Mar 7, 2026

ਸੰਗਰੂਰ-

ਬੀ ਕੇ ਯੂ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਜੇ ਪੰਜਾਬ ਸਰਕਾਰ ਨੇ ਜੇਲ੍ਹ ’ਚ ਬੰਦ ਦੋ ਕਿਸਾਨ ਛੱਡਣੇ ਹੀ ਸਨ ਤਾਂ ਅੱਜ ਕਿਸਾਨਾਂ ’ਤੇ ਜਬਰ ਕਿਉਂ ਕੀਤਾ ਗਿਆ। ਸਰਕਾਰ ਨੇ ਖ਼ੁਦ ਨੂੰ ਤਾਕਤਵਰ ਦਿਖਾਉਣ ਲਈ ਜਾਣ-ਬੁੱਝ ਕੇ ਕਿਸਾਨਾਂ ਉੱਪਰ ਕਾਰਵਾਈ ਕੀਤੀ ਹੈ।

ਉਹ ਅੱਜ ਪਿੰਡ ਜਖੇਪਲ ਵਿੱਚ ਸਰਕਾਰ ਦੀ ਕਾਰਵਾਈ ਖ਼ਿਲਾਫ਼ ਜੁੜੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਉਗਰਾਹਾਂ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਤੁਸੀਂ ਕੁੱਟ ਲਓ, ਜੇਲ੍ਹਾਂ ’ਚ ਬੰਦ ਕਰ ਦਿਓ, ਝੂਠੇ ਕੇਸ ਪਾ ਦਿਓ ਪਰ ਅਸੀਂ ਗਰਦਨਾਂ ਨੀਵੀਆਂ ਕਰ ਕੇ ਨਹੀਂ ਬੈਠ ਸਕਦੇ। ਉਨ੍ਹਾਂ ਸ਼ਗਨਪ੍ਰੀਤ ਸਿੰਘ ਜਿਊਂਦ ਅਤੇ ਬਲਦੇਵ ਸਿੰਘ ਚਾਉਕੇ ਦੀ ਰਿਹਾਈ ਹੋਣ ਦੇ ਮਾਮਲੇ ’ਚ ਸਰਕਾਰ ’ਤੇ ਵਿਅੰਗ ਕਰਦਿਆਂ ਕਿਹਾ ਕਿ ਸੌ ਗੰਢਾ ਵੀ ਖਾਧਾ, ਛਿੱਤਰ ਵੀ ਖਾਧੇ ਅਤੇ ਬੰਦੀ ਵੀ ਛੱਡ ਦਿੱਤੇ। ਕਿਸਾਨਾਂ ਨੇ ਬਠਿੰਡਾ ਵਿੱਚ ਸਿਰਫ਼ ਧਰਨਾ ਦੇਣਾ ਸੀ, ਉਡੀਕਣਾ ਸੀ, ਜਦੋਂ ਜ਼ਮਾਨਤ ਹੋ ਜਾਂਦੀ ਤਾਂ ਵਾਪਸ ਜਾਣਾ ਸੀ। ਕਿਸਾਨਾਂ ਨੂੰ ਰੋਕਣ ਲਈ ਪੁਲੀਸ ਪਿੰਡਾਂ ਅਤੇ ਘਰਾਂ ਵਿੱਚ ਦਾਖ਼ਲ ਹੋ ਕੇ ਕੁੱਟਣ ਆ ਗਈ। ਅੱਥਰੂ ਗੈਸ ਦੇ ਗੋਲੇ ਅਤੇ ਡਾਂਗਾਂ ਵਰ੍ਹਾਈਆਂ। ਥਾਣੇਦਾਰ ਨੇ ਨੌਜਵਾਨ ਦੀ ਲੱਤ ਤੋੜ ਦਿੱਤੀ, ਅੱਥਰੂ ਗੈਸ ਦੇ ਗੋਲੇ ਨਾਲ ਕਿਸਾਨ ਦਾ ਹੱਥ ਫੱਟ ਗਿਆ। ਇਹ ਜ਼ਮੀਨਾਂ ਬਚਾਉਣ ਦੀ ਲੜਾਈ ਹੈ, ਇਹ ਹਾਲੇ ਮੁੱਕੀ ਨਹੀਂ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਡਰ ਖ਼ਤਮ ਕਰ ਦਿਓ। ਉਨ੍ਹਾਂ ਕਿਸਾਨ ਆਗੂ ਅਜੈਬ ਸਿੰਘ ਜਖੇਪਲ ਨੂੰ ਫੜਨ ਆਈ ਪੁਲੀਸ ਨੂੰ ਖਦੇੜਨ ਲਈ ਪਿੰਡ ਵਾਸੀਆਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਐਲਾਨ ਕੀਤਾ ਕਿ ਭਲਕੇ ਪਿੰਡਾਂ ਵਿੱਚ ਜੇਤੂ ਰੈਲੀਆਂ ਕੀਤੀਆਂ ਜਾਣਗੀਆਂ ਤੇ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਉਧਰ, ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਹਿਰਾਸਤ ਵਿੱਚ ਲਏ ਸਾਰੇ ਕਿਸਾਨ ਰਿਹਾਅ ਕਰਨ ਦੀ ਪੁਸ਼ਟੀ ਕੀਤੀ ਹੈ।

Leave a Reply

Your email address will not be published. Required fields are marked *