ਬੀ ਐਸ ਐਫ਼ ਨੇ ਲੰਮਾਂ ਸਮਾਂ ਅਰਦਾਸ ਕਰਨ ਤੋਂ ਰੋਕੀ ਰੱਖਿਆ-
ਡੇਰਾ ਬਾਬਾ ਨਾਨਕ, 8 ਫਰਵਰੀ ( ਦੇ ਪ੍ਰ ਬਿ )-ਭਾਰਤ ਪਾਕਿਸਤਾਨ ਸਰਹੱਦ ਉਪਰ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲਣ ਵਾਸਤੇ ਅੱਜ ਵੱਡੀ ਗਿਣਤੀ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ਡੇਰਾ ਬਾਬਾ ਨਾਨਕ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਕਾਰੀਡੋਰ ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਸਨਮੁਖ ਹੋ ਕੇ ਇਹ ਲਾਂਘਾ ਮੁੜ ਖੋਲਣ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਪੁੱਜੀਆਂ ਸੰਗਤਾਂ ਵੱਲੋਂ ਪਹਿਲਾਂ ਦਰਸ਼ਨ ਸਥੱਲ ਤੇ ਖਲੋ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਉਪਰੰਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸਰਦਾਰ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰਕ ਕਮੇਟੀ ਪੰਜਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਬਜੀਤ ਸਿੰਘ ਜੰਮੂ ਸਕੱਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰ ਸਮੇਤ ਵੱਖ ਵੱਖ ਆਗੂਆਂ ਵੱਲੋਂ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਕੋਲੋਂ ਮੰਗ ਕੀਤੀ ਗਈ ਕਿ ਇਸ ਬੰਦ ਪਏ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਖੋਲਿਆ ਜਾਵੇ ਤਾਂ ਜੋ ਨਾਨਕ ਨਾਮ ਲੇਵਾ ਸੰਗਤਾਂ ਆਪਣੇ ਇਸ ਵਿਛੜੇ ਗੁਰਧਾਮ ਦੇ ਖੁੱਲੇ ਦਰਸ਼ਨ ਦੀਦਾਰੇ ਕਰ ਸਕਣ। ਉਹਨਾਂ ਦੱਸਿਆ ਕਿ ਅਪ੍ਰੇਸ਼ਨ ਸੰਦੂਰ ਤੋਂ ਬਾਅਦ ਭਾਰਤ ਪਾਕਿ ਦੇ ਵਿਗੜੇ ਹਾਲਾਤਾਂ ਨੂੰ ਵੇਖਦਿਆਂ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਰਾਹੀ ਬਣੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਇਸ ਲਾਂਘੇ ਨੂੰ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਹਾਲਾਤ ਸੁਧਰਨ ਤੋਂ ਬਾਅਦ ਜਿੱਥੇ ਭਾਰਤ ਪਾਕਿਸਤਾਨ ਦਾ ਦਵੱਲੀ ਵਪਾਰ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਜਥੇ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ ਪਰ ਇਸ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਅਜੇ ਵੀ ਬੰਦ ਰੱਖਿਆ ਗਿਆ ਹੈ ਜਿਸ ਨਾਲ ਹਜ਼ਾਰਾਂ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੇ ਦਰਸ਼ਨ ਕਰਨ ਤੋਂ ਵਾਂਝੀਆਂ ਰਹਿ ਰਹੀਆਂ ਹਨ।
ਉਹਨਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਸਾਹਿਬਾਜ ਸ਼ਰੀਫ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਸਮੁੱਚੀਆਂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਮੁੜ ਖੋਲਿਆ ਜਾਵੇ ਤਾਂ ਜੋ ਸੰਗਤਾਂ ਆਪਣੇ ਇਸ ਵਿਛੜੇ ਗੁਰਧਾਮ ਦੇ ਖੁੱਲੇ ਦਰਸ਼ਨ ਦੀਦਾਰੇ ਕਰ ਸਕਣ। ਦੋਵਾਂ ਦੇਸ਼ਾਂ ਵਿਚਕਾਰ ਅਮਨ ਸ਼ਾਂਤੀ ਹੋਵੇ। ਦੋਵਾਂ ਦੇਸ਼ਾਂ ਦਾ ਕੋਈ ਵੀ ਪੁੱਤ ਸਰਹੱਦ ਤੇ ਸ਼ਹੀਦ ਨਾ ਹੋਵੇ।ਇਸ ਮੌਕੇ ਸਿੱਖ ਆਗੂਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਲਾਂਘੇ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੱਕ ਹੀ ਸੀਮਤ ਨਾ ਰੱਖਿਆ ਜਾਵੇ ਸਗੋਂ ਲਾਂਘੇ ਦੇ ਨਜਦੀਕ ਸਰਹੱਦ ਦੇ ਦੋਨਾਂ ਪਾਸੇ ਦੋ ਦੋ ਕਿਲੋਮੀਟਰ ਤੱਕ ਏਰੀਆ ਗੁਰੂ ਨਾਨਕ ਫਰੀ ਵਪਾਰ ਜੋਨ ਖੋਲਿਆ ਜਾਵੇ ਤਾਂ ਕਿ ਦੋਵਾਂ ਮੁਲਕਾਂ ਦੇ ਲੋਕ ਇਸ ਲਾਂਘੇ ਰਾਹੀਂ ਜਿੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ ਉਥੇ ਖੁੱਲੇ ਦਿਲ ਵਪਾਰ ਕਰਕੇ ਦੋਵਾਂ ਦੇਸ਼ਾਂ ਦੇ ਲੋਕ ਹੋਰ ਖੁਸ਼ਹਾਲ ਹੋ ਸਕਣ। ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਦੋਵਾਂ ਦੇਸ਼ਾਂ ਦੀ ਆਪਸੀ ਦੁਸ਼ਮਣੀ ਵਾਲੀ ਕਰੱਤਣ ਦੂਰ ਹੋਵੇਗੀ ਉਥੇ ਦੋਵਾਂ ਦੇਸ਼ਾਂ ਅੰਦਰ ਆਪਸੀ ਭਾਈਚਾਰਕ ਸਾਂਝ ਵੀ ਵਧੇਗੀ।ਇਸ ਮੌਕੇ ਭਾਈ ਮਨਜੀਤ ਸਿੰਘ ਭੋਮਾ, ਭਾਈ ਸਰਬਜੀਤ ਸਿੰਘ ਜੰਮੂ, ਭਾਈ ਸੁਰਿੰਦਰ ਪਾਲ ਸਿੰਘ ਤਾਲਬਪੁਰਾ, ਡਾ. ਦਰਸ਼ਨ ਸਿੰਘ ਗੁੱਜਰਪੁਰਾ, ਭਾਈ ਨਿਸ਼ਾਨ ਸਿੰਘ , ਭਾਈ ਸ਼ਰਨਜੀਤ ਸਿੰਘ ਕੋਟ ਪਠਾਣਾਂ, ਸੁਖਰਾਜ ਸਿੰਘ ਧਰਦਿਉ , ਮਨਜੋਤ ਸਿੰਘ ਪੁਰੇਵਾਲ, ਫੋਜੀ ਕੁਲਵਿੰਦਰ ਸਿੰਘ ਰਮਦਾਸ, ਗੁਰਬੀਰ ਸਿੰਘ ਦੁਧਰਾਏ, ਡਾ. ਸੁਖਪ੍ਰੀਤ ਸਿੰਘ ਭਲਾ ਪਿੰਡ, ਭਾਈ ਗੁਰਬਾਲ ਸਿੰਘ ਉਗਰ ਔਲਖ, ਭਾਈ ਬਿਕਰਮਜੀਤ ਸਿੰਘ, ਸੁਖਦੇਵ ਸਿੰਘ ਰੂੜੇਵਾਲ, ਭਾਈ ਗੁਰਜੰਟ ਸਿੰਘ, ਭਾਈ ਸੁੱਚਾ ਸਿੰਘ ਜੱਟਾ ਆਦਿ ਹਾਜ਼ਰ ਸਨ।
ਕਰਤਾਰਪੁਰ ਸਾਹਿਬ ਲਾਂਘੇ ਤੇ ਅਰਦਾਸ ਕਰਨ ਗਈਆਂ ਸੰਗਤਾਂ ਨੂੰ ਬੀਐਸਐਫ ਨੇ ਰੋਕਿਆ-
ਅੱਜ ਜਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਸੰਗਤਾਂ ਡੇਰਾ ਬਾਬਾ ਨਾਨਕ ਅੰਤਰਰਾਸ਼ਟਰੀ ਸਰਹੱਦ ਤੇ ਬਣੇ ਦਰਸ਼ਨ ਅਸਥਲ ਤੇ ਸੰਗਤਾਂ ਅਰਦਾਸ ਕਰਨ ਵਾਸਤੇ ਪੁੱਜੀਆਂ ਤਾਂ ਉਥੇ ਮੌਜੂਦ ਬੀਐਸਐਫ ਅਧਿਕਾਰੀਆਂ ਵੱਲੋਂ ਸੰਗਤਾਂ ਨੂੰ ਸਰਹੱਦ ਤੇ ਅਰਦਾਸ ਕਰਨ ਤੋਂ ਰੋਕ ਦਿੱਤਾ ਗਿਆ। ਜਿਸ ਤੇ ਬੀਐਸਐਫ ਦੇ ਅਧਿਕਾਰੀਆਂ ਅਤੇ ਸੰਗਤਾਂ ਵਿੱਚ ਕਾਫ਼ੀ ਬਹਿਸ ਸ਼ੁਰੂ ਹੋ ਗਈ ਤੇ ਆਖਰ ਤਿੱਖੀ ਬੈਂਸ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਵੱਲੋਂ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਸੰਗਤਾਂ ਨੂੰ ਦਰਸ਼ਨ ਸਥੱਲ ਤੇ ਖਲੋ ਕੇ ਅਰਦਾਸ ਕਰਨ ਦੀ ਆਗਿਆ ਦੇ ਦਿੱਤੀ ਗਈ। ਜਿਸ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
