ਪਿੰਡ ਮਾਧੋਪੁਰ ਵਿਖੇ ਪੁਰਖਿਆਂ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ-
ਨੂਰਪੁਰ ਬੇਦੀ- ਪ੍ਰਵਾਸੀ ਪੰਜਾਬੀ ਤੇ ਪ੍ਰਸਿੱਧ ਲੋਕ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਨੇ ਕੌਮਾਂਤਰੀ ਪੱਧਰ ਤੇ ਪੰਜਾਬੀਅਤ ਦਾ ਵੱਡਾ ਮਾਣ ਵਧਾਇਆ ਹੈ। ਇਹ ਪ੍ਰਗਟਾਵਾ ਉਘੇ ਪੰਜਾਬੀ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਨੇ ਪਿੰਡ ਮਾਧੋਪੁਰ ਵਿਖੇ ਇਕ ਸਮਾਗਮ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ ਸ ਮਾਧੋਪੁਰੀ ਉਘੇ ਲੋਕ ਗਾਇਕ ਤੇ ਲੇਖਕ ਹੋਣ ਦੇ ਨਾਲ ਸਾਲ 1990 ਵਿਚ ਕੈਨੇਡਾ ਵਿਚ ਇੰਡੋ ਕੈਨੇਡੀਅਨ ਟਾਈਮਜ਼ ਦੇ ਸੰਪਾਦਕ ਸ ਤਾਰਾ ਸਿੰਘ ਹੇਅਰ ਉਪਰ ਕਾਤਲਾਨਾ ਹਮਲੇ ਦੌਰਾਨ ਹਮਲਾਵਰ ਨੂੰ ਰੋਕਣ ਅਤੇ ਗ੍ਰਿਫਤਾਰ ਕਰਵਾਉਣ ਵਿਚ ਵਿਖਾਈ ਗਈ ਬਹਾਦਰੀ ਲਈ ਕੈਨੇਡਾ ਸਰਕਾਰ ਤੋਂ ਸਰਬੋਤਮ ਸਨਮਾਨ ਪ੍ਰਾਪਤ ਕਰਨ ਵਾਲੇ ਇਕੋ ਇਕ ਕੈਨੇਡੀਅਨ ਪੰਜਾਬੀ ਹਨ। ਬੀਤੇ ਦਿਨੀਂ ਉਹਨਾਂ ਨੇ ਆਪਣੇ ਜੱਦੀ ਪਿੰਡ ਮਾਧੋਪੁਰ ਨੇੜੇ ਨੂਰਪੁਰ ਬੇਦੀ ਵਿਖੇ ਆਪਣੇ ਪੁਰਖਿਆਂ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਕਰਵਾਇਆ। ਜਿਸ ਵਿਚ ਦੇਸ਼ ਵਿਦੇਸ਼ ਦੀਆਂ ਉਘੀਆਂ ਹਸਤੀਆਂ ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਨੇ ਕਿਹਾ ਕਿ ਪਰਵਾਸੀ ਗਾਇਕ ਮਾਧੋਪੁਰੀ ਨੇ ਆਪਣੀ ਕਾਬਲੀਅਤ ਨਾਲ ਜੋ ਕੌਮਾਂਤਰੀ ਪੱਧਰ ਤੇ ਮੁਕਾਮ ਹਾਸਲ ਕੀਤਾ ਹੈ, ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਇਸ ਮੌਕੇ ਸ ਸੁਰਜੀਤ ਸਿੰਘ ਮਾਧੋਪੁਰੀ ਨੇ ਕਿਹਾ ਕਿ ਭਾਵੇਂ ਕਿ ਮੈਂ ਤਮਾਮ ਜਿ਼ੰਦਗੀ ਵੱਖ ਵੱਖ ਖੇਤਰਾਂ ਵਿਚ ਵਿਚਰਦਿਆਂ ਪ੍ਰਸਿਧੀ ਤੇ ਕਾਮਯਾਬੀ ਹਾਸਲ ਕੀਤੀ ਹੈ ਉਥੇ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਮੈਂ ਆਪਣੇ ਵਤਨ ਦੀ ਮਿੱਟੀ ਨਾਲ ਜੁੜਿਆ ਰਹਾਂ ਅਤੇ ਉਹਨਾਂ ਲੋਕਾਂ ਦੀ ਮਦਦ ਕਰ ਸਕਾਂ ਜੋ ਗਰੀਬੀ ਅਤੇ ਤੰਗੀ ਤੁਰਸ਼ੀ ਵਿਚ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ। ਉਹਨਾਂ ਹੋਰ ਕਿਹਾ ਕਿ ਉਹ ਜੋ ਵੀ ਅੱਜ ਤੱਕ ਆਪਣੇ ਪਿੰਡ ਜਾਂ ਲੋਕਾਂ ਲਈ ਕਰ ਸਕੇ ਹਨ, ਉਹ ਸਭ ਵਾਹਿਗੁਰੂ ਦੀ ਬਖਸ਼ਿਸ਼ ਹੈ।
ਇਸ ਮੌਕੇ ਪੰਥ ਦੇ ਉਘੇ ਢਾਡੀ ਗਿਆਨੀ ਜਵਾਲਾ ਸਿੰਘ ਪਤੰਗਾ ਨੇ ਸ ਮਾਧੋਪੁਰੀ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਗਾਇਕ ਰਾਜ ਤਿਵਾੜੀ ਅਤੇ ਬਿੱਟੂ ਖੰਨੇਵਾਲਾ ਨੇ ਵੀ ਧਾਰਮਿਕ ਗੀਤ ਗਾਕੇ ਹਾਜ਼ਰੀ ਲਗਵਾਈ। ਇਸਤੋਂ ਪਹਿਲਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਤਖਤ ਸ੍ਰੀ ਕੇਸਗੜ ਸਾਹਿਬ ਦੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਗਿਆ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਭੇਜਿਆ ਸ਼ੁਭਕਾਮਨਾਵਾਂ ਦਾ ਸੰਦੇਸ਼ ਵੀ ਪੜਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ ਆਰ ਆਈ ਕਮਿਸ਼ਨਰ ਸੁਖਜਿੰਦਰ ਸਿੰਘ ਸੰਧੂ, ਲੇਖਕ ਸ਼ਮਸ਼ੇਰ ਸਿੰਘ ਡੂਮੇਵਾਲ, ਗਿਆਨ ਸਿੰਘ ਮਾਨ, ਗੁਰਪ੍ਰਤਾਪ ਸਿੰਘ ਗਿੱਲ, ਲਖਮੇਰ ਸਿੰਘ ਕੁਲਾਰ ਕੈਨੇਡਾ, ਦਰਸ਼ਨ ਸਿੰਘ ਥਿੰਦ, ਲੋਕ ਗਾਇਕ ਰਾਜ ਤਿਵਾੜੀ, ਟਿੱਕਾ ਸਿੰਘ, ਸੋਹਣ ਸਿੰਘ ਫੁਕਾਪੁਰ, ਦੀਪੀ ਅਟਵਾਲ, ਸੁਖਵਿੰਦਰ ਸਿੰਘ ਬਿੱਲਾ ਤੇ ਹਰਭਲਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।



