ਕੈਨੇਡੀਅਨ ਐਮ ਪੀਜ਼ ਜਸਰਾਜ ਸਿੰਘ ਹੱਲਣ, ਅਮਨਪ੍ਰੀਤ ਸਿੰਘ ਗਿੱਲ ਤੇ ਦਲਵਿੰਦਰ ਗਿੱਲ ਦਾ ਜਲੰਧਰ ਪੁੱਜਣ ਤੇ ਭਰਵਾਂ ਸਵਾਗਤ –
( ਦੇ ਪ੍ਰ ਬਿ)- ਕੈਨੇਡਾ ਤੋਂ ਪੰਜਾਬ ਦੌਰੇ ਤੇ ਆਏ ਪੰਜਾਬੀ ਮੂਲ ਦੇ ਕੈਲਗਰੀ ਤੋਂ ਤਿੰਨ ਕੰਸਰਵੇਟਿਵ ਐਮ ਪੀਜ਼ ਸਰਵਸ੍ਰੀ ਜਸਰਾਜ ਸਿੰਘ ਹੱਲਣ ( ਸ਼ੈਡੋ ਮਨਿਸਟਰ) , ਅਮਨਪ੍ਰੀਤ ਸਿੰਘ ਗਿੱਲ ਅਤੇ ਦਲਵਿੰਦਰ ਸਿੰਘ ਗਿੱਲ ਦਾ ਅੱਜ ਇਥੇ ਇਕ ਸਮਾਗਮ ਦੌਰਾਨ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਵਲੋਂ ਸ਼ਾਨਦਾਰ ਸਵਾਗਤ ਕਰਨ ਉਪਰੰਤ ਸਨਮਾਨ ਕੀਤਾ ਗਿਆ। ਇਸ ਮੌਕੇ ਸੁਰਜੀਤ ਹਾਕੀ ਸੁਸਾਇਟੀ ਦੇ ਸੀਨੀਅਰ ਵਰਕਿੰਗ ਪ੍ਰਧਾਨ ਐਲ ਆਰ ਨਈਅਰ ਨੇ ਮਹਿਮਾਨ ਐਮ ਪੀਜ ਦਾ ਸਵਾਗਤ ਕਰਦਿਆਂ ਸੁਸਾਇਟੀ ਵਲੋਂ ਉਹਨਾਂ ਨੂੰ ਜੀ ਆਇਆ ਕਿਹਾ। ਉਹਨਾਂ ਕਿਹਾ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਵਿਦੇਸ਼ਾਂ ਵਿਚ ਐਨ ਆਰ ਆਈ ਭਾਈਚਾਰੇ ਨੇ ਸਖਤ ਮਿਹਨਤ ਤੇ ਲਗਨ ਨਾਲ ਕੰਮ ਕਰਦਿਆਂ ਪੰਜਾਬੀ ਭਾਈਚਾਰੇ ਦੇ ਮਾਣ ਸਨਮਾਨ ਵਿਚ ਭਾਰੀ ਵਾਧਾ ਕੀਤਾ ਹੈ। ਕੈਨੇਡਾ ਵਰਗੇ ਮੁਲਕ ਵਿਚ ਪੰਜਾਬੀ ਭਾਈਚਾਰੇ ਦੇ ਆਗੂਆਂ ਨੇ ਸਿਆਸਤ ਵਿਚ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰਦਿਆਂ ਉਥੋਂ ਦੀ ਸਿਆਸਤ ਅਤੇ ਸਮਾਜਿਕ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਦੇ ਨਾਲ ਉਹ ਨਵੀ ਪੀੜੀ ਲਈ ਪ੍ਰੇਰਨਾ ਸਰੋਤ ਬਣੇ ਹਨ। ਉਹਨਾਂ ਕਿਹਾ ਕਿ ਅੱਜ ਸੁਰਜੀਤ ਹਾਕੀ ਸੁਸਾਇਟੀ ਵਲੋਂ ਪੰਜਾਬੀ ਮੂਲ ਦੇ ਇਹਨਾਂ ਤਿੰਨ ਕੈਨੇਡੀਅਨ ਐਮ ਪੀਜ਼ ਦਾ ਸਵਾਗਤ ਅਤੇ ਸਨਮਾਨ ਕਰਦਿਆਂ ਉਹ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਸੁਰਜੀਤ ਹਾਕੀ ਸੁਸਾਇਟੀ ਦੇ ਮੌਜੂਦਾ ਕਾਰਜਕਾਰੀ ਪ੍ਰਧਾਨ ਸ ਲਖਵਿੰਦਰਪਾਲ ਸਿੰਘ ਖਹਿਰਾ ਨੇ ਸੁਰਜੀਤ ਹਾਕੀ ਸੁਸਾਇਟੀ ਦੇ ਇਤਿਹਾਸ ਅਤੇ ਫੀਲਡ ਹਾਕੀ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਵਿਚਾਰ ਸਾਂਝੇ ਕਰਦਿਆਂ ਸੁਸਾਇਟੀ ਵਲੋਂ ਆਏ ਮਹਿਮਾਨਾਂ ਦਾ ਸਾਰੇ ਮੈਂਬਰਾਂ ਦੀ ਤਰਫੋਂ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਵਲੋਂ ਤਿੰਨ ਐਮ ਪੀਜ਼ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕਰਨ ਉਪਰੰਤ ਸੁਰਜੀਤ ਹਾਕੀ ਸੁਸਾਇਟੀ ਦੇ ਵਿਸ਼ੇਸ਼ ਯਾਦਗਾਰੀ ਚਿੰਨਾਂ ਨਾਲ ਸਨਮਾਨ ਕੀਤਾ। ਤਿੰਨਾਂ ਐਮ ਪੀਜ਼ ਸ੍ਰੀ ਜਸਰਾਜ ਸਿੰਘ ਹੱਲਣ, ਅਮਨਪ੍ਰੀਤ ਸਿੰਘ ਗਿੱਲ ਅਤੇ ਦਲਵਿੰਦਰ ਸਿੰਘ ਗਿੱਲ ਵਲੋਂ ਵੀ ਹਾਜ਼ਰੀਨ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਨਮਾਨ ਲਈ ਧੰਨਵਾਦ ਕੀਤਾ। ਉਹਨਾਂ ਸੁਸਾਇਟੀ ਵਲੋਂ ਖੇਡਾਂ ਅਤੇ ਵਿਸ਼ੇਸ਼ ਕਰਕੇ ਫੀਲਡ ਹਾਕੀ ਦੇ ਖੇਤਰ ਵਿਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਸੁਸਾਇਟੀ ਦੀ ਸ਼ਲਾਘਾ ਕੀਤੀ।
ਸੁਸਾਇਟੀ ਦੀ ਤਰਫੋਂ ਕੈਲਗਰੀ ਤੋਂ ਆਏ ਉਘੇ ਬਿਜਨਸਮੈਨ ਅਮਰਪ੍ਰੀਤ ਸਿੰਘ ਬੈਂਸ, ਅੰਮ੍ਰਿਤਪਾਲ ਸਿੰਘ ਹੇਅਰ, ਤਰਨਜੀਤ ਸਿੰਘ ਮਨਚੰਦਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਦੀ ਜਿੰਮੇਵਾਰੀ ਦੇਸ ਪ੍ਰਦੇਸ ਟਾਈਮਜ਼ ਕੈਨੇਡਾ ਦੇ ਮੁਖ ਸੰਪਾਦਕ ਸ ਸੁਖਵਿੰਦਰ ਸਿੰਘ ਚੋਹਲਾ ਵਲੋਂ ਕੀਤੀ ਗਈ। ਤਿੰਨ ਕੈਨੇਡੀਅਨ ਐਮ ਪੀਜ਼ ਨਾਲ ਮਿਲਣੀ ਅਤੇ ਸੰਵਾਦ ਰਚਾਉਣ ਲਈ ਪੰਜਾਬ ਹਾਕੀ ਦੇ ਸੈਕਟਰੀ ਤੇ ਸਾਬਕਾ ਪੁਲਿਸ ਅਧਿਕਾਰੀ ਸ ਅਮਰੀਕ ਸਿੰਘ ਪੁਆਰ ਨੇ ਸ ਸੁਖਵਿੰਦਰ ਸਿੰਘ ਚੋਹਲਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਪ੍ਰਬੰਧਕੀ ਸੈਕਟਰੀ ਸੁਰਿੰਦਰ ਸਿੰਘ ਭਾਪਾ, ਕੋਚ ਰਾਮ ਪ੍ਰਤਾਪ, ਪ੍ਰੋ ਕ੍ਰਿਪਾਲ ਸਿੰਘ ਮਠਾਰੂ, ਸੈਕਟਰੀ ਰਾਣਾ ਟੁੱਟ, ਰਾਜਨ ਚੋਪੜਾ, ਰਾਜੂ ਦਿਓਲ ਵੈਨਕੂਵਰ, ਰਾਜ ਬੰਗਾ ਨਾਨੈਮੋ, ਕੈਨੇਡਾ, ਪਵਨਦੀਪ ਸਿੰਘ ਡੀਸੀ ਐਕਸਾਈਜ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
















