Mar 7, 2026
ਗੋਆ ਵਿਚ ਇੰਡੀਆ ਐਨਰਜੀ ਵੀਕ ਸਮਾਗਮਾਂ ਵਿਚ ਸ਼ਮੂਲੀਅਤ ਦੇ ਨਾਲ ਕੇਂਦਰੀ ਮੰਤਰੀ ਪੁਰੀ, ਦਿੱਲੀ ਦੇ ਮੰਤਰੀ ਸਿਰਸਾ,
ਹਰਿਆਣਾ ਦੇ ਮੁੱਖ ਮੰਤਰੀ ਸੈਣੀ ਅਤੇ  ਪੰਜਾਬ ਦੇ ਵਿੱਤ ਮੰਤਰੀ ਚੀਮਾ ਸਮੇਤ ਕਈ ਅਹਿਮ ਹਸਤੀਆਂ ਨਾਲ ਮੁਲਾਕਾਤਾਂ-
ਚੰਡੀਗੜ ( ਦੇ ਪ੍ਰ ਬਿ)–ਬੀਤੇ ਦਿਨੀਂ ਅਲਬਰਟਾ ( ਕੈਨੇਡਾ) ਦੀ ਕੈਬਨਿਟ ਮਨਿਸਟਰ ਰਾਜਨ ਸਾਹਨੀ ਨੇ ਆਪਣੇ ਇਕ ਵਫਦ ਸਮੇਤ ਦੁਵੱਲੇ ਵਪਾਰਕ ਸਬੰਧਾਂ ਦੀ ਮਜ਼ਬੂਤੀ ਅਤੇ ਨਿਵੇਸ਼ ਸੰਭਾਵਨਾਵਾਂ ਸਬੰਧੀ ਭਾਰਤ ਦੀ ਰਾਜਧਾਨੀ ਦਿੱਲੀ, ਗੋਆ, ਹਰਿਆਣਾ, ਪੰਜਾਬ ਅਤੇ ਦੱਖਣੀ ਭਾਰਤ ਦੀ ਦੌਰਾ ਕੀਤਾ।ਇਸ ਦੌਰਾਨ ਉਹਨਾਂ ਨੇ ਰਾਜਾਂ ਦੇ ਮੁੱਖ ਮੰਤਰੀਆਂ, ਮੰਤਰੀਆਂ ਅਤੇ ਬਹੁਕੌਮੀ ਕੰਪਨੀਆਂ ਤੇ ਭਾਰਤੀ ਕੰਪਨੀਆਂ ਦੇ ਵਪਾਰਕ ਪ੍ਰਤੀਨਿਧਾਂ ਨਾਲ ਵੀ ਮੁਲਾਕਾਤਾਂ ਕੀਤੀਆਂ ਤੇ ਅਲਬਰਟਾ ਵਿਚ ਨਿਵੇਸ਼ ਦੇ ਮੌਕਿਆਂ ਅਤੇ ਦੁਵੱਲੇ ਵਪਾਰਕ ਸਬੰਧਾਂ ਨੂੰ ਵਧਾਉਣ ਅਤੇ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ। ਉਹਨਾਂ ਨੇ ਗੋਆ ਵਿਚ ਇੰਡੀਆ ਐਨਰਜੀ ਵੀਕ ਦੌਰਾਨ ਸਮਾਗਮਾਂ ਵਿਚ ਸ਼ਮੂਲੀਅਤ ਤੋਂ ਇਲਾਵਾ ਕਈ ਕੰਪਨੀਆਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ। ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ, ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਪੰਜਾਬ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਇਲਾਵਾ ਕਈ ਉਘੀਆਂ ਹਸਤੀਆਂ ਨਾਲ ਮੁਲਾਕਾਤਾਂ ਕੀਤੀਆਂ। ਉਹਨਾਂ ਇਤਿਹਾਸਕ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਕੀਤੇ।
ਚੰਡੀਗੜ ਵਿਚ ਵਿੱਤ ਮੰਤਰੀ ਨਾਲ ਮੁਲਾਕਾਤ-
ਪੰਜਾਬ ਅਤੇ ਅਲਬਰਟਾ ਵਿਚਾਲੇ ਆਰਥਿਕ ਸਾਂਝ ਵਧਾਉਣ ਲਈ ਪੰਜਾਬ ਭਵਨ ’ਚ ਅਲਬਰਟਾ ਦੀ ਕੈਬਨਿਟ ਮੰਤਰੀ ਰਾਜਨ ਸਾਹਨੀ ਦੀ ਅਗਵਾਈ ਹੇਠ  ਉੱਚ ਪੱਧਰੀ ਵਫ਼ਦ ਨੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ।  ਰਾਜਨ ਸਾਹਨੀ ਨੇ ਇਨਵੈਸਟ ਪੰਜਾਬ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਅਤੇ ਉਦਯੋਗਿਕ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਸਰਗਰਮ ਪਹੁੰਚ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਹ ਦੌਰਾ ‘ਇੰਡੀਆ ਐਨਰਜੀ ਵੀਕ’ ਨਾਲ ਜੁੜੇ ਵਫ਼ਦ ਦੇ ਵਿਆਪਕ ਭਾਰਤ ਮਿਸ਼ਨ ਦਾ ਅਹਿਮ ਹਿੱਸਾ ਹੈ। ਇਸ ਦੌਰਾਨ ਸਹਿਯੋਗ ਦੇ ਰਾਹ ਤਲਾਸ਼ਣ ਲਈ ਭਾਰਤ ਦੇ ਪ੍ਰਮੁੱਖ ਕੇਂਦਰਾਂ ਵਿੱਚ ਸੀਨੀਅਰ ਸਰਕਾਰੀ ਆਗੂਆਂ ਅਤੇ ਨਿੱਜੀ ਖੇਤਰ ਦੇ ਭਾਈਵਾਲਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਅਤੇ ਨਵੀਨਤਾ ਅਜਿਹੇ ਪ੍ਰਮੁੱਖ ਖੇਤਰ ਹਨ ਜਿੱਥੇ ਅਲਬਰਟਾ ਅਤੇ ਪੰਜਾਬ ਦੁਵੱਲੇ ਵਿਕਾਸ ਲਈ ਸਹਿਯੋਗ ਕਰ ਸਕਦੇ ਹਨ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਲਗਾਤਾਰ ਵਿਕਾਸ ’ਤੇ ਕੇਂਦਰਿਤ  ਗਲੋਬਲ ਸਹਿਯੋਗ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਸਾਂਝ ਸਿਰਫ਼ ਵਪਾਰ ਤੱਕ ਸੀਮਤ ਨਾ ਹੋ ਕੇ ਟਿਕਾਊ ਵਿਕਾਸ ਅਤੇ ਸਾਂਝੀ ਖੁਸ਼ਹਾਲੀ ’ਤੇ ਕੇਂਦਰਿਤ ਹੋਣੀ ਚਾਹੀਦੀ ਹੈ, ਜੋ ਕਿ ਦੋਵਾਂ ਲਈ ਲਾਹੇਵੰਦ ਹੋਵੇ ਅਤੇ ਨਵੀਨਤਾ-ਸੰਚਾਲਿਤ ਵਿਕਾਸ ਰਾਹੀਂ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰੇ। ਇਸ ਮੌਕੇ ਕੈਨੇਡੀਅਨ ਵਫ਼ਦ ਵਿੱਚ ਅਲਬਰਟਾ ਪ੍ਰੀਮੀਅਰ ਦਫ਼ਤਰ ਦੇ ਸਟੇਕਹੋਲਡਰ ਸਲਾਹਕਾਰ ਜਤਿੰਦਰ ਸਿੰਘ ਤਤਲਾ, ਅਲਬਰਟਾ ਪ੍ਰੀਮੀਅਰ ਦੇ ਸੀਨੀਅਰ ਸਲਾਹਕਾਰ ਹੈਪੀ ਮਾਨ, ਸਵਦੇਸ਼ੀ ਸਬੰਧਾਂ ਦੇ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਜੇਨੇਵੀਵ ਟਰਕੋਟ, ਜਗਰੂਪ ਕਾਹਲੋਂ, ਜਸਵਿੰਦਰ ਗਰੇਵਾਲ ਅਤੇ ਪੁਨੀਤ ਕੁਮਾਰ ਗੋਇਲ ਵੀ ਸ਼ਾਮਲ ਸਨ।