Mar 15, 2026

15 ਮਾਰਚ ਨੂੰ ਲੁਧਿਆਣਾ ਵਿਖੇ ਉਨ੍ਹਾਂ ਦੀ ਦੇਹ ਖੋਜ ਕਾਰਜਾਂ ਲਈ ਦਾਨ ਕੀਤਾ ਜਾਵੇਗੀ-

ਸਰੀ ਵਿਖੇ ਹੋਵੇਗੀ ਸ਼ੋਕ ਸਭਾ  15 ਮਾਰਚ ਨੂੰ ਦੁਪਹਿਰ 12 ਵਜੇ-

ਸਰੀ, 14 ਮਾਰਚ (ਹਰਦਮ ਮਾਨ)-ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕੈਨੇਡਾ ਦੇ ਸਰਪ੍ਰਸਤ ਬਾਈ ਅਵਤਾਰ ਕੱਲ੍ਹ ਸਾਡੇ ਤੋ ਸਦਾ ਲਈ ਵਿਛੜ ਗਏ ਹਨ। ਬਾਈ ਅਵਤਾਰ ਦਾ ਸਮੁੱਚਾ ਜੀਵਨ , ਬਰਾਬਰੀ ਅਤੇ ਨਿਆਂ ਅਧਾਰਤ ਸਮਾਜ ਦੀ ਸਿਰਜਣਾ ਲਈ ਲੋਕ ਸੰਘਰਸ਼ਾਂ ਦੇ ਲੇਖੇ ਲੱਗਿਆ। ਉਹ ਕਰੀਬ 1970 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਕੰਮ ਕਰਦੇ ਸਮੇਂ ਟੈਕਨੀਕਲ ਸਰਵਿਸ ਯੂਨੀਅਨ ਵਿੱਚ ਸਰਗਰਮ ਹੋਏ। ਉਨਾਂ ਲੁਧਿਆਣਾ ਸਰਕਲ ਵਿੱਚ ਲੜੀਆਂ ਲੋਕ ਲਹਿਰਾਂ ਵਿੱਚ ਅਹਿਮ ਯੋਗਦਾਨ ਪਾਇਆ।

ਨੱਬੇਵਿਆਂ ਵਿੱਚ ਕੈਨੇਡਾ ਆਉਣ ਤੇ ਉਹ ਵੈਨਕੂਵਰ-ਸਰੀ ਦੀ ਤਰਕਸ਼ੀਲ ਲਹਿਰ ਵਿੱਚ ਸ਼ਾਮਲ ਹੋਏ ਤੇ ਤਿੰਨ ਦਹਾਕਿਆਂ ਦੇ ਲੰਮੇਂ ਸਮੇਂ ਤੱਕ ਉਹ ਤਰਕਸ਼ੀਲ ਲਹਿਰ ਵਿੱਚ ਆਗੂ ਭੂਮਿਕਾ ਨਿਭਾਉਂਦੇ ਰਹੇ। ਉਨਾਂ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਨੂੰ ਕੈਨੇਡਾ ਵਿੱਚ ਕੌਮੀ ਪੱਧਰ ਤੇ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਪਿਛਲੇ ਕੁਝ ਸਮੇਂ ਤੋਂ ਉਹ ਆਪਣੇ ਪਰਿਵਾਰ ਨਾਲ ਜਗਰਾਓਂ ਨੇੜਲੇ ਪਿੰਡ ਗਏ ਸਨ ਅਤੇ ਜਿੱਥੇ ਉਨ੍ਹਾਂ ‘ਜੱਗ ਜਿਉਂਦਿਆਂ ਦੇ ਮੇਲੇ’ ਪ੍ਰੋਗਰਾਮ ਕਰਨਾ ਕੇ ਆਪਣੇ ਇਨਕਲਾਬੀ ਜਮਹੂਰੀ, ਤਰਕਸ਼ੀਲ ਲਹਿਰ ਦੋਰਾਨ ਰਹੇ ਸੰਗੀਆਂ ਸਾਥੀਆਂ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਮੇਲ ਮਿਲਾਪ ਕਰਨਾ ਸੀ। ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕੈਨੇਡਾ ਵਲੋਂ ਉਨ੍ਹਾਂ ਦੇ ਲਹਿਰ ਨੂੰ ਪਾਏ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਜਾਣਾ ਸੀ।

ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਬਲਦੇਵ ਰਹਿਪਾ ਅਨੁਸਾਰ ਬਾਈ ਅਵਤਾਰ ਅਤੇ ਉਨ੍ਹਾਂ ਦੇ ਪਰਵਾਰ ਵੱਲੋਂ 20 ਮਾਰਚ ਦੇ ਜਗਰਾਓਂ ਵਿਖੇ ਉਲੀਕੇ ਪਹਿਲੇ ਪ੍ਰੋਗਰਾਮ ਨੂੰ ਸ਼ਰਧਾਂਜਲੀ ਸਮਾਗਮ ਵਿੱਚ ਬਦਲ ਦਿੱਤਾ ਗਿਆ ਹੈ। ਤਰਕਸ਼ੀਲ ਸੁਸਾਇਟੀ ਬਾਈ ਅਵਤਾਰ ਦੀ ਸਮੁੱਚੀ ਜੀਵਨ ਘਾਲਣਾ ਦੇ ਜਸ਼ਨਾਂ ਵਿੱਚ ਸ਼ਾਮਲ ਹੋਏਗੀ।

ਬਾਈ ਅਵਤਾਰ ਦੀ ਇੱਛਾ ਅਨੁਸਾਰ ਉਨਾਂ ਦੀਆਂ ਅੰਤਮ ਰਸਮਾਂ ਸਮੇਂ ਕੋਈ ਧਾਰਮਿਕ ਰਹੁ ਰੀਤ ਨਾ ਕਰਦੇ ਹੋਏ ਉਨਾਂ ਦੀ ਦੇਹ ਨੂੰ ਕੱਲ੍ਹ 15 ਮਾਰਚ ਨੂੰ ਲੁਧਿਆਣਾ ਦੇ ਈ ਐਸ ਆਈ ਹਸਪਤਾਲ ਵਿੱਚ ਖੋਜ ਕਾਰਜਾਂ ਲਈ ਦਾਨ ਕੀਤਾ ਜਾਵੇਗਾ। ਇਸ ਸਮੇਂ ਉਨ੍ਹਾਂ ਦਾ ਪਰਿਵਾਰ, ਇਨਕਲਾਬੀ ਜਮਹੂਰੀ ਅਤੇ ਕੈਨੇਡਾ ਅਤੇ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਆਗੂ ਸ਼ਾਮਲ ਹੋਣਗੇ।

ਅਵਤਾਰ ਬਾਈ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਸਦਮਾ ਲੱਗਿਆ ਓਥੇ ਲੋਕ ਲਹਿਰਾਂ ਲਈ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ। ਤਰਕਸ਼ੀਲ ਸੁਸਾਇਟੀ ਕਨੇਡਾ ਦੀਆਂ ਸਮੂਹ ਇਕਾਈਆਂ, ਨੈਸ਼ਨਲ ਐਗਜੈਕਟਿਵ ਦੇ ਮੈਬਰਾਨ, ਅਹੁਦੇਦਾਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹਨ। ਮੀਡੀਆ ਸਕੱਤਰ ਸੁਰਿੰਦਰ ਚਾਹਲ ਨੇ ਦੱਸਿਆ ਹੈ ਕਿ ਤਰਕਸ਼ੀਲ ਸੁਸਾਇਟੀ ਦੇ ਐਬਟਸਫੋਰਡ ਅਤੇ ਸਰੀ ਦੇ ਯੂਨਿਟ ਰਲ ਕੇ ਬਾਈ ਅਵਤਾਰ ਦੀ ਯਾਦ ਵਿੱਚ ਸ਼ੋਕ ਸਭਾ ਕੱਲ੍ਹ 15 ਮਾਰਚ ਨੂੰ ਦੁਪਹਿਰ 12 ਵਜੇ ਸਰੀ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ (7536, 130 ਸਟਰੀਟ) ਸਰੀ ਵਿਖੇ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *