Headlines

ਈ ਦੀਵਾਨ ਸੁਸਾਇਟੀ ਵੱਲੋਂ ਗੁਰਪੁਰਬ ਨੂੰ ਸਮਰਪਿਤ ਕੌਮਾਂਤਰੀ ਕਵੀ ਕਰਵਾਇਆ

ਕੈਲਗਰੀ-ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ, 14 ਜਨਵਰੀ ਨੂੰ, ਆਪਣੇ ਹਫਤਾਵਾਰ ਸਮਾਗਮਾਂ ਵਿੱਚ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਆਗਮਨ ਪੁਰਬ ਨੂੰ ਸਮਰਪਿਤ, ਔਨਲਾਈਨ ਕੌਮਾਂਤਰੀ ਕਵੀ ਦਰਬਾਰ ਕਰਾਇਆ ਗਿਆ- ਜਿਸ ਵਿੱਚ ਦੇਸ਼ ਵਿਦੇਸ਼ ਤੋਂ 11 ਮਹਾਨ ਪੰਥਕ ਕਵੀ/ ਕਵਿੱਤਰੀਆਂ ਨੇ ਸ਼ਿਰਕਤ ਕੀਤੀ। ਜਿਹਨਾਂ ਨੇ- ਅੰਮ੍ਰਿਤ ਦੇ ਦਾਤੇ, ਸਰਬੰਸ ਦਾਨੀ, ਦਸ਼ਮੇਸ਼ ਪਿਤਾ ਦੀ ਲਾਸਾਨੀ ਸ਼ਖਸੀਅਤ ਤੇ ਉਹਨਾਂ ਦੇ ਜੀਵਨ ਦੀਆਂ ਅਹਿਮ ਘਟਨਾਵਾਂ ਤੇ ਗੀਤ ਤੇ ਕਵਿਤਾਵਾਂ ਸੁਣਾ ਕੇ, ਉਹਨਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ।

ਸਮਾਗਮ ਦੇ ਸ਼ੁਰੂ ਵਿੱਚ, ਸੰਸਥਾ ਦੇ ਸੰਸਥਾਪਕ ਤੇ ਸੰਚਾਲਕ- ਡਾ. ਬਲਰਾਜ ਸਿੰਘ ਜੀ ਦੂਰੋਂ ਨੇੜਿਉਂ ਪਹੁੰਚੇ, ਸਮੂਹ ਕਵੀ ਸਾਹਿਬਾਨ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ, ਸਭਾ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਟੋਰੰਟੋ ਵਾਲੇ ਬੱਚਿਆਂ ਨੂੰ ਸ਼ਬਦ ਪੜ੍ਹਨ ਲਈ ਬੇਨਤੀ ਕੀਤੀ। ਬੱਚੀਆਂ ਅਮਿਤੋਜ਼ ਕੌਰ ਤੇ ਅਨੁਰੀਤ ਕੌਰ ਨੇ, ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਸ਼ਬਦ ਸਰਵਣ ਕਰਾਇਆ। ਉਸ ਤੋਂ ਬਾਅਦ ਗੁਰਦੀਸ਼ ਕੌਰ ਗਰੇਵਾਲ ਨੇ, ਮੰਚ ਸੰਚਾਲਨ ਦੀ ਸੇਵਾ ਸੰਭਾਲੀ ਤੇ ਕਵੀਆਂ ਦੀ ਜਾਣ ਪਛਾਣ ਕਰਾਉਂਦਿਆਂ, ਵਾਰੋ ਵਾਰੀ ਸਭ ਨੂੰ ਮੰਚ ਤੇ ਸੱਦਾ ਦਿੱਤਾ। ਸਭ ਤੋਂ ਪਹਿਲਾਂ- ਟੋਰੰਟੋ ਤੋਂ ਆਏ, ਪਰਮਜੀਤ ਸਿੰਘ ਜੀ ਨੇ ਆਪਣੀਆਂ ਬੇਟੀਆਂ ਨਾਲ, ਗੁਰਦੀਸ਼ ਕੌਰ ਦਾ ਲਿਖਿਆ ਗੀਤ-‘ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ’ ਹਰਮੋਨੀਅਨ ਤੇ ਸੁਣਾ ਕੇ, ਸੰਗੀਤਮਈ ਮਹੌਲ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਲੁਧਿਆਣੇ ਤੋਂ ਪਹੁੰਚੇ ਗੀਤਕਾਰ ਤੇ ਗਾਇਕ ਪਰਮਿੰਦਰ ਸਿੰਘ ਅਲਬੇਲਾ ਨੇ- ‘ਕਲਗੀਧਰ ਜਿਹਾ ਪਰਉਪਕਾਰੀ, ਨਾ ਕੋਈ ਹੋਇਐ ਨਾ ਕੋਈ ਹੋਣਾ’, ਨੋਇਡਾ ਤੋਂ ਆਏ ਜਸਪ੍ਰੀਤ ਕੌਰ ਡੀ.ਈ.ਓ (ਰਿਟਾ.) ਨੇ- ‘ਉਸ ਨੀਲੇ ਘੋੜੇ ਵਾਲੇ ਦੀ, ਕੋਈ ਗੱਲ ਸੁਣਾਈ ਜਾਂਦੀ ਨਹੀਂ’, ਅਤੇ ਚੰਡੀਗੜ੍ਹ ਤੋਂ ਆਏ ਸਿਮਰਜੀਤ ਕੌਰ ਗਰੇਵਾਲ ਨੇ- ‘ਦਸ਼ਮੇਸ਼ ਪਿਤਾ ਮੈਂ ਤੇਰੇ ਬਾਰੇ ਲਿਖ ਸਕਾਂ, ਹਾਲੇ ਮੇਰੀ ਕਲਮ ਏਨੀ ਸਮਰੱਥ ਨਾ ਹੋਈ’ ਸੁਰੀਲੀ ਆਵਾਜ਼ ਵਿੱਚ ਗੀਤਾਂ ਨੂੰ ਸੁਣਾ ਕੇ, ਰੰਗ ਬੰਨ੍ਹ ਦਿੱਤਾ।
ਸਰੀ ਬੀ.ਸੀ. ਤੋਂ ਇੰਡੀਆ ਗਏ ਹੋਏ ਸਾਰੰਗੀ ਵਾਦਕ ਚਮਕੌਰ ਸਿੰਘ ਸੇਖੋਂ ਨੇ ਕਵੀਸ਼ਰੀ- ‘ਪੁੱਤਰਾਂ ਦੇ ਦਾਨੀ ਦੀ ਕੁਰਬਾਨੀ ਨੂੰ ਕਿਤੇ ਭੁੱਲ ਨਾ ਜਾਇਓ’, ਮਖੂ (ਫਿਰੋਜ਼ਪੁਰ) ਤੋਂ ਆਏ ਡਾ. ਸ਼ਤੀਸ਼ ਠੁਕਰਾਲ ਸੋਨੀ ਨੇ- ‘ਗਾਥਾ ਸੁਣ ਲਓ ਗੁਰੂ ਗੋਬਿੰਦ ਦੀ’ ਤਰੰਨਮ ਚ, ਲੁਧਿਆਣਾ ਤੋਂ ਗੁਰਵਿੰਦਰ ਸਿੰਘ ਸ਼ੇਰਗਿੱਲ ਨੇ- ‘ਧੰਨ ਧੰਨ ਗੁਰੂ ਕਲਗੀਆਂ ਵਾਲੜਿਆ’ ਗੀਤ ਅਤੇ ਯੂ.ਕੇ. ਤੋਂ ਆਈ ਮਨਜੀਤ ਕੌਰ ਪੱਡਾ ਨੇ- ‘ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ’ ਭਾਵਪੂਰਤ ਕਵਿਤਾ ਨਾਲ ਸਾਂਝ ਪਾਈ। ਉਸ ਤੋਂ ਬਾਅਦ ਜਗਬੀਰ ਸਿੰਘ ਨੇ ਹੋਸਟ ਕਰਦਿਆਂ ਪਹਿਲਾਂ ਗੁਰਦੀਸ਼ ਕੌਰ ਨੂੰ ਕਵਿਤਾ ਸੁਨਾਉਣ ਦੀ ਬੇਨਤੀ ਕੀਤੀ- ਜਿਸ ਤੇ ਉਹਨਾਂ ਨੇ ਆਪਣੀ ਕਵਿਤਾ ‘ਸਰਬੰਸ ਦਾਨੀ’ ਸਾਂਝੀ ਕੀਤੀ। ਟੋਰੰਟੋ ਤੋਂ ਆਏ ਪੰਥਕ ਸ਼ਾਇਰ- ਸੁਜਾਨ ਸਿੰਘ ਸੁਜਾਨ ਨੇ ਬਾਲ ਗੋਬਿੰਦ ਰਾਇ ਦੇ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਜਾਣ ਸਮੇਂ ਦਾ ਦ੍ਰਿਸ਼ ਵਰਨਣ ਕਰਦੀ ਰਚਨਾ, ਅਤੇ ਜਸਪਾਲ ਸਿੰਘ ਦੇਸੂਈ ਨੇ ਮਾਛੀਵਾੜੇ ਦੇ ਜੰਗਲ ਦਾ ਸੀਨ ਬਿਆਨ ਕਰਦਾ ਹੋਇਆ ਗੀਤ ਸਾਂਝਾ ਕੀਤਾ। ਸਿਆਟਲ ਤੋਂ ਆਏ ਨਾਮਵਰ ਸ਼ਾਇਰ ਅਵਤਾਰ ਸਿੰਘ ਆਦਮਪੁਰੀ ਨੇ- ਆਪਣੀ ਬੁਲੰਦ ਆਵਾਜ਼ ਰਾਹੀਂ, ਮਰਦ ਅਗੰਮੜੇ ਨੂੰ ਯਾਦ ਕਰਦਿਆਂ ਹੋਇਆਂ- ‘ਕਲਮਾਂ ਕੀ ਲੇਖਾ ਲਿਖਣਾ ਉਹਦੇ ਉਪਕਾਰਾਂ ਦਾ’, ਗੀਤ ਸੁਣਾ ਕੇ ਵਾਹਵਾ ਖੱਟੀ। ਸੰਗਤ ਨੇ ਜੈਕਾਰਿਆਂ ਰਾਹੀਂ ਇਸ ਕਵੀ ਦਰਬਾਰ ਨੂੰ ਭਰਪੂਰ ਹੁੰਗਾਰਾ ਦਿੱਤਾ।
ਡਾ. ਸੁਰਜੀਤ ਸਿੰਘ ਭੱਟੀ ਨੇ ਦੂਰੋਂ ਨੇੜਿਉਂ ਪਹੁੰਚੇ ਸਮੂਹ ਕਵੀ ਸਾਹਿਬਾਨ ਦਾ ਸੰਗਤ ਵਲੋਂ ਧੰਨਵਾਦ ਕੀਤਾ ਅਤੇ ਇਸ ਸੰਸਥਾ ਵਲੋਂ ਸ਼ੁਰੂ ਕੀਤੇ ਔਨਲਾਈਨ ਮੈਗਜ਼ੀਨ ‘ਸਾਂਝੀ ਵਿਰਾਸਤ’ ਦੀ ਜਾਣਕਾਰੀ ਦਿੰਦਿਆਂ ਹੋਇਆਂ, ਸਾਰੇ ਕਵੀਆਂ ਨੂੰ ਆਪਣੀਆਂ ਰਚਨਾਵਾਂ ਲਿਖਤੀ ਰੂਪ ਵਿੱਚ, ਇਸ ਮੈਗਜ਼ੀਨ ਲਈ ਭੇਜਣ ਦੀ ਬੇਨਤੀ ਕੀਤੀ। ਸਮਾਗਮ ਦੀ ਸਮਾਪਤੀ ਤੇ ਜੈਪੁਰ ਤੋਂ ਆਏ ਬ੍ਰਿਜਮਿੰਦਰ ਕੌਰ ਨੇ ਆਨੰਦ ਸਾਹਿਬ ਪੜ੍ਹਿਆ ਅਤੇ ਅਰਦਾਸ ਦੀ ਸੇਵਾ ਜਗਬੀਰ ਸਿੰਘ ਜੀ ਨੇ ਨਿਭਾਈ।
ਸੋ ਇਸ ਤਰ੍ਹਾਂ ਸਰੋਤਿਆਂ ਤੇ ਮਨਾਂ ਤੇ ਅਮਿੱਟ ਛਾਪ ਛੱਡਦਾ ਹੋਇਆ, ਇਹ ਕਵੀ ਦਰਬਾਰ ਸੰਪਨ ਹੋਇਆ।

ਗੁਰਦੀਸ਼ ਕੌਰ ਗਰੇਵਾਲ- ਕੈਲਗਰੀ, ਸੰਪਰਕ: 403-404-1450