਲਾ ਰਿਹਾ ਸੀ ਅਤੇ ਦੂਜਾ ਵੀਡੀਓ ਬਣਾ ਰਿਹਾ ਸੀ। ਇਹ ਸਾਰੀ ਜਾਣਕਾਰੀ ਕਲਾਕਾਰ ਵੀਰ ਦਵਿੰਦਰ ਨੇ ਖੁਦ ਸਾਂਝੀ ਕੀਤੀ।