Mar 6, 2026

Screenshot

ਪ੍ਰਿੰਸੀਪਲ ਸਰਬਜੀਤ ਕੌਰ ਦੀ ਰਹਿਨੁਮਾਈ ਹੇਠ ਹੋਇਆ ਸ਼ਾਨਦਾਰ ਸਮਾਗਮ – ਅਗਲੇ ਸਾਲ 27 ਫਰਵਰੀ 2027 ਨੂੰ ਮਿਲਣ ਦਾ ਕੀਤਾ ਫੈਸਲਾ

ਲੁਧਿਆਣਾ, 28 ਫਰਵਰੀ – ਗੁਰੂ ਨਾਨਕ ਇੰਜੀਨੀਅਰਿੰਗ ਕਾਲਜ (GNE) ਲੁਧਿਆਣਾ ਵਿਖੇ ਪੁਰਾਤਨ ਵਿਦਿਆਰਥੀਆਂ ਦੀ ਸਲਾਨਾ ਐਲੂਮੀਨੀ ਮੀਟਿੰਗ ਪ੍ਰਿੰਸੀਪਲ ਸਰਦਾਰਨੀ ਸਰਬਜੀਤ ਕੌਰ ਦੀ ਰਹਿਨੁਮਾਈ ਹੇਠ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਪੁੱਜੇ ਸਾਬਕਾ ਵਿਦਿਆਰਥੀਆਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਸੰਸਥਾ ਦੀ ਚੜ੍ਹਦੀ ਕਲਾ ਲਈ ਵਿਚਾਰ ਸਾਂਝੇ ਕੀਤੇ।

ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਸ਼ਬਦ “ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ” ਦੇ ਗਾਇਨ ਨਾਲ ਹੋਈ। ਸਟੇਜ ਦੀ ਕਾਰਵਾਈ ਪ੍ਰੋਫੈਸਰ ਡਾ. ਰੁਪਿੰਦਰ ਕੌਰ ਨੇ ਬੜੇ ਸੁਚੱਜੇ ਢੰਗ ਨਾਲ ਚਲਾਈ। ਸਮਾਗਮ ਵਿੱਚ ਮੁੱਖ ਤੌਰ ‘ਤੇ ਡਾ. ਸਹਿਜਪਾਲ ਸਿੰਘ (ਪ੍ਰਿੰਸੀਪਲ, GNE), ਸਰਦਾਰਨੀ ਸਰਬਜੀਤ ਕੌਰ (ਪ੍ਰਿੰਸੀਪਲ, ਗੁਰੂ ਨਾਨਕ ਪੌਲੀਟੈਕਨਿਕ ਕਾਲਜ), ਡਾ. ਰਾਬਿੰਦਰ ਸਿੰਘ (ਸਾਬਕਾ ਪ੍ਰਿੰਸੀਪਲ) ਅਤੇ ਕਈ ਸੀਨੀਅਰ ਇੰਜੀਨੀਅਰ ਤੇ ਸਾਬਕਾ ਅਧਿਆਪਕ ਸ਼ਾਮਲ ਸਨ।

ਸੰਸਥਾ ਦੇ ਸਕੱਤਰ ਜੋਗਾ ਸਿੰਘ ਨੇ ਸਲਾਨਾ ਰਿਪੋਰਟ ਪੇਸ਼ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਦੌਰਾਨ ਕੁਝ ਸੀਨੀਅਰ ਇੰਜੀਨੀਅਰਾਂ ਨੇ ਚਿੰਤਾ ਪ੍ਰਗਟਾਈ ਕਿ ਨਨਕਾਣਾ ਸਾਹਿਬ ਟਰੱਸਟ ਅਧੀਨ ਚੱਲ ਰਹੀ ਇਸ ਸੰਸਥਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲਣ ਵਾਲੀ 5% ਵਿੱਤੀ ਸਹਾਇਤਾ ਕਈ ਸਾਲਾਂ ਤੋਂ ਰੁਕੀ ਹੋਈ ਹੈ। ਉਨ੍ਹਾਂ ਅਪੀਲ ਕੀਤੀ ਕਿ ਜ਼ਿੰਮੇਵਾਰ ਅਧਿਕਾਰੀ ਇਸ ਪਾਸੇ ਧਿਆਨ ਦੇਣ ਤਾਂ ਜੋ ਗੁਰੂ ਸਾਹਿਬ ਦੇ ਨਾਮ ‘ਤੇ ਚੱਲ ਰਹੀਆਂ ਸੰਸਥਾਵਾਂ ਦੀ ਮਦਦ ਹੋ ਸਕੇ।

ਸਾਬਕਾ ਵਿਦਿਆਰਥੀ ਜਗਰੂਪ ਸਿੰਘ ਨੇ ਦਿੱਲੀ ਦੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਪੰਜਾਬੀਆਂ ਦੀ ਸਹੂਲਤ ਲਈ ਇੱਕ ਅਹਿਮ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡਿਆਂ ਤੋਂ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਲਈ ਸਿੱਧੀਆਂ ਉਡਾਣਾਂ ਵਧਾਈਆਂ ਜਾਣ, ਤਾਂ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਤੋਂ ਜਾਣ ਵਾਲੀ ਆਵਾਜਾਈ ਘੱਟ ਸਕਦੀ ਹੈ। ਇਸ ਨਾਲ ਪ੍ਰਦੂਸ਼ਣ ਅਤੇ ਸੜਕ ਹਾਦਸਿਆਂ ਵਿੱਚ ਵੀ ਕਮੀ ਆਵੇਗੀ। ਉਨ੍ਹਾਂ ਦੇ ਇਸ ਸੁਝਾਅ ਦਾ ਹਾਜ਼ਰੀਨ ਵੱਲੋਂ ਤਾਲੀਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ।

ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਗਿੱਧੇ ਅਤੇ ਭੰਗੜੇ ਨੇ ਸਮਾਗਮ ਵਿੱਚ ਰੌਣਕ ਲਗਾ ਦਿੱਤੀ। ਸਰਦਾਰ ਜੋਗਾ ਸਿੰਘ ਨੇ ਐਲਾਨ ਕੀਤਾ ਕਿ ਹਰ ਸਾਲ ਫਰਵਰੀ ਦੇ ਆਖ਼ਰੀ ਸ਼ਨੀਵਾਰ ਨੂੰ ਐਲੂਮੀਨੀ ਮੀਟਿੰਗ ਹੋਵੇਗੀ ਅਤੇ ਅਗਲੇ ਸਾਲ ਲਈ 27 ਫਰਵਰੀ 2027 ਦੀ ਤਾਰੀਖ ਮਿੱਥੀ ਗਈ। ਅਖੀਰ ਵਿੱਚ ਹੋਸਟਲ ਨੰਬਰ 3 ਵਿਖੇ ਸਾਂਝੇ ਦੁਪਹਿਰ ਦੇ ਭੋਜਨ ਤੋਂ ਬਾਅਦ ਸਾਰੇ ਪੁਰਾਤਨ ਵਿਦਿਆਰਥੀ ਭਾਵੁਕ ਮਨਾਂ ਨਾਲ ਵਿਦਾ ਹੋਏ।

Screenshot

Leave a Reply

Your email address will not be published. Required fields are marked *