ਸਕੂਲ ਟਰੱਸਟੀ ਅਰਸ਼ ਕਲੇਰ ਦੇ ਉਦਮੀ ਯਤਨਾਂ ਦੀ ਸ਼ਲਾਘਾ-
ਐਬਸਫੋਰਡ – ਕੈਨੇਡਾ ਵਿਚ ਕਿਸੇ ਕੁਦਰਤੀ ਆਫਤ ਜਾਂ ਕਿਸੇ ਹੋਰ ਸੰਕਟ ਵਿਚ ਘਿਰੇ ਲੋਕਾਂ ਦੀ ਮਦਦ ਲਈ ਸਿੱਖ ਸੰਸਥਾਵਾਂ ਤੇ ਵਲੰਟੀਅਰਾਂ ਵਲੋਂ ਵਧ ਚੜਕੇ ਹਿੱਸਾ ਲਿਆ ਜਾਂਦਾ ਹੈ।ਪਿਛਲੇ ਸਮੇਂ ਦੌਰਾਨ ਕੋਵਿਡ ਅਤੇ ਐਬਸਫੋਰਡ ਵਿਚ ਆਏ ਹੜਾਂ ਦੌਰਾਨ ਵੱਖ ਵੱਖ ਸਿੱਖ ਸੰਸਥਾਵਾਂ ਤੇ ਧਾਰਮਿਕ ਅਸਥਾਨਾਂ ਦੇ ਸੇਵਾਦਾਰਾਂ ਤੇ ਵਲੰਟੀਅਰਾਂ ਵਲੋਂ ਲੋੜਵੰਦਾਂ ਦੀ ਭਰਪੂਰ ਮਦਦ ਕੀਤੀ ਗਈ। ਐਬਸਫੋਰਡ ਵਿਚ ਆਏ ਹੜਾਂ ਦੌਰਾਨ ਸਵੈ ਸੇਵੀ ਸੰਸਥਾਵਾਂ ਤੇ ਗੁਰੂ ਘਰਾਂ ਵਲੋੋਂ ਪੀੜਤਾਂ ਲਈ ਭਰਵੀਂ ਮਦਦ ਦੇ ਨਾਲ ਹੈਲੀਕਾਪਟਰ ਰਾਹੀਂ ਲੰਗਰ ਅਤੇ ਹੋਰ ਸਹਾਇਤਾ ਵੀ ਪਹੁੰਚਾਈ ਗਈ। ਇਹਨਾਂ ਸੰਸਥਾਵਾਂ ਵਲੋਂ ਕੀਤੀ ਗਈ ਇਸ ਸੇਵਾ ਲਈ ਐਬਸਫੋਰਡ ਦੇ ਸਕੂਲ ਟਰੱਸਟੀ ਤੇ ਨੌਜਵਾਨ ਆਗੂ ਅਰਸ਼ ਕਲੇਰ ਦੇ ਯਤਨਾਂ ਨਾਲ ਐਬਸਫੋਰਡ ਕਮਿਊਨਿਟੀ ਫਾਉਂਡੇਸ਼ਨ ਤੋ 20 ਹਜ਼ਾਰ ਡਾਲਰ ਦੀ ਗਰਾਂਟ ਹਾਸਲ ਕੀਤੀ ਗਈ। ਬੀਤੇ ਦਿਨ ਇਹ ਗਰਾਂਟ ਐਬਸਫੋਰਡ ਦੇ ਤਿੰਨ ਗੁਰੂ ਘਰਾਂ ਤੇ ਮੰਦਿਰ ਦੇ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ। ਸਕੂਲ ਟਰੱਸਟੀ ਅਰਸ਼ ਕਲੇਰ ਨੇ ਦੇਸ ਪ੍ਰਦੇਸ ਨੂੰ ਦੱਸਿਆ ਕਿ ਐਬਸਫੋਰਡ ਕਮਿਊਨਿਟੀ ਫਾਊਂਡੇਸ਼ਨ ਤੋਂ ਹਾਸਲ 20 ਹਜ਼ਾਰ ਗਰਾਂਟ ਨੂੰ ਚਾਰ ਹਿੱਸਿਆ ਵਿਚ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਗੁਰਦੁਆਰਾ ਗੁਰੂ ਕਲਗੀਧਰ ਸੁਸਾਇਟੀ ਐਬਸਫੋਰਡ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਤੇ ਫਰੇਜ਼ਰ ਵੈਲੀ ਹਿੰਦੂ ਕਲਚਰ ਸੁਸਾਇਟੀ ਐਬਸਫੋਰਡ ਦੇ ਪ੍ਰਬੰਧਕਾਂ ਨੂੰ 5-5 ਹਜ਼ਾਰ ਡਾਲਰ ਦੇ ਚੈਕ ਭੇਟ ਕੀਤੇ ਗਏ।
ਇਸ ਮੌਕੇ ਉਹਨਾਂ ਨਾਲ ਸਬੰਧਤਿ ਧਾਰਮਿਸ ਸਥਾਨਾਂ ਦੇ ਪ੍ਰਬੰਧਕਾਂ ਤੋਂ ਇਲਾਵਾ ਐਬਸਫੋਰਡ ਕਮਿਊਨਿਟੀ ਫਾਉਂਡੇਸ਼ਨ ਦੇ ਐਗਜੈਕਟਿਵ ਡਾਇਰੈਕਟਰ ਐਰਨੀ ਕੈਲਪਨ, ਅਭਿਤੇਗ ਸਿੰਘ ਹਾਂਸ, ਹਰਸ਼ਦੀਬ ਬਰਾੜ, ਬਲਨੀਤ ਕੌਰ ਤੂਰ, ਅਰਨਜੁਨ ਧਾਲੀਵਾਲ, ਜਨਦੀਪ ਸਿੰਘ ਗਰੇਵਾਲ, ਗੁਰਬੀਰ ਸਿੰਘ ਮਾਨ ਤੇ ਹੋਰ ਹਾਜ਼ਰ ਸਨ। ਇਸੇ ਦੌਰਾਨ ਧਾਰਮਿਕ ਸੰਸਥਾਵਾਂ ਤੇ ਆਗੂਆਂ ਤੇ ਅਹੁਦੇਦਾਰਾਂ ਨੇ ਇਸ ਗਰਾਂਟ ਦੀ ਪ੍ਰਾਪਤੀ ਲਈ ਸਕੂਲ ਟਰੱਸਟੀ ਅਰਸ਼ ਕਲੇਰ ਦੇ ਉਦਮ ਅਤੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਫਾਊਡੇਸ਼ਨ ਦਾ ਧੰਨਵਾਦ ਕੀਤਾ।




