Mar 7, 2026
ਸਰੀ , 27 ਜਨਵਰੀ ( ਸੰਦੀਪ ਸਿੰਘ ਧੰਜੂ)-
 ਸਰੀ ਵਿੱਚ ਫਿਰੌਤੀਆਂ ਅਤੇ ਗੋਲੀਬਾਰੀ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਸਰੀ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਐਮਰਜੈਂਸੀ  ਦਾ ਐਲਾਨ ਕਰਨ ਦਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕੇਵਲ  21 ਦਿਨਾਂ ਵਿੱਚ ਫਿਰੌਤੀ ਦੇ 34 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸੇ ਮਹੀਨੇ ਫਿਰੌਤੀਆਂ ਨਾਲ ਸਬੰਧਤ 8 ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਹਨ।
 ਇਹਨਾਂ ਘਟਨਾਵਾਂ ਵਿਚ ਮੁੱਖ ਤੌਰ ‘ਤੇ ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕੈਨੇਡਾ ਦੀ ਸੰਘੀ ( ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਨੂੰ ‘ਰਾਸ਼ਟਰੀ ਐਮਰਜੈਂਸੀ’ ਵਜੋਂ ਦੇਖਿਆ ਜਾਵੇ ਅਤੇ  ਫਿਰੌਤੀ ਦੇ ਮਾਮਲਿਆਂ ਵਿੱਚ ਸ਼ਾਮਲ ਗੈਰ-ਨਾਗਰਿਕਾਂ ਨੂੰ ਤੁਰੰਤ ਡਿਪੋਰਟ ਕੀਤਾ ਜਾਵੇ। ਉਨਾਂ ਇਹ ਵੀ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ  ਇੱਕ ਰਾਸ਼ਟਰੀ ਪੱਧਰ ਦੇ ‘ਐਕਸਟੌਰਸ਼ਨ ਕਮਿਸ਼ਨਰ’ ਦੀ ਨਿਯੁਕਤੀ ਕੀਤੀ ਜਾਣੀ ਜਰੂਰੀ ਹੈ ।
ਦੋ ਪੰਜਾਬੀ ਨੌਜਵਾਨ ਹਥਿਆਰ ਸਮੇਤ ਮੌਕੇ ਤੋਂ  ਗ੍ਰਿਫਤਾਰ:
ਇਸੇ ਦੌਰਾਨ ਸਰੀ ਪੁਲਿਸ ਵੱਲੋਂ ਕੱਲ੍ਹ ਤੜਕੇ ਗੋਲੀਆਂ ਚੱਲਣ ਦੀ ਘਟਨਾ ਦੀ ਜਾਂਚ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ’ਤੇ ਚਾਰਜ ਲਗਾਏ ਗਏ ਹਨ। 26 ਜਨਵਰੀ ਨੂੰ ਲਗਭਗ ਸਵੇਰੇ 3:50 ਵਜੇ 129 ਸਟਰੀਟ ਅਤੇ 84 ਐਵੇਨਿਊ ਦੇ ਇਲਾਕੇ ਵਿੱਚ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਨ ਉਪਰੰਤ ਤੁਰੰਤ ਇੱਕ ਸ਼ੱਕੀ ਵਾਹਨ ਦੀ ਪਛਾਣ ਕਰਕੇ ਉਸਨੂੰ ਰੋਕਿਆ ਅਤੇ ਦੋਵੇਂ ਕਾਰ ਸਵਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਗ੍ਰਿਫ਼ਤਾਰੀ ਦੌਰਾਨ ਇੱਕ ਭਰਿਆ ਹੋਇਆ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ ।
 ਦੋਵੇਂ ਵਿਅਕਤੀਆਂ ਹਰਸ਼ਦੀਪ ਸਿੰਘ (ਉਮਰ 20 ਸਾਲ) ਅਤੇ ਹੰਸਪ੍ਰੀਤ ਸਿੰਘ (ਉਮਰ 21 ਸਾਲ) ’ਤੇ ਕਈ ਚਾਰਜ ਲਾਏ ਗਏ ਹਨ।
ਦੋਵੇਂ ਕਥਿਤ ਮੁਲਜ਼ਮਾਂ ਨੂੰ 30 ਜਨਵਰੀ 2026 ਤੱਕ ਹਿਰਾਸਤ ਵਿੱਚ ਰੱਖਿਆ ਜਾਵੇਗਾ। ਦੋਵੇਂ ਵਿਦੇਸ਼ੀ ਨਾਗਰਿਕ ਹਨ ਅਤੇ ਸਰੀ ਪੁਲਿਸ ਨੇ ਇਸ ਮਾਮਲੇ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਵੀ ਸੰਪਰਕ ਵਿਚ ਹੈ।