ਚੰਡੀਗੜ੍ਹ-
ਚੰਡੀਗੜ੍ਹ ਪੁਲੀਸ ਨੇ ਦੋ ਸਾਲ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਅਤੇ 14 ਹੋਰ ਕਾਂਗਰਸੀ ਆਗੂਆਂ ਵਿਰੁੱਧ ਦਰਜ ਐਫਆਈਆਰ (FIR) ਵਿੱਚ ਕੈਂਸਲੇਸ਼ਨ ਰਿਪੋਰਟ (ਰੱਦ ਕਰਨ ਦੀ ਰਿਪੋਰਟ) ਦਾਇਰ ਕਰ ਦਿੱਤੀ ਹੈ। ਪੁਲੀਸ ਨੇ ਇਹ ਮਾਮਲਾ 20 ਫਰਵਰੀ 2024 ਨੂੰ ਸੈਕਟਰ 3 ਦੇ ਪੁਲਿਸ ਸਟੇਸ਼ਨ ਵਿੱਚ ਹਮਲਾ ਕਰਨ ਅਤੇ ਪੁਲੀਸ ਮੁਲਾਜ਼ਮਾਂ ਨੂੰ ਸਰਕਾਰੀ ਡਿਊਟੀ ਕਰਨ ਤੋਂ ਰੋਕਣ ਦੇ ਦੋਸ਼ਾਂ ਤਹਿਤ ਦਰਜ ਕੀਤਾ ਸੀ।
ਪੁਲੀਸ ਨੇ ਆਈਪੀਸੀ ਦੀ ਧਾਰਾ 188, 186, 332 ਅਤੇ 352 ਦੇ ਤਹਿਤ ਕੇਸ ਦਰਜ ਕੀਤਾ ਸੀ। ਪਰਗਟ ਸਿੰਘ ਅਤੇ ਕਾਂਗਰਸ ਦੇ ਹੋਰ ਆਗੂ ਪੰਜਾਬ-ਹਰਿਆਣਾ ਸਰਹੱਦ ‘ਤੇ ਕੇਂਦਰ ਦੀਆਂ ਨੀਤੀਆਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਕਥਿਤ ਤੌਰ ‘ਤੇ ਤਾਕਤ ਦੀ ਵਰਤੋਂ ਦੀ ਨਿੰਦਾ ਕਰਨ ਲਈ ਇਕੱਠੇ ਹੋਏ ਸਨ।
ਐਫਆਈਆਰ ਚੰਡੀਗੜ੍ਹ ਪੁਲੀਸ ਦੇ ਏਐਸਆਈ ਕਰਨ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਡਿਊਟੀ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਸੀ।
ਪਰਗਟ ਸਿੰਘ ਤੋਂ ਇਲਾਵਾ ਐਫਆਈਆਰ ਵਿੱਚ ਨਾਮਜ਼ਦ ਹੋਰ ਆਗੂਆਂ ਵਿੱਚ ਸੁਖਵਿੰਦਰ ਸਿੰਘ ਕੋਟਲੀ, ਵਰਿੰਦਰ ਸਿੰਘ ਢਿੱਲੋਂ, ਸੁਮਿਤ ਸਿੰਘ, ਖੁਸ਼ਬਾਜ਼ ਜੱਟਾਂ, ਲਖਵਿੰਦਰ ਸਿੰਘ, ਚਸਪਿੰਦਰ ਬੀਰ ਚਾਹਲ, ਹਰਮਨ ਸੇਖੋਂ, ਸਿਕੰਦਰ ਬੂਰਾ, ਸਚਿਨ ਨੈਨ, ਉਦੈਵੀਰ ਢਿੱਲੋਂ, ਸੁਰਜੀਤ ਸਿੰਘ, ਅੰਗਦ ਸਿੰਘ, ਸੰਜੀਵ ਸ਼ਰਮਾ ਅਤੇ ਕਰਨੈਲ ਸਿੰਘ ਸ਼ਾਮਲ ਹਨ।
ਦੋ ਸਾਲਾਂ ਤੋਂ ਵੱਧ ਦੀ ਜਾਂਚ ਤੋਂ ਬਾਅਦ ਪੁਲੀਸ ਨੇ ਇਸ ਕੇਸ ਵਿੱਚ ਕੈਂਸਲੇਸ਼ਨ ਰਿਪੋਰਟ ਦਾਇਰ ਕਰ ਦਿੱਤੀ ਹੈ। ਅਦਾਲਤ ਨੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ 3 ਅਪਰੈਲ 2026 ਤੱਕ ਮੁਲਤਵੀ ਕਰ ਦਿੱਤੀ ਹੈ।
