ਪਿਛਲੇ 25 ਸਾਲਾਂ ਤੋਂ ਮੀਡੀਆ ਖੇਤਰ ਵਿੱਚ ਸਰਗਰਮ ਭੂਮਿਕਾ ਬਦਲੇ ਮਿਲਿਆ ਐਵਾਰਡ–
ਗਲਾਸਗੋ ( ਜੱਗੀ ਕੁੱਸਾ ) -ਗਲਾਸਗੋ ਦੇ ਡਬਲਟਰੀ ਹਿਲਟਨ ਹੋਟਲ ਵਿਖੇ ਆਯੋਜਿਤ ਸਾਊਥ ਏਸ਼ੀਅਨ ਨੈੱਟਵਰਕ ਐਵਾਰਡ ਸਮਾਰੋਹ ਦੌਰਾਨ ਪੱਤਰਕਾਰ ਤੇ ਟੀਵੀ ਜਰਨਲਿਸਟ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਭਾਈਚਾਰੇ ਦੀ ਮੀਡੀਆ ਰਾਹੀਂ ਕੀਤੀ ਸੇਵਾ ਬਦਲੇ ਐਵਾਰਡ ਨਾਲ ਨਿਵਾਜਿਆ ਗਿਆ। ਜਿਕਰਯੋਗ ਹੈ ਕਿ ਇਸ ਸਮਾਰੋਹ ਦਾ ਹਿੱਸਾ ਬਣਨ ਤੋਂ ਪਹਿਲਾਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ ਤੇ ਬਾਅਦ ਵਿੱਚ ਫਾਈਨਲ ਵਿੱਚ ਪਹੁੰਚੇ ਪ੍ਰਤੀਯੋਗੀਆਂ ਲਈ ਆਨਲਾਈਨ ਵੋਟਿੰਗ ਹੋਈ। ਇਸ ਉਪਰੰਤ ਹੀ ਉਕਤ ਐਵਾਰਡ ਹਾਸਲ ਹੋਣ ਤੱਕ ਪਹੁੰਚਿਆ ਗਿਆ।
ਮੀਡੀਆ ਖੇਤਰ ਵਿੱਚ ਪਿਛਲੇ 25 ਸਾਲ ਤੋਂ ਨਿਰੰਤਰ ਸਰਗਰਮੀ ਨਾਲ ਸੇਵਾਵਾਂ ਦੇਣ ਬਦਲੇ ਸਕਾਟਲੈਂਡ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਪਹਿਲੇ ਅਖ਼ਬਾਰ “ਪੰਜ ਦਰਿਆ” ਦੇ ਮੁੱਖ ਸੰਪਾਦਕ ਤੇ ਟੀਵੀ ਜਰਨਲਿਸਟ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਐਵਾਰਡ ਪ੍ਰਦਾਨ ਕੀਤਾ ਗਿਆ। ਜਿਕਰਯੋਗ ਹੈ ਕਿ ਮਨਦੀਪ ਖੁਰਮੀ ਹਿੰਮਤਪੁਰਾ ਨੇ ਸੰਨ 2000 ਵਿੱਚ ਆਪਣੇ ਪੱਤਰਕਾਰੀ ਦੇ ਸਫ਼ਰ ਦੀ ਸ਼ੁਰੂਆਤ ਪੱਤਰਕਾਰੀ ਦੀ ਨਰਸਰੀ ਵਜੋਂ ਜਾਣੇ ਜਾਂਦੇ “ਰੋਜ਼ਾਨਾ ਨਵਾਂ ਜ਼ਮਾਨਾ” ਅਖ਼ਬਾਰ ਤੋਂ ਕੀਤੀ ਸੀ। ਇਸ ਉਪਰੰਤ ਉਹਨਾਂ ਹਲਕਾ ਨਿਹਾਲ ਸਿੰਘ ਵਾਲਾ ਤੋਂ “ਰੋਜ਼ਾਨਾ ਅਜੀਤ” ਅਤੇ ਨਿਊਜ ਟਾਈਮ ਟੀਵੀ ਚੈਨਲ ਲਈ ਬਤੌਰ ਕੈਮਰਾਮੈਨ ਸੇਵਾਵਾਂ ਦਿੱਤੀਆਂ। ਉਹ 2008 ‘ਚ ਬਰਤਾਨੀਆ ਆਣ ਵੱਸੇ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ “ਰੋਜ਼ਾਨਾ ਜਗਬਾਣੀ” ਲਈ ਸੇਵਾਵਾਂ ਦੇ ਰਹੇ ਹਨ। ਇੰਗਲੈਂਡ ਤੋਂ ਸਕਾਟਲੈਂਡ ਵਸਣ ਉਪਰੰਤ ਉਹਨਾਂ ਪੀਟੀਸੀ ਪੰਜਾਬੀ ਚੈਨਲ ਲਈ ਬਤੌਰ ਵਿਸ਼ੇਸ਼ ਸੰਵਾਦਦਾਤਾ ਸਫ਼ਰ ਸ਼ੁਰੂ ਕੀਤਾ ਤੇ ਨਾਲ ਹੀ ਸਕਾਟਲੈਂਡ ਦੇ ਹੁਣ ਤੱਕ ਦੇ ਪਹਿਲੇ ਅਖ਼ਬਾਰ ਪੰਜ ਦਰਿਆ ਦੀ ਬਤੌਰ ਮੁੱਖ ਸੰਪਾਦਕ ਵਾਗਡੋਰ ਸੰਭਾਲੀ। ਕਾਲਮਨਵੀਸ ਵਜੋਂ ਲਿਖਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਇਹ ਮਾਣ ਹਾਸਲ ਹੈ ਕਿ ਉਹ ਵਿਸ਼ਵ ਭਰ ਵਿੱਚ ਛਪਦੇ ਹਰ ਪੰਜਾਬੀ ਅਖ਼ਬਾਰ ਵਿੱਚ ਘੱਟੋ ਘੱਟ ਇੱਕ ਵਾਰ ਜਰੂਰ ਆਪਣੀ ਲਿਖਤ ਨਾਲ ਹਾਜ਼ਰੀ ਲਗਵਾ ਚੁੱਕੇ ਹਨ। ਮਨਦੀਪ ਖੁਰਮੀ ਹਿੰਮਤਪੁਰਾ ਦੇ ਜਨੂੰਨ ਦਾ ਪ੍ਰਤੱਖ ਪ੍ਰਮਾਣ ਉਹਨਾਂ ਦੇ ਪਿੰਡ ਹਿੰਮਤਪੁਰਾ ਦੇ ਨਾਮ ‘ਤੇ ਬਣਾਈ “ਹਿੰਮਤਪੁਰਾ ਡੌਟ ਕੌਮ” ਵੈੱਬਸਾਈਟ ਸੀ, ਜਿਸਨੂੰ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਖਜ਼ਾਨੇ ਵਜੋਂ ਜਾਣਿਆ ਜਾਂਦਾ ਸੀ। ਇਸ ਨਿਸ਼ਕਾਮ ਘਾਲਣਾ ਨੂੰ ਮੱਦੇਨਜ਼ਰ ਰੱਖਦਿਆਂ ਉਹਨਾਂ ਨੂੰ ਉਕਤ ਐਵਾਰਡ ਭੇਂਟ ਕੀਤਾ ਗਿਆ।

