ਸਰੀ ( ਮਹੇਸ਼ਇੰਦਰ ਸਿੰਘ ਮਾਂਗਟ ) – ਸਰੀ ਨਿਵਾਸੀ 42 ਸਾਲਾ ਰਘਬੀਰ ਸਿੰਘ ਭਰੋਵਾਲ ਦੀ ਸਾਊਥ ਅਮਰੀਕਾ ਦੇ ਦੇਸ਼ ਪੇਰੂ ਵਿੱਚ ਇੱਕ ਸੜਕ ਹਾਦਸੇ ਦੌਰਾਨ ਦੁਖਦਾਈ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਖ਼ਬਰ ਨਾਲ ਪਰਿਵਾਰ ਅਤੇ ਸਥਾਨਕ ਭਾਈਚਾਰੇ ਵਿੱਚ ਗਹਿਰਾ ਸੋਗ ਛਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਰਘਬੀਰ ਸਿੰਘ ਪਿਛਲੇ ਕੁਝ ਹਫ਼ਤਿਆਂ ਤੋਂ ਮੋਟਰਸਾਈਕਲ ਤੇ ਵਿਸ਼ਵ ਯਾਤਰਾ ਦੌਰਾਨ ਸਾਊਥ ਅਮਰੀਕਾ ਗਏ ਹੋਏ ਸਨ। ਯਾਤਰਾ ਦੌਰਾਨ ਉਹ ਨਿਯਮਿਤ ਤੌਰ ‘ਤੇ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਵਿੱਚ ਰਹਿੰਦੇ ਸਨ ਅਤੇ ਆਪਣੀ ਯਾਤਰਾ ਨਾਲ ਸੰਬੰਧਤ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਸਨ।
ਤਿੰਨ ਤੋਂ ਚਾਰ ਦਿਨ ਤੱਕ ਪਰਿਵਾਰ ਨਾਲ ਸੰਪਰਕ ਨਾ ਹੋਣ ਕਾਰਨ ਚਿੰਤਾ ਵਧੀ, ਜਿਸ ਉਪਰੰਤ ਕੀਤੀ ਗਈ ਖੋਜ ਪੜਤਾਲ ਦੌਰਾਨ ਇਹ ਦੁਖਦਾਈ ਖ਼ਬਰ ਸਾਹਮਣੇ ਆਈ ਕਿ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜ਼ਿਕਰਯੋਗ ਹੈ ਕਿ ਬਾਬਾ ਫਰੀਦ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਤੇ ਉੱਘੇ ਸਮਾਜ ਸੇਵੀ, ਲੁਧਿਆਣਾ ਨਿਵਾਸੀ ਸ ਪ੍ਰੀਤਮ ਸਿੰਘ ਭਰੋਵਾਲ ਦੇ ਨੌਜਵਾਨ ਸਪੁੱਤਰ ਸਨ| ਰਘਬੀਰ ਸਿੰਘ ਦੀ ਅਚਾਨਕ ਮੌਤ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
