Mar 7, 2026

ਸਮੀਰਾ ਮੋਈਦੀਨ ( ਟੋਰਾਂਟੋ-ਅਧਾਰਿਤ ਪੱਤਰਕਾਰ )

ਸ਼ਨੀਵਾਰ ਨੂੰ, ਇੱਕ ਰਿਪੋਰਟ ਦੁਨੀਆ ਭਰ ਵਿੱਚ ਗੂੰਜ ਉੱਠੀ ਕਿ  ਇਸਲਾਮੀ ਗਣਰਾਜ ਈਰਾਨ ਦੇ ਸੁਪਰੀਮ ਲੀਡਰ ( ਖਲੀਫਾ )  ਅਲੀ ਖਮੇਨੀ, ਇਜ਼ਰਾਈਲੀ ਅਤੇ ਅਮਰੀਕੀ ਮਿਜ਼ਾਈਲ ਹਮਲਿਆਂ ਵਿੱਚ ਮਾਰੇ ਗਏ ਹਨ।

ਖਮੇਨੀ ਦੀ ਮੌਤ ਦੀ ਘੋਸ਼ਣਾ ਨਾਲ ਨਾ ਸਿਰਫ਼ ਇਰਾਨੀ ਲੋਕ ਮਾਤਮ ਲਈ ਘਰਾਂ ਤੋ ਬਾਹਰ ਨਿਕਲੇ ਬਲਕਿ ਖਮੇਨੀ ਸਾਮਰਾਜ ਦਾ ਵਿਰੋਧ ਕਰਨ ਵਾਲੇ ਲੋਕ ਜਿਹਨਾਂ ਵਿਚ ਕੈਨੇਡਾ ਸਮੇਤ ਵਿਦੇਸ਼ਾਂ ਵਿਚ ਭੱਜਕੇ ਗਏ ਈਰਾਨੀ ਲੋਕ ਵੀ ਸ਼ਾਮਿਲ ਹਨ, ਵਿਚ ਖੁਸ਼ੀ ਦੀ ਲਹਿਰ ਵੀ ਦੌੜ ਗਈ। ਇਹਨਾਂ ਵਿੱਚੋਂ ਬਹੁਤਿਆਂ ਲਈ, ਇਹ ਗੁੰਝਲਦਾਰ ਸੋਗ ਦਾ ਸਮਾਂ ਨਹੀਂ ਹੈ। ਆਇਤੁੱਲਾ ਖਮੇਨੀ ਨੇ ਇੱਕ ਕੱਟੜ ਤਾਨਾਸ਼ਾਹੀ ਰਾਜ ਦੀ ਲੰਬਾ ਸਮਾਂ ਅਗਵਾਈ ਕੀਤੀ ਹੈ।

ਪਰ ਇੱਕ ਜ਼ਾਲਮ ਤਾਨਾਸ਼ਾਹ  ਰਾਜ ਦੇ ਖਾਤਮੇ ਦੀ ਖੁਸ਼ੀ ਈਰਾਨ ‘ਤੇ ਲਗਾਤਾਰ ਅਮਰੀਕੀ-ਇਜਰਾਈਲੀ ਹਵਾਈ ਹਮਲਿਆਂ ਕਾਰਣ ਹੌਲੀ ਹੌਲੀ ਮਰ ਰਹੀ ਹੈ। ਇਸ ਤੋਂ ਇਲਾਵਾ, ਵਿਦੇਸ਼ੀ ਹੱਥਾਂ ਦੁਆਰਾ ਉਸਦਾ ਖਾਤਮਾ ਉਸਦੀ ਵਿਰਾਸਤ ਨੂੰ ਮੁੜ ਸਾਹ ਦੇਣ ਦੀ ਆਹਰ ਵਿਚ ਹੈ। ਅਮਰੀਕਾ- ਇਜ਼ਰਾਈਲੀ ਹਮਲਿਆਂ ਕਾਰਣ ਮਾਰਿਆ ਗਿਆ ਆਇਤੁੱਲਾ ਹੁਣ ਇਕ ਸ਼ਹੀਦ ਬਣ ਗਿਆ ਹੈ ਤੇ  ਇਸਲਾਮੀ ਗਣਰਾਜ ਵਿੱਚ, ਸ਼ਹਾਦਤ ਕਿਸੇ ਦੇ ਜਿੰਦਾ ਰਹਿਣ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੋ ਸਕਦੀ ਹੈ।

ਇਸ ਹਾਲਾਤ ਵਿਚ ਦੁੱਖ ਹੈ – ਉਸ ਆਦਮੀ ਲਈ ਨਹੀਂ, ਸਗੋਂ ਉਸ ਨਿਆਂ ਅਤੇ ਜਵਾਬਦੇਹੀ ਲਈ ਜੋ ਕਦੇ ਨਹੀਂ ਆਈ। ਇਤਿਹਾਸ ਦਮਨ ਤੇ ਤਾਨਾਸ਼ਾਹ ਦੇ ਕਾਰਿਆਂ  ਨੂੰ ਦਰਜ ਕਰ ਸਕਦਾ ਹੈ, ਪਰ ਇਤਿਹਾਸ ਕੋਈ ਅਦਾਲਤ ਨਹੀਂ ਹੈ। ਉਹ ਮਾਵਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਆਪਣੀ ਝੋਲੀ ਪਾਇਆ ਤੇ ਦਫ਼ਨਾਇਆ, ਉਹ ਕੈਦੀ ਜਿਨ੍ਹਾਂ ਨੇ ਈਰਾਨ ਦੀਆਂ ਜੇਲਾਂ ਵਿਚ ਕਈ   ਸਾਲ ਗੁਆ ਦਿੱਤੇ, ਉਹ ਪੱਤਰਕਾਰ ਜੋ  ਜਲਾਵਤਨੀ ਲਈ ਮਜਬੂਰ ਹਨ – ਉਹ ਇਜ਼ਰਾਈਲ ਅਤੇ ਅਮਰੀਕਾ ਦੇ ਭਾਰੀ ਬੰਬਾਂ ਨਾਲੋਂ ਇਨਸਾਫ ਦੇ ਵੱਧ ਹੱਕਦਾਰ ਹਨ ।

ਜਿਵੇਂ ਕਿ ਇਤਿਹਾਸ ਵਿਚ ਕਈ ਉਦਾਹਰਣਾਂ ਮੌਜੂਦ ਹਨ, ਇੱਕ ਮੂਰਖ ਨੂੰ ਗੱਦੀ ਤੋਂ ਹਟਾਉਣ ਨਾਲ ਸੰਸਥਾਵਾਂ ਭੰਗ ਜਾਂ ਖਤਮ ਨਹੀਂ ਹੋ ਜਾਂਦੀਆਂ। ਈਰਾਨ ਦੇ ਸੁਪਰੀਮ ਲੀਡਰ ਵਜੋਂ, ਆਇਤੁੱਲਾ ਖਮੇਨੀ ਨੇ ਇੱਕ ਅਜਿਹੀ ਪ੍ਰਣਾਲੀ ਦੀ ਪ੍ਰਧਾਨਗੀ ਕੀਤੀ ਜਿਸਨੇ ਵਿਰੋਧ ਦੇ ਹਰ ਸੰਕੇਤ ਨੂੰ ਕੁਚਲ ਦਿੱਤਾ ਤੇ ਆਪਣੀ ਪਕੜ ਮਜ਼ਬੂਤ ​​ਕੀਤੀ। ਸਿਸਟਮ ਵਿਚ ਸੁਧਾਰ ਦੀਆਂ ਮੰਗਾਂ ਕਰਦੇ ਲੋਕਾਂ ਨੂੰ  ਡੰਡਿਆਂ ਅਤੇ ਗੋਲੀਆਂ ਨਾਲ ਜਵਾਬ ਦਿੱਤਾ। ਉਸਨੇ ਔਰਤਾਂ ਦੀ ਆਜਾਦੀ ਦੀ  ਲੜਾਈ ਨੂੰ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਦੀ ਬਜਾਏ ਆਪਣੀ ਤਾਨਾਸ਼ਾਹੀ ਦੀ ਹੋਂਦ ਨੂੰ ਖ਼ਤਰੇ ਵਜੋਂ ਮੰਨਿਆ। ਉਹ ਧਰਮਸ਼ਾਸਤਰ ਦਾ ਇਕ ਅਜਿਹਾ ਬੇਰਹਿਮ ਰੂਪ ਤੇ ਇੱਕ ਅਜਿਹੇ ਰਾਜ ਦਾ ਸਦੀਵੀ “ਸਰਪ੍ਰਸਤ” ਸੀ ਜੋ ਕਿਸੇ ਵੀ ਅਸਹਿਮਤੀ ਨੂੰ ਬਰਦਾਸ਼ਤ ਨਹੀਂ ਕਰਦਾ ਸੀ।

ਪਰ ਇਸਲਾਮੀ ਗਣਰਾਜ ਇਕੱਲੇ ਇੱਕ ਆਦਮੀ ‘ਤੇ ਨਹੀਂ ਬਣਿਆ ਹੈ। ਇਹ ਮੁੱਲਾ-ਮੌਲਾਣਿਆਂ ਦੇ ਵਸੀਹ ਅਧਿਕਾਰਾਂ, ਫੌਜੀ ਸ਼ਕਤੀ ਅਤੇ ਆਰਥਿਕ ਸਰਪ੍ਰਸਤੀ ਦੇ ਨੈੱਟਵਰਕਾਂ ‘ਤੇ ਬਣਿਆ ਹੈ। ਇਹ ਸਾਰਾ ਨੈਟਵਰਕ ਤੇ ਸੰਸਥਾਵਾਂ ਹੁਣ ਵੀ ਮੌਜੂਦ ਹਨ ਤੇ ਆਪਣੇ ਢੰਗ ਨਾਲ ਕੰਮ ਕਰ ਰਹੇ ਹਨ। ਖਮੇਨੀ ਦੇ ਬਾਦ ਉੱਤਰਾਧਿਕਾਰੀ ਲਈ ਸੰਘਰਸ਼ ਬੰਦ ਦਰਵਾਜ਼ਿਆਂ ਦੇ ਪਿੱਛੇ ਫੈਲ ਸਕਦਾ ਹੈ, ਪਰ ਜਨਤਕ ਤੌਰ ‘ਤੇ ਪ੍ਰਣਾਲੀ ਵਿੱਚ ਏਕਤਾ ਅਤੇ ਸੰਕਲਪ ਨੂੰ ਪੇਸ਼ ਕਰਨ ਲਈ ਇਕ ਪ੍ਰਬੰਧ ਮੌਜੂਦ ਹੈ।

ਇਸਲਾਮੀ ਗਣਰਾਜ ਲੰਬੇ ਸਮੇਂ ਤੋਂ ਆਪਣੀ ਜਾਇਜ਼ਤਾ ਨੂੰ ਵਿਰੋਧ ਦੀ ਭਾਸ਼ਾ ਵਿੱਚ ਕਾਇਮ ਰੱਖਦਾ ਆ ਰਿਹਾ ਹੈ। 1979 ਤੋਂ, ਇਸ ਰਾਜ ਨੇ ਆਪਣੇ ਆਪ ਨੂੰ ਪੱਛਮੀ ਦਖਲਅੰਦਾਜ਼ੀ ਅਤੇ ਇਜ਼ਰਾਈਲੀ ਦੁਸ਼ਮਣੀ ਦੇ ਵਿਰੁੱਧ ਖੜ੍ਹਾ ਦਰਸਾਇਆ ਹੈ। ਇਹ ਬਿਰਤਾਂਤ, ਕਈ ਵਾਰ, ਜਵਾਬਦੇਹੀ ਅਤੇ ਸੁਧਾਰ ਦੀ ਮੰਗ ਕਰਨ ਵਾਲੇ ਈਰਾਨੀਆਂ ਲਈ ਖੋਖਲਾ ਤੇ ਪਛਾੜਦਾ ਆਇਆ ਹੈ। ਪਰ ਦੇਸ਼ ਦੇ ਸਰਵਉੱਚ ਆਗੂ ‘ਤੇ ਸਿੱਧਾ ਹਮਲਾ ਈਰਾਨ ਦੇ ਸ਼ਾਸਕਾਂ ਦੇ ਇਸ ਬਿਰਤਾਂਤ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਕਿ ਸਮੁੱਚਾ ਈਰਾਨ ਦੁਸ਼ਮਣਾ ਵਿਚ ਘਿਰਿਆ ਪਿਆ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਚੇਤਾਵਨੀਆਂ ਦਿੰਦਿਆਂ ਕਿਹਾ ਕਿ ਈਰਾਨ ਵਿਚ “ਹਰ ਥਾਂ ਬੰਬ ਡਿੱਗਣਗੇ। ਜਦੋਂ ਤੱਕ ਅਸੀਂ ਆਪਣਾ ਕੰਮ ਖਤਮ ਕਰਦੇ ਹਾਂ, ਤੁਸੀਂ ਲੋਕ ਆਪਣੀ ਸਰਕਾਰ ਖੁਦ ਸੰਭਾਲੋ। ਇਹ ਈਰਾਨੀ ਲੋਕਾਂ ਲਈ ਇਕ ਮੌਕਾ ਹੋਵੇਗਾ; ਇਹ ਸ਼ਾਇਦ ਪੀੜ੍ਹੀਆਂ ਲਈ ਤੁਹਾਡਾ ਇੱਕੋ ਇੱਕ ਮੌਕਾ ਹੋਵੇਗਾ।” ਹਾਲਾਂਕਿ ਟਰੰਪ ਦੇ ਬਿਆਨ ਨੂੰ ਤਿੰਨ ਦਿਨ ਬੀਤ ਚੁੱਕੇ ਹਨ ਅਤੇ ਈਰਾਨ ਵਿਚ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਇਆ ਹੈ ਅਤੇ ਤਾਨਾਸ਼ਾਹੀ ਦੇ ਵਿਰੋਧੀਆਂ ਨੇ ਕੋਈ ਕਬਜ਼ਾ ਨਹੀਂ ਕੀਤਾ ਹੈ। ਸਮਝਿਆ ਜਾ ਸਕਦਾ ਹੈ ਕਿ ਈਰਾਨੀ ਆਪਣੀ ਕਿਸਮਤ ਨੂੰ ਕਿਵੇਂ ਆਕਾਰ ਦੇ ਸਕਦੇ ਹਨ, ਜਦੋਂ ਉਹ 2,000 ਪੌਂਡ ਦੇ ਬੰਬਾਂ ਦੇ ਵਿਚਾਲੇ ਖੁਦ ਤੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਦੌੜ ਰਹੇ ਹਨ ?

ਰਾਸ਼ਟਰਪਤੀ ਟਰੰਪ ਵਲੋਂ ਕਾਰਵਾਈ ਲਈ ਸਪੱਸ਼ਟ ਸੱਦੇ ਦੇ ਉਲਟ, ਪਿਛਲੇ ਕੁਝ ਸਾਲਾਂ ਤੋਂ ਈਰਾਨ ਦਾ ਅੰਦਰੂਨੀ ਵਿਰੋਧ ਬਹੁਤ ਹੀ ਕੁਦਰਤੀ ਰਿਹਾ ਹੈ। ਔਰਤ ਹੱਕਾਂ  ਲਈ ਲੜਨ ਵਾਲੀ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ, ਔਰਤਾਂ ਅਤੇ ਨੌਜਵਾਨਾਂ ਨੇ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਜਿਨ੍ਹਾਂ ਨੇ ਮੌਲਾਣਿਆਂ  ਦੇ ਸ਼ਾਸਨ ਦੀ ਨੈਤਿਕ ਅਤੇ ਰਾਜਨੀਤਿਕ ਨੀਂਹ ਨੂੰ ਚੁਣੌਤੀ ਦਿੱਤੀ। ਮਜ਼ਦੂਰਾਂ ਦੀਆਂ ਹੜਤਾਲਾਂ ਅਤੇ ਵਿਦਿਆਰਥੀ ਪ੍ਰਦਰਸ਼ਨਾਂ ਨੇ ਆਰਥਿਕ ਅਸਾਵੇਂਪਣ ਅਤੇ ਨੌਜਵਾਨ ਪੀੜੀ ਵਿਚ ਘੋਰ ਨਿਰਾਸ਼ਾ ਦਾ ਸੰਕੇਤ ਦਿੱਤਾ। ਈਰਾਨੀ ਲੋਕਾਂ ਦੇ ਇਨ੍ਹਾਂ ਅੰਦੋਲਨਾਂ ਨੂੰ ਤਹਿਰਾਨ ਲਈ ਸਿਰਫ਼ ਵਿਦੇਸ਼ੀ ਸਾਜ਼ਿਸ਼ਾਂ ਵਜੋਂ ਖਾਰਜ ਕਰਨਾ ਕਾਫੀ ਨਹੀ ਸੀ।

ਪਰ ਹੁਣ ਤਾਜਾ ਮਾਹੌਲ  ਵਿੱਚ, ਰਾਸ਼ਟਰਵਾਦ ਦੀਆਂ ਭਾਵਨਾਵਾਂ ਤਾਨਾਸ਼ਾਹੀ ਖਿਲਾਫ ਵਿਰੋਧ ਨੂੰ ਗ੍ਰਹਿਣ ਕਰ ਸਕਦੀਆਂ ਹਨ। ਅਮਰੀਕਾ ਤੇ ਇਜ਼ਰਾਈਲ ਦਾ  ਇਹ ਹਮਲਾ ਸ਼ਾਸਨ ਨੂੰ ਲੋਕ ਇਨਕਲਾਬ ਨੂੰ ਬਾਹਰੀ ਤਾਕਤਾਂ ਦੁਆਰਾ ਚਲਾਈ ਗਈ ਇੱਕ ਮੁਹਿੰਮ ਵਜੋਂ ਖਾਰਜ ਕਰਨ ਦਾ ਵੱਡਾ ਬਹਾਨਾ ਪ੍ਰਦਾਨ ਕਰਦਾ ਹੈ।

ਕੈਨੇਡਾ ਲਈ, ਜੋ ਕਿ ਵੱਡੀ ਗਿਣਤੀ ਵਿਚ ਈਰਾਨੀ ਪ੍ਰਵਾਸੀਆਂ ਦਾ ਘਰ ਹੈ, ਲਈ ਇਹ ਹਮਲਾ ਦੁਬਿਧਾ ਵਾਲਾ ਹੈ। ਈਰਾਨੀ ਪਰਿਵਾਰ ਦਮਨਕਾਰੀ ਯੁੱਗ ਦੇ ਅੰਤ ਅਤੇ ਰਾਹਤ ਵਿਚਾਲੇ ਆਮ ਈਰਾਨੀਆਂ ਨੂੰ ਮਾਰਨ ਵਾਲੇ ਬੰਬਾਂ ਦੇ ਡਰ ਵਿਚਕਾਰ ਵੰਡੇ ਹੋਏ ਹਨ। ਇਹ ਹਮਲਾ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਈਰਾਨੀ ਲੋਕਾਂ ਲਈ ਝਟਕਾ ਹੈ ਤੇ ਉਹਨਾਂ ਤਾਕਤਾਂ ਨੂੰ ਹਵਾ ਦੇਣ ਵਾਲਾ ਹੈ ਜੋ ਖਮੇਨੀ ਨੂੰ ਸ਼ਹੀਦ ਵਜੋਂ ਪੇਸ਼ ਕਰ ਰਹੇ ਹਨ। ਇਹ ਸ਼ਾਇਦ ਤਾਨਾਸ਼ਾਹੀ ਸਿਸਟਮ ਨੂੰ ਖਤਮ ਕਰਨ ਅਤੇ ਬਦਲ ਵਜੋਂ ਪੇਸ਼ ਕੀਤਾ ਗਿਆ ਹੱਲ ਨਹੀਂ ਹੈ।

ਰਾਸ਼ਟਰਪਤੀ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਈਰਾਨ ਵਿੱਚ ਜੰਗ ਚਾਰ ਤੋਂ ਪੰਜ ਹਫ਼ਤੇ ਚੱਲ ਸਕਦੀ ਹੈ। ਪਰ ਸੁਰੱਖਿਆ ਲਈ ਭੱਜ ਰਹੇ ਲੋਕਾਂ ਕੋਲ ਆਪਣਾ ਭਵਿੱਖ ਬਚਾਉਣ ਦੀ ਸਮਰੱਥਾ ਨਹੀਂ ਹੈ। ਆਓ ਇਸ ਪਲ ਨੂੰ ਆਜ਼ਾਦੀ ਨਾ ਸਮਝੀਏ। ਈਰਾਨੀਆਂ ਨੇ ਇਸ ਜੰਗ ਦੀ ਮੰਗ ਨਹੀਂ ਕੀਤੀ ਜੋ ਉਨ੍ਹਾਂ ਦੇ ਗਲ ਪੈ ਗਈ ਲੱਗਦੀ ਹੈ । ਅੱਗੇ ਜੋ ਹੋਵੇਗਾ ਉਹ ਬੰਬਾਂ ਰਾਹੀਂ ਨਹੀਂ ਦਿੱਤਾ ਜਾ ਸਕਦਾ। ਆਜ਼ਾਦੀ ਕਦੇ ਸਾਇਰਨ ਵਾਂਗ ਨਹੀਂ ਵੱਜਦੀ।

(ਧੰਨਵਾਦ ਸਹਿਤ- ਦਾ ਗਲੋਬ ਐਂਡ ਮੇਲ)

Leave a Reply

Your email address will not be published. Required fields are marked *