ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪ੍ਰਧਾਨ ਧਾਮੀ ਵਲੋਂ ਤਿੰਨ ਐਮ ਪੀਜ ਤੇ ਹੋਰ ਸ਼ਖਸੀਅਤਾਂ ਦਾ ਸਨਮਾਨ-
ਅੰਮ੍ਰਿਤਸਰ, 14 ਫਰਵਰੀ ( ਦੇ ਪ੍ਰ ਬਿ)- -ਕੈਲਗਰੀ ਈਸਟ (ਕੈਨੇਡਾ) ਤੋਂ ਐਮ ਪੀ ਸ. ਜਸਰਾਜ ਸਿੰਘ ਹੱਲਣ, ਕੈਲਗਰੀ ਸਕਾਈਵਿਊ ਤੋਂ ਐਮ ਪੀ ਸ. ਅਮਨਪ੍ਰੀਤ ਸਿੰਘ ਗਿੱਲ ਤੇ ਕੈਲਗਰੀ ਮੈਕਨਾਈਟ ਤੋਂ ਐਮ ਪੀ ਸ. ਦਲਵਿੰਦਰ ਸਿੰਘ ਗਿੱਲ ਨੇ ਕੈਨੇਡੀਅਨ ਚੋਣਾਂ ਵਿਚ ਜਿੱਤਣ ਉਪਰੰਤ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਅੰਮ੍ਰਿਤਸਰ ਵਿਖੇ ਪੁੱਜਕੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਹਨਾਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦੇ ਨਾਲ ਕੁਝ ਸਮਾਂ ਗੁਰੂ ਸਾਹਿਬ ਦੀ ਹਜ਼ਰੀ ਵਿਚ ਬਿਤਾਇਆ ਤੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ।
ਉਪਰੰਤ ਉਹਨਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਦਰਸ਼ਨ ਕੀਤੇ ਤੇ ਢਾਡੀ ਜਥੇ ਵਲੋਂ ਸੁਣਾਏ ਜਾ ਰਹੇ ਗੁਰ ਇਤਿਹਾਸ ਨੂੰ ਵੀ ਸੰਗਤ ਵਿਚ ਬੈਠਕੇ ਸਰਵਣ ਕੀਤਾ।
ਇਸਤੋਂ ਪਹਿਲਾਂ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਸ. ਜਸਰਾਜ ਸਿੰਘ ਹੱਲਣ, ਸ. ਅਮਨਪ੍ਰੀਤ ਸਿੰਘ ਗਿੱਲ, ਸ. ਦਲਵਿੰਦਰ ਸਿੰਘ ਗਿੱਲ ਅਤੇ ਉਨ੍ਹਾਂ ਨਾਲ ਆਏ ਸੀਨੀਅਰ ਪੱਤਰਕਾਰ ਸ. ਸੁਖਵਿੰਦਰ ਸਿੰਘ ਚੋਹਲਾ ਤੇ ਕੈਲਗਰੀ ਦੇ ਉਘੇ ਬਿਜਨਸਮੈਨ ਅਮਰਪ੍ਰੀਤ ਸਿੰਘ ਬੈਂਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਨੇ ਸਿੱਖ ਨੂੰ ਬਖ਼ਸ਼ਿਸ਼ ਕੀਤੀ ਹੈ ਕਿ ਉਹ ਜਿਥੇ ਵੀ ਰਹੇ ਸਰਬੱਤ ਦੇ ਭਲੇ ਦਾ ਕਾਰਜ ਕਰੇ। ਇਸੇ ਤਹਿਤ ਹੀ ਦੇਸ਼ ਦੁਨੀਆਂ ਅੰਦਰ ਵੱਸੇ ਸਿੱਖ ਗੁਰੂ ਆਸ਼ੇ ਅਨੁਸਾਰ ਕਾਰਜ ਕਰਦਿਆਂ ਵੱਡੀਆਂ ਮੱਲਾਂ ਮਾਰ ਰਹੇ ਹਨ। ਕੈਨੇਡਾ ਦੀ ਧਰਤੀ ‘ਤੇ ਵੀ ਸਿੱਖਾਂ ਨੇ ਕਾਰੋਬਾਰਾਂ ਦੇ ਨਾਲ-ਨਾਲ ਸਿਆਸਤ ਵਿਚ ਵੀ ਵੱਡੇ ਮੁਕਾਮ ਹਾਸਲ ਕੀਤੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸ. ਜਸਰਾਜ ਸਿੰਘ ਹੱਲਣ ਤੇ ਸ. ਅਮਨਪ੍ਰੀਤ ਸਿੰਘ ਪੂਰਨ ਤੌਰ ‘ਤੇ ਸਿੱਖੀ ਸਰੂਪ ਵਿਚ ਹਨ, ਜੋ ਨੌਜੁਆਨਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਨੌਜੁਆਨ ਐਮਪੀ ਜਿਥੇ ਆਪਣੇ ਖੇਤਰ ਵਿਚ ਵੱਡੀਆਂ ਸੇਵਾਵਾਂ ਦੇ ਰਹੇ ਹਨ, ਉਥੇ ਹੀ ਸਿੱਖੀ ਦੇ ਪ੍ਰਚਾਰ ਲਈ ਵੀ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਸ੍ਰੀ ਅੰਮ੍ਰਿਤਸਰ ਆਉਣ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਜੀ-ਆਇਆਂ ਆਖਿਆ ਅਤੇ ਕੈਨੇਡਾ ਅੰਦਰ ਸਿੱਖੀ ਪ੍ਰਚਾਰ ਲਈ ਹਰ ਤਰ੍ਹਾਂ ਦੇ ਸਹਿਯੋਗ ਦੀ ਵਚਨਬਧਤਾ ਪ੍ਰਗਟਾਈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਐਮ ਪੀ ਹਨ, ਜਿਨ੍ਹਾਂ ਤੋਂ ਭਾਈਚਾਰੇ ਨੂੰ ਹਮੇਸ਼ਾ ਵੱਡੀਆਂ ਉਮੀਦਾਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਵੀ ਆਪਣੇ ਖੇਤਰ ਵਿਚ ਵਧੀਆ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ । ਡਾ ਚੀਮਾ ਨੇ ਅਪੀਲ ਕੀਤੀ ਕਿ ਸਾਡੇ ਨੌਜੁਆਨ ਆਪਣੀ ਮਿੱਟੀ ਅਤੇ ਵਿਰਸੇ ਨਾਲ ਜੁੜੇ ਰਹਿਣ, ਇਸ ਲਈ ਹਮੇਸ਼ਾ ਯਤਨ ਹੋਣੇ ਚਾਹੀਦੇ ਹਨ।
ਇਸੇ ਦੌਰਾਨ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸ. ਜਸਰਾਜ ਸਿੰਘ ਹੱਲਣ, ਸ. ਅਮਨਪ੍ਰੀਤ ਸਿੰਘ ਗਿੱਲ, ਸ. ਦਲਵਿੰਦਰ ਸਿੰਘ ਗਿੱਲ ਨੇ ਸ਼ੁਕਰਾਨਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਉਨ੍ਹਾਂ ਨੂੰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨਾਂ ਕਿਹਾ ਕਿ ਉਹ ਗੁਰੂ ਫਲਸਫ਼ੇ ਅਨੁਸਾਰ ਦਸਤਾਰ ਸਜਾ ਕੇ ਮਨੁੱਖਤਾ ਦੀ ਸੇਵਾ ਕਰਦਿਆਂ ਹਮੇਸ਼ਾ ਮਾਣ ਮਹਿਸੂਸ ਕਰਦੇ ਹਨ ਅਤੇ ਹਮੇਸ਼ਾ ਇਹੀ ਕੋਸ਼ਿਸ਼ ਕਰਦੇ ਹਨ ਕਿ ਸਿੱਖੀ ਦੇ ਵਾਧੇ ਲਈ ਇਕਜੁਟ ਹੋ ਕੇ ਯਤਨਸ਼ੀਲ ਰਹੀਏ। ਉਨ੍ਹਾਂ ਉਚੇਚੇ ਤੌਰ ‘ਤੇ ਜ਼ਿਕਰ ਕੀਤਾ ਕਿ ਉਨਾਂ ਲਈ ਕੈਨੇਡਾ ਦੀ ਪਾਰਲੀਮੈਂਟ ਵਿਚ ਮੈਂਬਰ ਵਜੋਂ ਸਹੁੰ ਚੁੱਕਣ ਦਾ ਉਹ ਦਿਨ ਸੀ ਜਿਸ ਦਿਨ ਕਾਮਾਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਤੋਂ ਵਾਪਸ ਕਰਨ ਦੇ ਦਿਨ ਨੂੰ ਯਾਦ ਕੀਤਾ ਜਾ ਰਿਹਾ ਸੀ। ਉਨਾਂ ਕਿਹਾ ਕਿ ਇਹ ਉਨ੍ਹਾਂ ਲਈ ਹੋਰ ਸਮਰਪਣ ਭਾਵਨਾ ਨਾਲ ਕੰਮ ਕਰਨ ਲਈ ਵੱਡੀ ਪ੍ਰੇਰਣਾ ਵੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਲਵਿੰਦਰਪਾਲ ਸਿੰਘ ਪੱਖਕੇ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਸ੍ਰੋਮਣੀ ਕਮੇਟੀ ਮੈਂਬਰ ਸ. ਫੁੰਮਣ ਸਿੰਘ, ਸ. ਅਮਰਜੀਤ ਸਿੰਘ ਬੰਡਾਲਾ, ਓਐਸਡੀ ਸ. ਸਤਬੀਰ ਸਿੰਘ ਧਾਮੀ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸ. ਜਸਪਾਲ ਸਿੰਘ, ਵਧੀਕ ਮੈਨੇਜਰ ਸ. ਗੁਰਿੰਦਰ ਸਿੰਘ ਦੇਵੀਦਾਸਪੁਰ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸ. ਅਮਰਪ੍ਰੀਤ ਸਿੰਘ ਬੈਂਸ, ਅੰਮ੍ਰਿਤ ਹੇਅਰ, ਰਾਜ ਬੰਗਾ ਨਾਨੈਮੋ, ਸ. ਗੁਰਪ੍ਰਤਾਪ ਸਿੰਘ, ਸ. ਹਰਮੀਤ ਸਿੰਘ ਸਲੂਜਾ ਆਦਿ ਮੌਜੂਦ ਸਨ।
ਸਾਬਕਾ ਮੰਤਰੀ ਅਨਿਲ ਜੋਸ਼ੀ ਵਲੋਂ ਭਰਵਾਂ ਸਵਾਗਤ-
ਕੈਲਗਰੀ ਤੋਂ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਸਿੰਘ ਗਿੱਲ ਤੇ ਕੈਲਗਰੀ ਤੋਂ ਬਿਜਨੈਸਮੈਨ ਅਮਰਪ੍ਰੀਤ ਸਿੰਘ ਬੈਂਸ ਤੇ ਅੰਮ੍ਰਿਤ ਹੇਅਰ ਦੇ ਅੰਮ੍ਰਿਤਸਰ ਵਿਖੇ ਪੁੱਜਣ ਤੇ ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ ਤੇ ਸਾਥੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਵਲੋਂ ਐਮ ਪੀਜ਼ ਦੇ ਵਫਦ ਸਵਾਗਤ ਕਰਦਿਆਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਕੈਨੇਡਾ ਵਰਗੇ ਮੁਲਕ ਵਿਚ ਪੰਜਾਬੀ ਮੂਲ ਦੇ ਆਗੂ ਕੈਨੇਡੀਅਨ ਸਮਾਜ ਅਤੇ ਸਿਆਸਤ ਵਿਚ ਵੱਡੀਆਂ ਮੱਲਾਂ ਮਾਰਦੇ ਹੋਏ ਪੰਜਾਬੀ ਕੌਮ ਦੇ ਮਾਣ ਨੂੰ ਵਧਾ ਰਹੇ ਹਨ। ਉਹਨਾਂ ਇਹਨਾਂ ਸ਼ਖਸੀਅਤਾਂ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆਉਣ, ਦੋਸਤਾਂ ਮਿੱਤਰਾਂ ਨੂੰ ਮਿਲਣ ਤੇ ਆਪਸੀ ਸੰਵਾਦ ਰਚਾਉਣ ਲਈ ਪੰਜਾਬੀਅਤ ਦੀਆਂ ਜੜਾਂ ਅਤੇ ਵਿਰਾਸਤ ਨਾਲ ਸਾਂਝ ਨੂੰ ਹੋਰ ਮਜ਼ਬੂਤ ਹੋਣਾ ਦੱਸਿਆ। ਇਸ ਦੌਰਾਨ ਉਹਨਾਂ ਨੇ ਇਹਨਾਂ ਸ਼ਖਸੀਅਤਾਂ ਨੂੰ ਪੁਰਾਣੇ ਅੰਮ੍ਰਿਤਸਰ ਸ਼ਹਿਰ ਦੀ ਸੈਰ ਵੀ ਕਰਵਾਈ ਤੇ ਅੰਮ੍ਰਿਤਸਰ ਦੇ ਵਿਰਾਸਤੀ ਕੇਸਰ ਢਾਬੇ ਦੇ ਦੇਸੀ ਘਿਊ ਦੇ ਖਾਣਿਆਂ ਦਾ ਸਵਾਦ ਵੀ ਚਖਾਇਆ। ਅੰਮ੍ਰਿਤਸਰ ਦੇ ਉਘੇ ਫੁਲਕਾਰੀ ਇੰਪੋਰੀਅਮ ਵਿਖੇ ਕੈਨੇਡੀਅਨ ਸ਼ਖਸੀਅਤਾਂ ਦਾ ਫੁਲਕਾਰੀਆਂ ਨਾਲ ਸਨਮਾਨ ਕੀਤਾ ਗਿਆ।
ਐਮ ਪੀ ਗੁਰਜੀਤ ਸਿੰਘ ਔਜਲਾ ਨਾਲ ਮਿਲਣੀ- ਇਸੇ ਦੌਰਾਨ ਕੈਨੇਡੀਅਨ ਵਫਦ ਵਲੋਂ ਅੰਮ੍ਰਿਤਸਰ ਤੋਂ ਕਾਂਗਰਸੀ ਐਮ ਪੀ ਸ ਗੁਰਜੀਤ ਸਿੰਘ ਔਜਲਾ ਨਾਲ ਵੀ ਇਕ ਮਿਲਣੀ ਕੀਤੀ ਗਈ। ਜਿਸ ਦੌਰਾਨ ਸ ਔਜਲਾ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਤੇ ਚਾਹ-ਪਾਣੀ ਦੀ ਸਾਂਝ ਉਪਰੰਤ ਇਕ ਯਾਦਗਾਰੀ ਤਸਵੀਰ ਵੀ ਕਰਵਾਈ।


















