ਅੰਤਿਮ ਅਰਦਾਸ ਦੇ ਭੋਗ 7 ਫਰਵਰੀ ਨੂੰ
ਸਰੀ /ਵੈਨਕੂਵਰ (ਕੁਲਦੀਪ ਚੁੰਬਰ)-ਡੇਰਾ ਸੱਚਖੰਡ ਬੱਲਾਂ ਦੇ ਅਨਿਨ ਸ਼ਰਧਾਲੂ ਅਤੇ ਕੀਰਤਨੀਏ ਭਾਈ ਸਰਵਣ ਕੁਮਾਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 28 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਨੇ ਸੰਖੇਪ ਬਿਮਾਰੀ ਦੇ ਚਲਦਿਆਂ ਆਪਣੇ ਗ੍ਰਹਿ ਪਿੰਡ ਧੁਦਿਆਲ ਵਿਖੇ ਅੰਤਿਮ ਸਵਾਸ ਤਿਆਗੇ । ਭਾਈ ਸਰਵਣ ਕੁਮਾਰ ਦਾ ਜਨਮ 1962 ਵਿੱਚ ਮਾਤਾ ਸ੍ਰੀਮਤੀ ਚੰਨਣ ਕੌਰ ਜੀ ਦੀ ਕੁੱਖੋਂ ਅਤੇ ਪਿਤਾ ਸ੍ਰੀ ਪ੍ਰੀਤਮ ਦਾਸ ਜੀ ਦੇ ਗ੍ਰਹਿ ਵਿਖੇ ਹੋਇਆ। ਉਨਾਂ ਨੇ ਆਪਣੇ ਜੀਵਨ ਕਾਲ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਮਿਸ਼ਨ, ਬਾਣੀ, ਸੰਕਲਪ ਉਦੇਸ਼ਾਂ ਦਾ ਪ੍ਰਚਾਰ ਕੀਤਾ। ਉਹਨਾਂ ਨੇ ਸਮੁੱਚੇ ਭਾਰਤ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਬਾਣੀ ਨਾਲ ਜੋੜਿਆ ਅਤੇ ਉਹਨਾਂ ਦੇ ਮਹਾਨ ਉਪਦੇਸ਼ਾਂ ਨੂੰ ਸੰਗਤ ਵਿੱਚ ਪ੍ਰਚਾਰਿਆ । ਭਾਈ ਸਰਵਣ ਕੁਮਾਰ ਜੀ ਡੇਰਾ ਸੱਚਖੰਡ ਬੱਲਾਂ ਵਿੱਚ ਜਿੱਥੇ ਰੋਜ਼ਾਨਾ ਅੰਮ੍ਰਿਤ ਵੇਲੇ ਕੀਰਤਨ ਦੀ ਸੇਵਾ ਕਰਿਆ ਕਰਦੇ ਸਨ, ਉੱਥੇ ਹੀ ਉਹਨਾਂ ਨੇ ਅਨੇਕਾਂ ਵਾਰ ਇੰਗਲੈਂਡ, ਨਿਊਜ਼ੀਲੈਂਡ , ਆਸਟ੍ਰੀਆ(ਵਿਆਨਾ), ਜਰਮਨੀ, ਦੁਬਈ, ਇਟਲੀ ਅਤੇ ਕਨੇਡਾ ਵਰਗੇ ਮੁਲਕਾਂ ਵਿੱਚ ਵੀ ਗੁਰੂ ਪਿਆਰੀ ਸਾਧ ਸੰਗਤ ਨੂੰ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ । ਡੇਰਾ ਸੱਚਖੰਡ ਬੱਲਾਂ ਦੇ ਮਹਾਨ ਰਹਿਬਰ ਸਤਿਗੁਰੂ ਸੁਆਮੀ ਸਰਵਣ ਦਾਸ ਜੀ ਮਹਾਰਾਜ , ਸੰਤ ਸਤਿਗੁਰੂ ਨਿਰੰਜਨ ਦਾਸ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਭਾਈ ਸਰਵਣ ਕੁਮਾਰ ਜੀ ਦਾ ਅਥਾਹ ਪਿਆਰ ਅਤੇ ਮੁਹੱਬਤ ਸੀ, ਜਿਨ੍ਹਾਂ ਦੀ ਮਹਿਮਾ ਨੂੰ ਅਕਸਰ ਆਪਣੀ ਗੱਲ ਬਾਤ ਵਿੱਚ ਅਲਾਪਦੇ ਰਹਿੰਦੇ ਸਨ । ਭਾਈ ਸਰਵਣ ਕੁਮਾਰ ਜੀ ਜਿੱਥੇ ਇੱਕ ਵਧੀਆ ਇਨਸਾਨ ਸਨ, ਉੱਥੇ ਹੀ ਉਹ ਇੱਕ ਸਮਾਜ ਸੇਵੀ ਵੀ ਸਨ। ਉਹ ਸਮੇਂ ਸਮੇਂ ਸਮਾਜ ਦੇ ਹਿੱਤਾਂ ਲਈ ਆਪਣੀ ਕਿਰਤ ਕਮਾਈ ਵਿੱਚੋਂ ਦਾਨ ਪੁੰਨ ਕਰਕੇ ਵੀ ਸਤਿਗੁਰ ਦੀ ਖੁਸ਼ੀ ਪ੍ਰਾਪਤ ਕਰਦੇ ਸਨ। ਭਾਈ ਸਰਵਣ ਕੁਮਾਰ ਜੀ ਦਾ ਅੰਤਿਮ ਸੰਸਕਾਰ ਪਿੰਡ ਧੁਦਿਆਲ ਵਿਖੇ ਉਨਾਂ ਦੇ ਸਮੂਹ ਪਰਿਵਾਰਕ, ਸੱਜਣ ਮਿੱਤਰ, ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ ਹੈ। ਭਾਈ ਸਰਵਣ ਕੁਮਾਰ ਜੀ ਦੀ ਅੰਤਿਮ ਅਰਦਾਸ ਤੇ ਭੋਗ 7 ਫਰਵਰੀ ਨੂੰ ਉਹਨਾਂ ਦੇ ਗ੍ਰਹਿ ਪਿੰਡ ਧੁਦਿਆਲ ਨੇੜੇ ਆਦਮਪੁਰ ਵਿਖੇ ਪਾਇਆ ਜਾਵੇਗਾ । ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਸਾਕ ਸਬੰਧੀਆਂ ਸਨੇਹੀਆਂ ਸੱਜਣਾ ਮਿੱਤਰਾਂ ਵਲੋਂ ਉਨਾਂ ਦੀ ਇਸ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ ਸੁਖਵਿੰਦਰ ਕੌਰ, ਦੋ ਬੇਟੇ ਲਵ ਕੁਮਾਰ ਤੇ ਉਂਕਾਰ ਸਿੰਘ ਅਤੇ ਇੱਕ ਬੇਟੀ ਪ੍ਰਭਦੀਪ ਕੌਰ ਛੱਡ ਗਏ । ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਜੀ।
