Headlines

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀਆਂ ਚੋਣਾਂ ਵਿਚ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਅੱਗੇ ਆਉਣ ਦਾ ਸੱਦਾ

ਨਾਮਜ਼ਦਗੀ ਪੇਪਰ ਭਰਨ ਦੀ ਆਖਰੀ ਮਿਤੀ 5 ਫਰਵਰੀ-

ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਇਸ 5 ਮਾਰਚ ਨੂੰ ਹੋਣ ਜਾ ਰਹੀ ਹੈ। ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾਣ ਦੀ ਆਖਰੀ ਮਿਤੀ 5 ਫਰਵਰੀ ਹੈ।

ਬੀਤੇ ਦਿਨੀ ਇਹਨਾਂ ਚੋਣਾਂ ਦੇ ਸਬੰਧ ਵਿਚ ਇਕ ਮੀਟਿੰਗ  ਹੈਰੀਟੇਜ਼ ਗੁਰਦੁਆਰਾ ਸਾਹਿਬ ਵਿਖੇ ਮੌਜੂਦਾ ਪ੍ਰਧਾਨ ਸ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਬੁਲਾਈ ਗਈ। ਮੀਟਿੰਗ ਵਿਚ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਗਿੱਲ ਤੇ ਉਹਨਾਂ ਦੇ ਗਰੁੱਪ ਦੇ ਮੈਂਬਰਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪ੍ਰਧਾਨ ਜਤਿੰਦਰ ਸਿੰਘ ਗਿੱਲ ਵਲੋਂ ਪਿਛਲੇ ਸਮੇਂ ਦੌਰਾਨ ਮੌਜੂਦਾ ਕਮੇਟੀ ਵਲੋ ਕੀਤੇ ਗਏ ਕੰਮਾਂ ਅਤੇ ਯੋਜਨਾਵਾਂ ਦੀ ਵਿਸਥਾਰ ਸਹਿਤ ਰਿਪੋਰਟ ਪੇਸ਼ ਕੀਤੀ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਗੁਰੁਦੁਆਰਾ ਕਮੇਟੀ ਉਪਰ ਜੋ ਕਰਜਾ ਸੀ ਉਹ ਬੇਹਤਰੀਨ ਪ੍ਰਬੰਧਾਂ ਸਦਕਾ ਉਤਾਰ ਦਿੱਤਾ ਗਿਆ ਹੈ ਤੇ ਇਸ ਸਮੇਂ ਕਮੇਟੀ ਕੋਲ ਇਕ ਲੱਖ ਡਾਲਰ ਤੋ ਉਪਰ ਬੈਲੈਂਸ ਮੌਜੂਦ ਹੈ। ਉਹਨਾਂ ਦੱਸਿਆ ਕਿ ਕਮੇਟੀ ਅਤੇ ਸੰਗਤ ਦੀ ਸਲਾਹ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਉਪਰ ਸੁੰਦਰ ਗੁੰਬਦ ਲਗਵਾਏ ਜਾ ਰਹੇ ਹਨ। ਲੰਗਰ ਸੇਵਾ ਨੂੰ ਸਾਫ ਸੁਥਰਾ ਤੇ ਬੇਹਤਰ ਬਣਾਉਣ ਲਈ ਰੋਟੀਆਂ ਪਕਾਉਣ ਵਾਲੀ ਮਸ਼ੀਨ ਮੰਗਵਾਈ ਗਈ ਹੈ। ਇਸਤੋਂ ਇਲਾਵਾ ਗੁਰੂ ਘਰ ਲਈ ਜ਼ਮੀਨ ਦਾਨ ਕਰਨ ਵਾਲੇ ਬੱਬਰ ਕਰਮ ਸਿੰਘ ਦੌਲਤਪੁਰ ਦਾ ਬੁੱਤ ਵੀ ਤਿਆਰ ਕਰਵਾਇਆ ਗਿਆ ਹੈ ਜੋ ਸੰਗਤ ਦੀ ਸਲਾਹ ਨਾਲ ਸਥਾਪਿਤ ਕੀਤਾ ਜਾਵੇਗਾ।

ਇਸ ਮੌਕੇ ਉਹਨਾਂ ਨੇ ਮਾਰਚ ਵਿਚ ਹੋਣ ਜਾ ਰਹੀਆਂ ਚੋਣਾਂ ਦੀ ਗੱਲ ਕਰਦਿਆਂ ਮੈਂਬਰਾਂ ਨੂੰ ਖੁਲਕੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਉਹਨਾਂ ਨੇ ਗੁਰੂ ਘਰ ਦਾ ਖਰਚਾ ਬਚਾਉਣ ਲਈ ਬੜੀ ਕੋਸ਼ਿਸ਼ ਕੀਤੀ ਸੀ ਕਿ ਇਹ ਚੋਣ ਸਰਬਸੰਮਤੀ ਨਾਲ ਕਰਵਾਈ ਜਾਵੇ। ਉਹਨਾਂ ਦੱਸਿਆ ਕਿ ਉਹਨਾਂ ਨੇ ਵਿਰੋਧੀ ਧਿਰ ਨੂੰ ਖੁੱਲੇ ਮਨ ਨਾਲ ਸੱਦਾ ਦਿੱਤਾ ਸੀ ਕਿ ਰਲ ਮਿਲਕੇ ਗੁਰੂ ਘਰ ਦਾ ਪ੍ਰਬੰਧ ਚਲਾਇਆ ਜਾਵੇ ਤਾਂਕਿ ਚੋਣਾਂ ਉਪਰ ਹਜ਼ਾਰਾਂ ਡਾਲਰ ਦੇ ਖਰਚੇ ਨੂੰ ਬਚਾਇਆ ਜਾ ਸਕੇ ਪਰ ਵਿਰੋਧੀ ਧਿਰ ਨੇ  ਕਿਸੇ ਵੀ ਸਾਲਸ ਦੀ ਸਲਾਹ ਨੂੰ ਪ੍ਰਵਾਨ ਨਹੀ ਕੀਤਾ। ਉਹਨਾਂ ਕਿਹਾ ਕਿ ਮੌਜੂਦਾ ਕਮੇਟੀ ਨੇ ਗੁਰੂ ਘਰ ਦੀ ਪ੍ਰਾਪਰਟੀ ਨੂੰ ਸੁਰੱਖਿਅਤ ਰੱਖੇ ਜਾਣ ਅਤੇ ਗੁਰੂ ਘਰ ਦੇ ਨੇੜੇ ਭਵਿੱਖ ਵਿਚ ਕਿਸੇ ਬਹੁਮੰਜ਼ਲੀ ਇਮਾਰਤ ਉਸਾਰੇ ਜਾਣ ਦੀ ਯੋਜਨਾ ਨੂੰ ਧਿਆਨ ਵਿਚ ਰਖਦਿਆਂ ਗੁਰੂ ਘਰ ਦੇ ਹਿੱਤਾਂ ਨੂੰ ਤਰਜੀਹ ਦਿੱਤੇ ਜਾਣ ਦੀ ਸ਼ਰਤ ਰੱਖੀ ਗਈ ਸੀ ਪਰ ਵਿਰੋਧੀ ਧਿਰ ਨੇ ਉਸ ਸਬੰਧੀ ਕੋਈ ਹੁੰਗਾਰਾ ਨਹੀ ਭਰਿਆ। ਇਸ ਮੌਕੇ ਪ੍ਰਿੰਸੀਪਲ ਜਸਬੀਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਤੇ ਸੁਲਾਹ ਸਮਝੌਤੇ ਲਈ ਦੋਹਾਂ ਧਿਰਾਂ ਵਿਚਾਲੇ ਹੋਈ ਸਿਰੇ ਨਾ ਚੜੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ।

ਉਹਨਾਂ ਕਿਹਾ ਕਿ ਹੁਣ ਅਦਾਲਤ ਦੇ ਨਿਰਦੇਸ਼ਾਂ ਉਪਰ 5 ਮਾਰਚ ਨੂੰ ਕਮੇਟੀ ਦੀ ਚੋਣ ਅਦਾਲਤ ਦੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ। ਉਹਨਾਂ ਗੁਰਦੁਆਰਾ ਪ੍ਰਬੰਧ ਲਈ ਸਾਫ ਸੁਥਰੇ ਅਕਸ ਤੇ ਪੜੇ ਲਿਖੇ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਇਸ ਸਮੇਂ ਸੁਸਾਇਟੀ ਦੇ 8452 ਰਜਿਸਟਰਡ ਮੈਂਬਰ ਹਨ। ਅਦਾਲਤ ਦੇ ਹੁਕਮ ਮੁਤਾਬਿਕ ਕੇਵਲ 31 ਦਸੰਬਰ 2017 ਤੱਕ ਦੇ ਪ੍ਰਵਾਨਿਤ ਮੈਂਬਰ ਹੀ ਵੋਟ ਪਾ ਸਕਦੇ ਹਨ। ਸਾਲ 2018 ਤੋ ਬਾਦ ਬਣੇ ਮੈਂਬਰ ਵੋਟ ਨਹੀ ਪਾ ਸਕਣਗੇ। ਇਸ ਮੌਕੇ ਉਹਨਾਂ ਨੇ ਹਾਜ਼ਰੀਨ ਮੈਂਬਰਾਂ ਨੂੰ 5 ਮਾਰਚ ਦੀਆਂ ਚੋਣਾਂ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਦਾ ਸੱਦਾ ਦਿੰਦਿਆਂ ,ਚੰਗੇ ਤੇ ਸਾਫ ਸੁਥਰੇ ਪ੍ਰਬੰਧ ਲਈ ਸਹਿਯੋਗ ਦੀ ਅਪੀਲ ਕੀਤੀ।